ਕਸ਼ਮੀਰੀ ਪੰਡਿਤ


ਜਦ ਤੋਂ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਤਾਂ ਉਹ ਹਿੰਦੂਆਂ ਉਤੇ ਬਹੁਤ ਜ਼ੁਲਮ ਢਾਹ ਰਿਹਾ ਸੀ।

ਹਿੰਦੂਆਂ ਉਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਗਏ ਸਨ, ਜਦ ਕਿ ਮੁਸਲਮਾਨਾਂ ਨੂੰ ਇਸ ਬਾਰੇ ਛੋਟ ਸੀ।

ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਜਿਹੜਾ ਆਪਣੇ ਧਰਮ ਬਦਲਣ ਤੋਂ ਨਾਂਹ ਕਰਦਾ ਸੀ, ਉਸਨੂੰ ਕਤਲ ਕਰ ਦਿੱਤਾ ਜਾਂਦਾ ਸੀ।

ਹਿੰਦੂਆਂ ਵਿਚ ਬ੍ਰਾਹਮਣ ਉੱਚੀ ਜਾਤੀ ਦੇ ਮੰਨੇ ਗਏ ਸਨ। ਇਸ ਲਈ ਉਸ ਦਾ ਮੱਤ ਸੀ ਜੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਿਆ ਜਾਏ ਤਾਂ ਬਾਕੀ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ।

ਉਸ ਵੇਲੇ ਸਭ ਤੋਂ ਉੱਚੇ ਬ੍ਰਾਹਮਣ ਕਸ਼ਮੀਰੀ ਪੰਡਿਤ ਸਮਝੇ ਜਾਂਦੇ ਸਨ। ਜੇ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾ ਲਿਆ ਜਾਂਦਾ ਤਾਂ ਸਾਰੇ ਹਿੰਦੂਆਂ ਨੇ ਸਹਿਜੇ ਹੀ ਇਸਲਾਮ ਕਬੂਲ ਕਰ ਲੈਣਾ ਸੀ।

ਇਸਲਈ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇ ਨੂੰ ਹੁਕਮ ਦਿੱਤਾ ਕਿ ਉਹ ਕਸ਼ਮੀਰੀ ਬ੍ਰਾਹਮਣਾਂ ਉਤੇ ਸਖਤੀ ਕਰੇ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰੇ।

ਸੂਬਾ ਕਸ਼ਮੀਰ ਨੇ ਜਦ ਸਾਰੇ ਪੰਡਿਤਾਂ ਨੂੰ ਔਰੰਗਜ਼ੇਬ ਦਾ ਹੁਕਮ ਸੁਣਾਇਆ ਤਾਂ ਉਨ੍ਹਾਂ ਨੇ ਸੋਚਣ ਵਾਸਤੇ ਛੇ ਮਹੀਨੇ ਦੀ ਮੁਹਲਤ ਮੰਗੀ।

ਸੂਬੇ ਨੇ ਮੁਹਲਤ ਤਾਂ ਦੇ ਦਿੱਤੀ ਪਰ ਨਾਲ ਇਹ ਵੀ ਕਹਿ ਦਿੱਤਾ ਕਿ ਛੇ ਮਹੀਨੇ ਬਾਅਦ ਸਭ ਨੂੰ ਇਸਲਾਮ ਪ੍ਰਵਾਨ ਕਰਨਾ ਪਵੇਗਾ।

ਕਸ਼ਮੀਰੀ ਪੰਡਿਤ ਹੁਣ ਬੜੀ ਮੁਸ਼ਕਲ ਵਿਚ ਫਸ ਗਏ। ਉਹ ਪੰਜ ਮਹੀਨੇ ਤਕ ਭੱਜ ਨੱਠ ਕਰਦੇ ਰਹੇ, ਪਰ ਉਨ੍ਹਾਂ ਦਾ ਮਸਲਾ ਹੱਲ ਨਾ ਹੋ ਸਕਿਆ।

ਉਹ ਸਾਰੇ ਪਹਾੜੀ ਰਾਜਿਆਂ ਨੂੰ ਵੀ ਮਿਲੇ ਪਰ ਉਹ ਕਿਸੇ ਪ੍ਰਕਾਰ ਦੀ ਵੀ ਮਦਦ ਕਰਨ ਨੂੰ ਤਿਆਰ ਨਹੀਂ ਸਨ।

ਇਸੇ ਦੌਰਾਨ ਕਿਸੇ ਵਿਅਕਤੀ ਨੇ ਉਨ੍ਹਾਂ ਨੇ ਇਹ ਸਲਾਹ ਦਿੱਤੀ ਕਿ ਉਹ ਸਿੱਖਾਂ ਦੇ ਨੌਵੇਂ ਗੁਰੂ ਜੀ ਪਾਸ ਜਾਣ।

ਉਹ ਬਹੁਤ ਕਿਰਪਾਲੂ ਅਤੇ ਦਿਆਲੂ ਹਨ, ਤੁਹਾਡੀ ਮਦਦ ਜ਼ਰੂਰ ਕਰਨਗੇ। ਇਸ ਲਈ ਕਸ਼ਮੀਰੀ ਪੰਡਿਤਾਂ ਦਾ ਪ੍ਰਤੀਨਿਧ ਮੰਡਲ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਆ ਮਿਲਿਆ ਅਤੇ ਆਪਣੇ ਦੁਖ ਦੀ ਸਾਰੀ ਵਿਥਿਆ ਆ ਸੁਣਾਈ।

