ਲਖਨੌਰ


ਲਖਨੌਰ ਦੇ ਮਸੰਦਾਂ ਨੇ ਗੁਰੂ ਪਰਿਵਾਰ ਦੇ ਠਹਿਰਣ ਲਈ ਚੰਗਾ ਪ੍ਰਬੰਧ ਕਰ ਦਿਤਾ ਸੀ।

ਬਾਲਾ ਪ੍ਰੀਤਮ ਤਾਂ ਬੜੇ ਉਤਾਵਲੇ ਸਨ ਕਿ ਅੱਖ ਦੇ ਫੇਰ ਵਿਚ ਉਹ ਆਪਣੇ ਪਿਤਾ ਜੀ ਨੂੰ ਜਾ ਮਿਲਣ ਪਰ ਮੌਸਮ ਨੇ ਐਸੀ ਰੁਕਾਵਟ ਪਾਈ ਕਿ ਉਨ੍ਹਾਂ ਨੂੰ ਕਾਫ਼ੀ ਸਮਾਂ ਲਖਨੌਰ ਠਹਿਰਣਾ ਪਿਆ।

ਪਰ ਬਾਲ ਪਾਤਸ਼ਾਹ ਹਰ ਸਥਾਨ ਤੇ ਆਪਣੇ ਜੀਅ ਨੂੰ ਲਾਉਣਾ ਜਾਣਦੇ ਸਨ। ਉਨ੍ਹਾਂ ਇਥੇ ਵੀ ਆਪਣੇ ਹਾਣ ਦੇ ਮੁੰਡੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਫ਼ੌਜੀ ਸਿਖਲਾਈ ਦੇਣ ਲਗ ਗਏ।

ਗਤਕੇਬਾਜ਼ੀ ਦਾ ਰੋਜ਼ ਅਖਾੜਾ ਲਗਦਾ। ਜਿਹੜਾ ਬਾਲ ਜਿੱਤ ਜਾਂਦਾ ਉਸ ਨੂੰ ਆਪਣੇ ਕੋਲੋਂ ਇਨਾਮ ਦਿੰਦੇ। ਕੁਸ਼ਤੀਆਂ ਦਾ ਵੀ ਅਖਾੜਾ ਲਗਦਾ।

ਛੋਟੇ ਛੋਟੇ ਬਾਲ ਇਕ ਦੂਸਰੇ ਨਾਲ ਹੱਥ ਪੰਜਾ ਲੈਂਦੇ। ਸਾਰੇ ਬੱਚਿਆਂ ਨੂੰ ਗੁਲੇਲਾਂ ਬਣਾ ਕੇ ਦਿੰਦੇ ਅਤੇ ਨਿਸ਼ਾਨੇ ਫੁੰਡੇ ਜਾਂਦੇ।

ਲਖਨੌਰ ਅਤੇ ਲਾਗਲੇ ਪਿੰਡਾਂ ਦੇ ਬੱਚਿਆਂ ਵਾਸਤੇ ਤਾਂ ਹਰ ਸਮੇਂ ਮੇਲਾ ਹੀ ਲੱਗਾ ਰਹਿੰਦਾ ਸੀ।

ਗੁਰੂ ਘਰ ਦੇ ਪ੍ਰੇਮੀਆਂ ਨੂੰ ਜਦ ਪਤਾ ਲਗਾ ਤਾਂ ਉਹ ਵਹੀਰਾਂ ਘੱਤੀ ਆਉਂਦੇ, ਸੋਹਣੀਆਂ ਸੋਹਣੀਆਂ ਭੇਟਾਵਾਂ ਪੇਸ਼ ਕਰਦੇ ਅਤੇ ਨਾਮ ਦਾਨ ਦੇ ਗੱਫ਼ੇ ਲੈ ਕੇ ਨਿਹਾਲ ਹੋ ਜਾਂਦੇ।

ਲਖਨੌਰ ਉਸ ਸਮੇਂ ਕੋਈ ਚੰਗਾ ਖੂਹ ਜਾਂ ਬਾਉਲੀ ਨਹੀਂ ਸੀ। ਇਕ ਖੂਹ ਸੀ ਜਿਸ ਦਾ ਪਾਣੀ ਬੜਾ ਖਾਰਾ ਅਤੇ ਪੀਣ ਯੋਗ ਨਹੀਂ ਸੀ।

ਸਥਾਨਕ ਸੰਗਤ ਨੇ ਮਾਤਾ ਜੀ ਪਾਸ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਇਕ ਖੂਹ ਲਵਾ ਦਿੱਤਾ ਜਾਵੇ ਜਿਸਦਾ ਪਾਣੀ ਮਿੱਠਾ ਹੋਵੇ।

