ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ


ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੇਸ਼ ਵਿਚੋਂ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਵਲ ਚਲ ਪਏ।

ਔਰੰਗਜ਼ੇਬ ਨੇ ਕਸ਼ਮੀਰ ਦੇ ਗਵਰਨਰ ਦੀ ਰਿਪੋਰਟ ਪੜ੍ਹਦਿਆਂ ਹੀ ਗੁਰੂ ਸਾਹਿਬ ਨੂੰ ਕੈਦ ਕਰਨ ਵਾਸਤੇ ਹੁਕਮ ਦੇ ਦਿੱਤਾ।

ਸਿਪਾਹੀ ਜਦ ਕੈਦ ਕਰਨ ਆਨੰਦਪੁਰ ਸਾਹਿਬ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਪਹਿਲਾਂ ਹੀ ਦਿੱਲੀ ਵਲ ਚਲੇ ਗਏ ਹਨ।

ਗੁਰੂ ਸਾਹਿਬ ਦੇ ਪਹਿਲਾਂ ਚਲਣ ਦਾ ਅਸਲ ਕਾਰਨ ਇਹ ਸੀ ਕਿ ਕਿਸੇ ਤਰ੍ਹਾਂ ਪਹਿਲਾਂ ਔਰੰਗਜ਼ੇਬ ਨਾਲ ਮਿਲ ਕੇ ਗੱਲ ਕੀਤੀ ਜਾਵੇ ਅਤੇ ਉਸਨੂੰ ਅਜਿਹਾ ਜ਼ੁਲਮ ਕਰਨ ਤੋਂ ਰੋਕਿਆ ਜਾਵੇ।

ਪਰ ਔਰੰਗਜ਼ੇਬ ਉਸ ਸਮੇਂ ਦਿੱਲੀ ਨਹੀਂ ਸੀ। ਉਹ ਉਸ ਸਮੇਂ ਰਾਵਲਪਿੰਡੀ ਵਲ ਪਠਾਣਾਂ ਨੂੰ ਸੋਧਣ ਗਿਆ ਹੋਇਆ ਸੀ।

ਗੁਰੂ ਜੀ ਪ੍ਰਚਾਰ ਕਰਦੇ ਕਰਦੇ ਜਦ ਆਗਰੇ ਪੁਜੇ ਤਾਂ ਉਥੇ ਸਾਥੀਆਂ ਸਮੇਤ ਕੈਦ ਕਰ ਲਏ ਗਏ ਅਤੇ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ।

ਦਿੱਲੀ ਪਹੁੰਚ ਕੇ ਗੁਰੂ ਜੀ ਨੇ ਨਗਰ ਦੇ ਬਾਹਰ ਇਕ ਬਗੀਚੀ ਵਿਚ ਜਾ ਉਤਾਰਾ ਕਿਤਾ। ਬਾਦਸ਼ਾਹ ਨੂੰ ਉਨ੍ਹਾਂ ਦੇ ਆਉਣ ਦੀ ਖ਼ਬਰ ਮਿਲ ਗਈ ਸੀ।

ਉਸ ਨੇ ਆਪਣੇ ਸਿਪਾਹੀ ਬਗੀਚੀ ਦੇ ਦੁਆਲੇ ਨੀਯਤ ਕਰ ਦਿੱਤੇ, ਜਾਣੋ ਗੁਰੂ ਜੀ ਨੂੰ ਇਕ ਤਰ੍ਹਾਂ ਨਾਲ ਨਜ਼ਰਬੰਦ ਕਰ ਲੀਤਾ।

ਫਿਰ ਉਸ ਨੇ ਕੁਝ ਕਾਜ਼ੀ ਤੇ ਮੌਲਵੀ ਗੁਰੂ ਜੀ ਪਾਸ ਭੇਜੇ ਤਾਂ ਜੋ ਉਹ ਗੁਰੂ ਸਾਹਿਬ ਨਾਲ ਧਰਮ ਚਰਚਾ ਕਰਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਪ੍ਰੇਰਤ ਕਰਨ।

ਗੁਰੂ ਜੀ ਦੀ ਉਨ੍ਹਾਂ ਮੌਲਵੀਆਂ ਨਾਲ ਕਈ ਦਿਨ ਧਰਮ ਚਰਚਾ ਚਲਦੀ ਰਹੀ।

ਗੁਰੂ ਜੀ ਨੇ ਉਨ੍ਹਾਂ ਨੂੰ ਦਸਿਆਂ ਕਿ ਸਾਰੇ ਬ੍ਰਹਿਮੰਡ ਦਾ ਖ਼ੁਦਾ ਇਕ ਹੈ। ਕੇਵਲ ਉਸ ਦੇ ਨਾਂ ਵੱਖ ਵੱਖ ਧਰਮਾਂ ਵਾਲਿਆਂ ਨੇ ਵੱਖ ਵੱਖ ਰਖ ਲਏ ਹਨ। ਸਾਰੇ ਧਰਮਾਂ ਦੀ ਮੰਜ਼ਲ ਵੀ ਇਕੋ ਹੈ, ਆਦਰਸ਼ ਵੀ ਇਕੋ ਹੈ, ਫਿਰ ਇਕ ਧਰਮ ਵਾਲਿਆਂ ਨੂੰ ਦੂਜਾ ਧਰਮ ਧਾਰਨ ਕਰਨ ਲਈ ਮਜਬੂਰ ਕਰਨ ਦਾ ਕੀ ਲਾਭ ਹੈ?

ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੇਰਨਾ ਜਾਂ ਪਿਆਰ ਨਾਲ ਜੇ ਕੋਈ ਆਪਣਾ ਮਜ਼ਹਬ ਬਦਲ ਲੈਂਦਾ ਹੈ, ਤਾਂ ਇਸ ਵਿਚ ਕੋਈ ਬੁਰਾਈ ਨਹੀਂ ਪਰ ਕਿਸੇ ਦਾ ਜ਼ਬਰਦਸਤੀ ਧਰਮ ਬਦਲਣਾ ਪਾਪ ਹੈ। ਸੋ ਤੁਸੀਂ ਆਪਣੇ ਬਾਦਸ਼ਾਹ ਨੂੰ ਸਮਝਾਵੋ ਕਿ ਉਹ ਅਜਿਹਾ ਪਾਪ ਕਰਨਾ ਛੱਡ ਦੇਵੇ।

ਮੌਲਵੀਆਂ ਤੇ ਕਾਜ਼ੀਆਂ ਕੋਲੋਂ ਗੁਰੂ ਜੀ ਦੇ ਬਚਨਾਂ ਦਾ ਕੋਈ ਜਵਾਬ ਨਾ ਦਿੱਤਾ ਗਿਆ, ਇਸ ਕਰਕੇ ਉਹ ਹੰਕਾਰੇ ਬੰਦੇ ਚਿੜ ਗਏ ਤੇ ਔਰੰਜਜ਼ੇਬ ਦੇ ਜਾ ਕੰਨ ਭਰੇ ਕਿ ਤੇਗ ਬਹਾਦਰ ਬੜਾ ਅੜੀਅਲ ਹੈ, ਉਹ ਮੁਸਲਮਾਨ ਬਨਣ ਲਈ ਤਿਆਰ ਨਹੀਂ, ਸਗੋਂ ਉਹ ਇਸਲਾਮ ਨੂੰ ਦੂਜੇ ਧਰਮਾਂ ਦੇ ਬਰਾਬਰ ਆਖਦਾ ਹੈ।

ਇਹ ਇਸਲਾਮ ਦਾ ਅਪਮਾਨ ਹੈ ਤੇ ਇਸ ਅਪਮਾਨ ਲਈ ਤੇਗ ਬਹਾਦਰ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ।

ਔਰੰਗਜ਼ੇਬ ਇਹ ਸੁਣ ਕੇ ਲੋਹਾ ਲਾਖਾ ਹੋ ਗਿਆ। ਉਸ ਦਾ ਸੁਪਨਾ ਟੁੱਟ ਗਿਆ ਸੀ। ਉਸ ਨੇ ਕਹਿਰ ਵਿਚ ਭਰ ਕੇ ਉਸੇ ਵੇਲੇ ਆਪਣੇ ਜੱਲਾਦ ਭੇਜ ਦਿੱਤੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬਹੁਤ ਤਸੀਹੇ ਦਿੱਤੇ ਕਿ ਉਹ ਇਸਲਾਮ ਕਬੂਲ ਕਰ ਲੈਣ।

ਪਰ ਉਨ੍ਹਾਂ ਦੇ ਨਾ ਮੰਨਣ ਉਤੇ ਉਨ੍ਹਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ।

ਭਾਈ ਸਤੀ ਦਾਸ ਦੇ ਸਰੀਰ ਦੇ ਦੁਆਲੇ ਰੂੰ ਬੰਨ੍ਹ ਕੇ ਉਨ੍ਹਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ।

ਪਰ ਗੁਰੂ ਤੇਗ ਬਹਾਦਰ ਜੀ ਤੇ ਇਨ੍ਹਾਂ ਘਟਨਾਵਾਂ ਦਾ ਕੋਈ ਪ੍ਰਭਾਵ ਨਾ ਪਿਆ। ਉਹ ਜ਼ਰਾ ਭਰ ਨਾ ਡੋਲੇ।

ਉਨ੍ਹਾਂ ਨੇ ਹਾਕਮਾਂ ਨੂੰ ਇਹੋ ਕਿਹਾ, 'ਤੁਸੀਂ ਜੋ ਕੁਝ ਕਰਨਾ ਹੈ ਕਰੋ, ਮੈਂ ਆਪਣਾ ਧਰਮ ਬਦਲਣ ਲਈ ਤਿਆਰ ਨਹੀਂ'।

ਜਦ ਗੁਰੂ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਤਾਂ ਉਨ੍ਹਾਂ ਨੂੰ ਉਸ ਥਾਂ ਤੇ ਜਿਥੇ ਗੁਰਦੁਆਰਾ ਸੀਸ ਗੰਜ ਹੈ, ਲਿਆ ਕੇ ਸੀਸ ਧੜ ਨਾਲੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਗਿਆ।

Disclaimer Privacy Policy Contact us About us