ਜੋਤਸ਼ੀ ਜੀ ਦੀ ਭਵਿਖਵਾਣੀ


ਜਨਮ ਸਮੇਂ ਬਾਲਕ ਰੋਣ ਦੀ ਥਾਂ ਹੰਸੂ ਹੰਸੂ ਕਰਦਾ ਮੁਖੜਾ ਲੈ ਕੇ ਪ੍ਰਗਟ ਹੋਇਆ। ਬਾਲਕ ਦਾ ਰੰਗ ਗੋਰਾ ਸੀ ਤੇ ਨੈਣ ਨਕਸ਼ ਅਤੀ ਸੁੰਦਰ ਸਨ।

ਉਸ ਦੀਆਂ ਕੋਮਲ, ਗੁਲਾਬੀ ਬੁਲ੍ਹੀਆਂ ਉੱਤੇ ਇਕ ਦਿਲ ਖਿੱਚਵੀਂ ਮੁਸਕ੍ਰਾਹਟ ਸੀ ਅਤੇ ਚਿਹਰੇ ਤੇ ਅਨੋਖਾ ਨੂਰ ਸੀ।

ਉਸ ਤੇਜ ਪੂਰਨ ਮੁਖੜੇ ਤੇ ਨਜ਼ਰ ਨਾ ਟਿਕਦੀ। ਜੋ ਕੋਈ ਵੇਖਦਾ, ਉਸ ਦਾ ਸਿਰ ਆਪ ਹੀ ਬਾਲਕ ਦੇ ਚਰਨਾਂ ਤੇ ਝੁਕ ਜਾਂਦਾ।

ਬਾਲਕ ਦੇ ਜਨਮ ਤੇ ਸਾਰੇ ਪਾਸਿਓਂ ਵਧਾਈਆਂ ਮਿਲਣ ਲੱਗੀਆਂ। ਪਟਨਾ ਸਾਹਿਬ ਵਿਖੇ ਗੁਰੂ ਘਰ ਦੀਆ ਸ਼ਰਧਾਲੂ ਸੰਗਤਾਂ ਭਾਰੀ ਸੰਖਿਆ ਵਿਚ ਰਹਿੰਦੀਆਂ ਸਨ। ਉਹ ਹੁਮ ਹੁਮਾ ਕੇ ਦਰਸ਼ਨਾਂ ਲਈ ਆਉਣ ਲੱਗੀਆ।

ਮਾਤਾ ਜੀ ਦੇ ਕਹਿਣ ਤੇ ਮਾਮਾ ਕਿਰਪਾਲ ਦਾਸ ਜੀ ਨਗਰ ਦੇ ਸਭ ਤੋਂ ਪ੍ਰਸਿਧ ਜੋਤਸ਼ੀ ਜੀ ਨੂੰ ਬੁਲਾ ਲਿਆਏ।

ਜੋਤਸ਼ੀ ਜੀ ਨੇ ਸਹਿਬਜ਼ਾਦੇ ਦਾ ਜਨਮ ਲਗਨ ਵੇਖ ਕੇ ਦੱਸਿਆ ਕਿ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਤਾਂ ਕੋਈ ਅਵਤਾਰੀ ਜੀਅ ਹੈ।

ਇਸ ਦੇ ਲਗਨ ਬੜੇ ਸ੍ਰੇਸ਼ਟ ਹਨ। ਇਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਸੰਸਾਰ ਤੇ ਬੜਾ ਉਪਕਾਰ ਕਰੇਗਾ ਜਿਸ ਕਰਕੇ ਸਾਰਾ ਜਗਤ ਇਨ੍ਹਾਂ ਨੂੰ ਪੁਜੇਗਾ।

ਇਹ ਮਹਾਂਬਲੀ ਤੇ ਪ੍ਰਤਾਪਵਾਨ ਸੂਰਮਾ ਹੋਵੇਗਾ ਅਤੇ ਜ਼ਾਲਮਾਂ ਦਾ ਨਾਸ ਕਰੇਗਾ। ਇਸਦੇ ਨਾਲ ਹੀ ਇਹ ਉੱਚ ਕੋਟੀ ਦਾ ਵਿਦਵਾਨ ਹੋਵੇਗਾ।

ਇਸ ਦੇ ਅੰਦਰ ਸੰਗਠਨ ਦੀ ਅਥਾਹ ਸ਼ਕਤੀ ਹੋਵੇਗੀ। ਇਸ ਤੋਂ ਵਿਚਾਰ ਹੁੰਦਾ ਹੈ ਕਿ ਇਹ ਕੋਈ ਨਵਾਂ ਪੰਥ ਸਾਜੇਗਾ ਜਿਹੜਾ ਵਿਸ਼ੇਸ਼ ਤੇ ਸਰੇਸ਼ਟ ਗੁਣਾਂ ਦਾ ਧਾਰਨੀ ਹੋਵੇਗਾ ਅਤੇ ਦੇਸ਼ ਤੇ ਧਰਮ ਦੀ ਰੱਖਿਆ ਲਈ ਬੜੀਆਂ ਘਾਲਨਾ ਘਾਲੇਗਾ।

ਬਾਲਕ ਦੀ ਪਾਲਨਾ ਬੜੇ ਲਾਡ ਪਿਆਰ ਨਾਲ ਹੋਣ ਲੱਗੀ। ਸਮੇਂ ਬੜੇ ਨਾਜ਼ਕ ਸਨ ਇਸ ਲਈ ਉਸ ਦੀ ਸੰਭਾਲ ਬੜੀ ਚੌਕਸੀ ਨਾਲ ਕੀਤੀ ਜਾਂਦੀ।

ਜੋ ਕੋਈ ਬਾਲਕ ਦੇ ਦਰਸ਼ਨਾਂ ਲਈ ਆਉਂਦਾ, ਉਸ ਨੂੰ ਕੁੱਛੜ ਚੁਕ ਕੇ ਦੂਰੋਂ ਹੀ ਦਰਸ਼ਨ ਕਰਾ ਦਿੱਤੇ ਜਾਂਦੇ, ਕਿਸੇ ਦੇ ਹੱਥਾਂ ਵਿਚ ਨਾ ਦਿੱਤਾ ਜਾਂਦਾ।

Disclaimer Privacy Policy Contact us About us