ਮਾਤਾ ਜੀ ਨੇ ਆਪਣੇ ਖਰਚੇ ਨਾਲ ਦਿਕ ਖੂਹ ਪੁਟਵਾਇਆ। ਇਸ ਦਾ ਪਾਣੀ ਬੜਾ ਨਿਰਮਲ ਅਤੇ ਸਵਾਦੀ ਸੀ।

ਇਸ ਤੋਂ ਉਪਰੰਤ ਇਕ ਬਾਉਲੀ ਵੀ ਤਿਆਰ ਕਰਵਾਈ ਗਈ ਤਾਂਕਿ ਆਉਂਦਾ ਜਾਂਦਾ ਰਾਹੀ ਪਾਣੀ ਤੋਂ ਪਿਆਸਾ ਨਾ ਜਾਏ।

ਜਦ ਬਾਲਾ ਪ੍ਰੀਤਮ ਲਖਨੌਰ ਵਿਖੇ ਠਹਿਰੇ ਹੋਏ ਸਨ ਤਾਂ ਪੀਰ ਭੀਖਣ ਸ਼ਾਹ ਨੂੰ ਵੀ ਪਤਾ ਲੱਗਾ। ਤੇ ਉਹ ਬਾਲਾ ਪ੍ਰੀਤਮ ਦੇ ਦਰਸ਼ਨ ਲਈ ਲਖਨੌਰ ਪਹੁੰਚ ਗਏ।

ਜਦ ਪੀਰ ਜੀ ਲਖਨੌਰ ਪਹੁੰਚੇ ਤਾਂ ਉਸ ਸਮੇਂ ਬਾਲ ਗੁਰੂ ਜੀ ਆਪਣੇ ਸਾਥੀਆਂ ਨੂੰ ਗਤਕੇ ਸਿਖਾ ਰਹੇ ਸਨ।

ਪੀਰ ਜੀ ਉਨ੍ਹਾਂ ਪਾਸ ਪਹੁੰਚੇ ਅਤੇ ਝੁਕ ਕੇ ਸੱਤ ਸਲਾਮਾਂ ਕੀਤੀਆਂ। ਗੁਰੂ ਜੀ ਨੇ ਖੇਡਣਾ ਛੱਡ ਕੇ ਪੀਰ ਜੀ ਨੂੰ ਗਲਵਕੜੀ ਪਾ ਲਈ ਅਤੇ ਆਪਣੇ ਘਰ ਲੈ ਆਏ।

ਪੀਰ ਜੀ ਨੂੰ ਉਨ੍ਹਾਂ ਬੈਠਣ ਲਈ ਆਸਣ ਦਿਤਾ ਅਤੇ ਆਪ ਉਨ੍ਹਾਂ ਦੀ ਗੋਦੀ ਵਿਚ ਜਾ ਬੈਠੇ।

ਪੀਰ ਜੀ ਦੇ ਸਾਰੇ ਸਾਥੀ ਗੁਰੂ ਜੀ ਦੇ ਇਸ ਸਨੇਹ ਅਤੇ ਪਿਆਰ ਵਲ ਵੇਖ ਕੇ ਬਹੁਤ ਖੁਸ਼ ਹੋਏ ਅਤੇ ਸਾਰਿਆਂ ਨੇ ਵਾਰੀ ਵਾਰੀ ਗੁਰੂ ਜੀ ਅੱਗੇ ਸਿਜਦਾ ਕੀਤਾ।

ਪੀਰ ਜੀ ਕੁਝ ਦਿਨ ਇਥੇ ਠਹਿਰੇ ਅਤੇ ਬਾਲਾ ਪ੍ਰੀਤਮ ਦੇ ਚੋਜ ਵੇਖ ਕੇ ਵਾਰਨੇ ਜਾਂਦੇ। ਸਤਿਸੰਗਤ ਅਤੇ ਕੀਰਤਨ ਦਾ ਆਨੰਦ ਵੀ ਮਾਣਦੇ ਰਹੇ।

ਬਾਲਾ ਪ੍ਰੀਤਮ ਦੇ ਸਾਖਿਓਂ ਮਿੱਠੇ ਬੋਲਾਂ ਨੇ ਉਨ੍ਹਾਂ ਨੂੰ ਕੀਲ ਹੀ ਲਿਆ ਸੀ। ਵਾਪਿਸ ਜਾਣ ਲਗਿਆਂ ਪੀਰ ਜੀ ਨੇ ਬਾਲਾ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਨ੍ਹਾਂ ਉਤੇ ਮਿਹਰ ਦਾ ਹੱਥ ਰਖਿਆ ਜਾਵੇ।

ਗੁਰੂ ਜੀ ਨੇ ਪ੍ਰਸੰਨ ਹੋ ਕੇ ਅਸੀਸ ਦਿੱਤੀ, 'ਪੀਰ ਜੀ! ਤੁਹਾਡਾ ਡੇਰਾ ਸਦਾ ਹੀ ਚਲਦਾ ਰਹੇਗਾ। ਹਮੇਸ਼ਾ ਇਕ ਰੱਬ ਤੇ ਭਰੋਸਾ ਰੱਖਣਾ, ਉਹ ਸਦਾ ਦਾਤਾਰ ਹੈ'।

Disclaimer Privacy Policy Contact us About us