ਫ਼ੌਜਾਂ ਦੀ ਭਰਤੀ ਕਰਨੀ


ਔਕੜਾਂ ਅਤੇ ਤਿਆਰੀ- ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਖ਼ਬਰ ਜਦੋਂ ਪੰਜਾਬ ਪਹੁੰਚੀ, ਤਾਂ ਸਿਖਾਂ ਵਿਚ ਬੜਾ ਜੋਸ਼ ਫੈਲ ਗਿਆ।

ਬਾਲ ਗੋਬਿੰਦ ਜੀ ਹੁਣ ਗੁਰ-ਗੱਦੀ ਤੇ ਬਿਰਾਜਮਾਨ ਸਨ ਤੇ ਸਿੱਖਾਂ ਦੀ ਅਗਵਾਈ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਤੇ ਆ ਪਈ ਸੀ।

ਉਹਨਾਂ ਨੇ ਸਿੱਖਾਂ ਵਿਚ ਪੈਦਾ ਹੋਏ ਇਸ ਰੋਹ ਨੂੰ ਸੰਗਠਤ ਰੂਪ ਵਿਚ ਲਿਆਉਣ ਤੇ ਉਸ ਨੂੰ ਇਕ ਵਿਸ਼ੇਸ਼ ਸੇਧ ਦੇਣ ਦਾ ਨਿਸਚਾ ਕੀਤਾ।

ਇਹ ਸੇਧ ਸੀ, ਸਿੱਖਾਂ ਨੂੰ ਇਕ ਬਲਵਾਨ ਸੈਨਿਕ ਜੱਥੇਬੰਦੀ ਦਾ ਰੂਪ ਦੇਣਾ।

ਗੋਬਿੰਦ ਰਾਏ ਜੀ ਦੀ ਆਯੂ ਭਾਵੇਂ ਕੇਵਲ ਨੋਵਾਂ ਵਰਿਆਂ ਦੀ ਸੀ ਪਰ ਆਪ ਬੜੇ ਦੂਰ ਦ੍ਰਿਸ਼ਟਾ ਸਨ।

ਆਪ ਨੇ ਇਹ ਜਾਣ ਲਿਆ ਕਿ ਮੁਗ਼ਲ ਰਾਜ ਇਕ ਸੈਨਿਕ ਰਾਜ ਹੈ। ਸੈਨਾ ਦੇ ਸਹਾਰੇ ਇਹ ਲੋਕਾਂ ਤੇ ਜ਼ੁਲਮ ਕਰਦਾ ਹੈ।

ਸੈਨਾ ਦਾ ਮੁਕਾਬਲਾ ਕੋਈ ਸੈਨਿਕ ਸ਼ਕਤੀ ਹੀ ਕਰ ਸਕਦੀ ਹੈ। ਇਸ ਕਰਕੇ ਜ਼ੁਲਮ ਤੇ ਜ਼ਬਰ ਦਾ ਅੰਤ ਕਰਨ ਲਈ ਤਲਵਾਰ ਉਠਾਉਣਾ ਜ਼ਰੂਰੀ ਹੋ ਗਿਆ ਹੈ।

ਇਹ ਸੋਚ ਕੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਨਿਯਮਤ ਰੂਪ ਵਿਚ ਸੈਨਿਕ ਸਿਖਲਾਈ ਦਿਵਾਉਣੀ ਸ਼ੁਰੂ ਕੀਤੀ।

ਇਸ ਕੰਮ ਵਿਚ ਇਕ ਵੱਡੀ ਔਕੜ ਸ਼ਸਤਰਾ ਦੀ ਸੀ। ਇਸ ਦੇ ਲਈ ਸਿੱਖ ਸੰਗਤਾਂ ਨੂੰ ਆਗਿਆ ਕੀਤੀ ਗਈ ਕਿ ਅਗੋਂ ਤੋਂ ਗੁਰੂ ਦਰਸ਼ਨਾਂ ਲਈ ਆਉਂਦੇ ਸਮੇਂ ਜੇ ਕੋਈ ਭੇਟਾ ਲਿਆਉਣੀ ਹੋਵੇ ਤਾਂ ਇਹ ਵਧੀਆ ਕਿਸਮ ਦੇ ਸ਼ਸਤਰਾਂ ਜਾਂ ਘੋੜਿਆਂ ਦੇ ਰੂਪ ਵਿਚ ਹੋਇਆ ਕਰੇ।

ਇਸ ਆਗਿਆ ਦੇ ਸਿੱਟੇ ਵਜੋਂ ਗੁਰੂ ਸਾਹਿਬ ਕੋਲ ਹੌਲੀ ਹੌਲੀ ਵਧੀਆਂ ਕਿਸਮ ਦੇ ਸ਼ਸਤਰ ਅਤੇ ਉੱਚੀ ਨਸਲ ਦੇ ਘੋੜੇ ਇਕੱਤ੍ਰ ਹੋਣ ਲੱਗੇ।

ਸੈਨਿਕ ਸਿਖਲਾਈ ਦੇ ਨਾਲ ਨਾਲ ਸਿੱਖਾਂ ਦਾ ਜੋਸ਼ ਤੇ ਮਨੋ ਬਲ ਉੱਚਾ ਰਖਣ ਲਈ ਗੁਰੂ ਜੀ ਨੇ ਬੀਰ ਰਸੀ ਸਾਹਿਤ ਦੀ ਰਚਨਾ ਕਰਨੀ ਤੇ ਕਰਾਉਣੀ ਸ਼ੁਰੂ ਕੀਤੀ।

ਸਾਹਿਤ ਦਾ, ਵਿਸ਼ੇਸ਼ ਕਰਕੇ ਕਵਿਤਾ ਦਾ ਲੋਕਾਂ ਦੇ ਮਨ ਤੇ ਡੂੰਘਾ ਅਸਰ ਹੁੰਦਾ ਹੈ।

ਗੁਰੂ ਜੀ ਨੇ ‘ਚੰਡੀ ਦੀ ਵਾਰ' ਦੇ ਨਾਂ ਹੇਠ ਇਕ ਅਤੀ ਸੁੰਦਰ ਤੇ ਜੋਸ਼ੀਲੀ ਕਾਵਿ ਰਚਨਾ ਕੀਤੀ। ਇਸੇ ਤਰ੍ਹਾਂ ਉਨ੍ਹਾਂ ਦੇ ਦਰਬਾਰ ਦੇ ਵੱਡੇ ਵੱਡੇ ਕਵੀਆਂ ਪਾਸੋਂ ਵੀ ਬੀਰ ਰਸ ਦੀਆਂ ਭਰੀਆਂ ਉੱਤਮ ਰਚਨਾਵਾਂ ਕਰਵਾਈਆਂ।

ਢਾਡੀ ਲੋਕ ਇਹਨਾਂ ਬੀਰ ਰਸੀ ਵਾਰਾਂ ਨੂੰ ਬੜੇ ਜੋਸ਼ੀਲੇ ਢੰਗ ਨਾਲ ਗਾ ਕੇ ਲੋਕਾਂ ਨੂੰ ਸੁਣਾਉਂਦੇ।

ਇਸ ਤਰ੍ਹਾਂ ਆਨੰਦਪੁਰ ਦੇ ਸ਼ਾਂਤ ਤੇ ਅਧਿਆਤਮਕ ਵਾਤਾਵਰਣ ਉਤੇ ਹੁਣ ਬੀਰਤਾ, ਜੋਸ਼ ਅਤੇ ਉਮਾਹ ਦਾ ਰੰਗ ਚੜ੍ਹ ਪਿਆ।

Disclaimer Privacy Policy Contact us About us