ਗੁਰੂ ਸਾਹਿਬ ਡੂੰਘੀਆਂ ਸੋਚਾਂ ਵਿਚ ਡੁੱਬ ਗਏ। ਉਨ੍ਹਾਂ ਸਾਹਮਣੇ ਹੁਣ ਇਹ ਸਵਾਲ ਸੀ ਕਿ ਜੇ ਉਹ ਇਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਦੱਸਣਗੇ ਤਾਂ ਇਹ ਸਾਰੇ ਮੁਸਲਮਾਨ ਬਣ ਜਾਣਗੇ ਅਤੇ ਬਾਕੀ ਹਿੰਦੂ ਕੌਮ ਤਾਂ ਅੱਗੇ ਹੀ ਡੂੰਘੀ ਖਾਈ ਵਿਚ ਡਿੱਗ ਚੁੱਕੀ ਹੈ।

ਉਹ ਵੀ ਇਨ੍ਹਾਂ ਵਾਂਗ ਆਪਣੇ ਧਰਮ ਨੂੰ ਤਿਆਗਣ ਵਿਚ ਕੋਈ ਉਜਰ ਨਹੀਂ ਕਰਨਗੇ।

ਇਸ ਲਈ ਉਨ੍ਹਾਂ ਨੇ ਸੋਚ ਕੇ ਕਿਹਾ, 'ਭਾਈ ਲੋਕੋ ਇਹ ਸੰਕਟ ਤਦ ਹੀ ਟਲ ਸਕਦਾ ਹੈ ਜੇ ਇਸ ਦਾ ਵਿਰੋਧ ਕੀਤਾ ਜਾਵੇ, ਇਸ ਦਾ ਮੁਕਾਬਲਾ ਕੀਤਾ ਜਾਵੇ ਜਾਂ ਕੋਈ ਮਹਾਨ ਪੁਰਖ ਇਸ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਏ ਅਤੇ ਆਪਣੇ ਸੀਸ ਦੀ ਬਲੀ ਦੇਣ ਤੋਂ ਵੀ ਨਾ ਘਬਰਾਏ'।

ਸਾਹਿਬਜ਼ਾਦਾ ਗੋਬਿੰਦ ਰਾਏ ਵੀ ਉਸ ਸਮੇਂ ਆਪਣੇ ਗੁਰਦੇਵ ਪਿਤਾ ਜੀ ਪਾਸ ਬੈਠੇ ਸਨ। ਉਸ ਸਮੇਂ ਉਨ੍ਹਾਂ ਦੀ ਉਮਰ ਨੌਂ ਸਾਲ ਦੇ ਕਰੀਬ ਸੀ।

ਉਹ ਕਸ਼ਮੀਰੀ ਪੰਡਿਤਾਂ ਦੇ ਦੁੱਖ ਦੀ ਕਹਾਣੀ ਅਤੇ ਆਪਣੇ ਗੁਰਦੇਵ ਪਿਤਾ ਜੀ ਦਾ ਉੱਤਰ ਵੀ ਸੁਣ ਚੁਕੇ ਸਨ।

ਸਭ ਕੁਝ ਸੁਣ ਕੇ ਉਹ ਬੋਲੇ, 'ਤੁਹਾਡੇ ਨਾਲੋਂ ਵੱਡਾ ਹੋਰ ਕਿਹੜਾ ਮਹਾਂਪੁਰਖ ਹੋ ਸਕਦਾ ਹੈ?'

ਗੁਰੂ ਤੇਗ ਬਹਾਦਰ ਜੀ ਭਾਵੇਂ ਆਪਣੇ ਆਪ ਨੂੰ ਬਹੁਤ ਵੱਡਾ ਮਹਾਂਪੁਰਖ ਨਹੀਂ ਸਨ ਸਮਝਦੇ, ਪਰ ਆਪਣੇ ਸਪੁੱਤਰ ਦੀ ਗੱਲ ਸੁਣ ਕੇ ਪ੍ਰਸੰਨ ਹੋ ਗਏ।

ਉਨ੍ਹਾਂ ਕਸਮੀਰੀ ਪੰਡਿਤਾਂ ਨੂੰ ਕਿਹਾ, 'ਜਾਓ, ਸੂਬੇ ਨੂੰ ਕਹਿ ਦਿਓ ਜੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲੀ ਲਈ ਰਾਜ਼ੀ ਕਰ ਸਕਦਾ ਹੈ ਤਾਂ ਉਹ ਸਾਰੇ ਆਪਣਾ ਧਰਮ ਬਦਲ ਲੈਣਗੇ ਅਤੇ ਖੁਸ਼ੀ ਖੁਸ਼ੀ ਇਸਲਾਮ ਕਬੂਲ ਕਰ ਲੈਣਗੇ'।

ਕਸ਼ਮੀਰੀ ਪੰਡਿਤ ਖੁਸ਼ ਹੋ ਗਏ। ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਉਹ ਚਲਦੇ ਬਣੇ।

ਪਰ ਆਨੰਦਪੁਰ ਸਾਹਿਬ ਵਿਚ ਜਿਹੜਾ ਆਨੰਦ ਦਾ ਪ੍ਰਵਾਹ ਚਲਦਾ ਸੀ ਉਸ ਵਿਚ ਵਿਘਨ ਪੈ ਗਿਆ।

ਗੁਰੂ ਸਾਹਿਬ ਨੇ ਉਸ ਸਮੇਂ ਤੋਂ ਹੀ ਦਿੱਲੀ ਪੁਜਣ ਦੀ ਤਿਆਰੀ ਕਰ ਦਿੱਤੀ।

ਕੁਝ ਦਿਨਾਂ ਪਿਛੋਂ ਹੀ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਉਹ ਦਿੱਲੀ ਵਲ ਚਲ ਪਏ।

Disclaimer Privacy Policy Contact us About us