ਸੀਸ ਅਤੇ ਧੜ ਦਾ ਸਸਕਾਰ


ਜਦ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕੀਤਾ ਗਿਆ ਅਤੇ ਉਨ੍ਹਾਂ ਦਾ ਸੀਸ ਅਤੇ ਧੜ ਵੱਖ ਵੱਖ ਪਏ ਸਨ ਤਾਂ ਹਾਕਮਾਂ ਨੇ ਚਾਰ ਚੁਫੇਰੇ ਪਹਿਰਾ ਲਾ ਦਿੱਤਾ ਤਾਂਕਿ ਕੋਈ ਵੀ ਸਿੱਖ ਧੜ ਜਾਂ ਸੀਸ ਨੂੰ ਉਠਾ ਨਾ ਸਕੇ।

ਕਈ ਸਿੱਖ ਇਹ ਕੌਤਕ ਵੇਖ ਅਤਿ ਦੁਖੀ ਸਨ ਪਰ ਏਨੇ ਪਹਿਰੇ ਵਿਚ ਸੀਸ ਨੂੰ ਚੁਕਣ ਦਾ ਕਿਸੇ ਦਾ ਦਾਅ ਨਹੀਂ ਲਵ ਰਿਹਾ ਸੀ।

ਪਰ ਜਦ ਕੁਝ ਭੀੜ ਹੌਲੀ ਹੌਲੀ ਤਾਂ ਅਚਣਚੇਤ ਹਵਾ ਦੇ ਵਰੋਲੇ ਵਾਂਗ ਭਾਈ ਜੈਤਾ ਅਤੇ ਭਾਈ ਦੂਲੋ ਸੀਸ ਚੁਕ ਕੇ ਇਸ ਤਰ੍ਹਾਂ ਅਲੋਪ ਹੋ ਗਏ ਕਿ ਕਿਸੇ ਸਿਪਾਹੀ ਨੂੰ ਆਵਾਜ਼ ਮਾਰਨ ਦਾ ਵੀ ਮੌਕਾ ਨਾ ਦਿੱਤਾ, ਕੁਝ ਸਮਾਂ ਬਾਅਦ ਜਦ ਉਨ੍ਹਾਂ ਨੇ ਸੀਸ ਨਾ ਵੇਖਿਆ ਤੇ ਚਾਰ ਚੁਫੇਰੇ ਸਿਪਾਹੀ ਭਿਜਵਾਏ।

ਉਸ ਸਮੇਂ ਤਕ ਭਾਈ ਜੈਤਾ ਅਤੇ ਦੂਲੋ ਦਿੱਲੀ ਵਿਚੋਂ ਨਿਕਲ ਚੁੱਕੇ ਸਨ।

ਦੋ ਦਿਨ ਅਤੇ ਦੋ ਰਾਤਾਂ ਸਫ਼ਰ ਕਰਦੇ ਉਹ ਕੀਰਤਪੁਰ ਸਾਹਿਬ ਪੁਜੇ। ਉਥੇ ਜਾ ਕੇ ਉਨ੍ਹਾਂ ਨੇ ਸਾਰਾ ਸਮਾਚਾਰ ਆਨੰਦਪੁਰ ਸਾਹਿਬ ਭੇਜਿਆ।

ਅਗਲੇ ਦਿਨ ਜਦ ਉਹ ਸੀਸ ਲੈ ਕੇ ਆਨੰਦਪੁਰ ਸਾਹਿਬ ਪੁਜੇ ਤਾਂ ਬਾਲਾ ਗੁਰੂ, ਮਾਤਾ ਜੀ ਅਤੇ ਹੋਰ ਸਿੱਖ ਸੰਗਤਾਂ ਅੱਗੇ ਵਧ ਕੇ ਸੀਸ ਲੈਣ ਆਈਆਂ।

ਬਾਲਾ ਪ੍ਰੀਤਮ ਬੜੇ ਦ੍ਰਿੜ੍ਹ ਅਤੇ ਅਡੋਲ ਰਹੇ, ਉਨ੍ਹਾਂ ਨੇ ਭਾਈ ਜੈਤਾ ਅਤੇ ਭਾਈ ਦੂਲੋ ਨੂੰ ਥਾਪੜਾ ਦਿੱਤਾ ਅਤੇ ਉਨ੍ਹਾਂ ਦੀ ਦਲੇਰੀ ਦੀ ਉਪਮਾ ਕੀਤੀ।

ਗੁਰੂ ਸਾਹਿਬ ਦੇ ਸੀਸ ਦਾ ਆਨੰਦਪੁਰ ਵਿਖੇ ਸਸਕਾਰ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੇ ਧੜ ਨੂੰ ਇਕ ਲੁਬਾਣਾ ਸਿੱਖ ਲੱਖੀ ਸ਼ਾਹ ਬੜੀ ਹੁਸ਼ਿਆਰੀ ਨਾਲ ਕਪਾਹ ਦੇ ਗੱਡੇ ਵਿਚ ਰੱਖ ਕੇ ਲੈ ਗਿਆ ਅਤੇ ਆਪਣੇ ਘਰ ਵਿਚ ਜਾ ਕੇ ਚਿਤਾ ਸਜਾ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ।

ਗੁਰੂ ਤੇਗ ਬਹਾਦਰ ਜੀ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਉਣ ਵਾਲੀ ਭਿਆਨਕ ਮੁਹਿੰਮ ਵਾਸਤੇ ਤਿਆਰ ਕੀਤਾ।

ਉਨ੍ਹਾਂ ਦਾ ਸਿੱਖਾਂ ਵਾਸਤੇ ਸਭ ਤੋਂ ਵੱਡਾ ਸਬਕ ਸੀ ਉਨ੍ਹਾਂ ਦਾ ਸੱਚਾ ਜੀਵਨ ਤੇ ਬੇਖੌਫ਼ ਮੌਤ।

ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਆਪਣੇ ਦੇਸ਼ ਅਤੇ ਕੌਮ ਵਾਸਤੇ ਕੁਰਬਾਨੀ ਦੇਣਾ ਇਸ ਦੁਨੀਆਂ ਵਿਚ ਸਭ ਤੋਂ ਉੱਤਮ ਕ੍ਰਿਆ ਹੈ। ਮੌਤ ਤੋਂ ਡਰਨ ਵਾਲੇ ਜੀਉਂਦੇ ਹੋਏ ਵੀ ਮਰੇ ਹੁੰਦੇ ਹਨ।

Disclaimer Privacy Policy Contact us About us