ਰਾਜਾ ਰਤਨ ਰਾਇ


ਜਿਸ ਸਮੇਂ ਨੌਵੇਂ ਗੁਰੂ ਆਸਾਮ ਗਏ ਸਨ, ਉਸ ਵੇਲੇ ਆਸਾਮ ਦਾ ਰਾਜਾ ਰਾਮ ਰਾਏ ਆਪ ਜੀ ਦਾ ਸ਼ਰਧਾਲੂ ਬਣਿਆ ਸੀ।

ਗੁਰੂ ਜੀ ਦੇ ਵਰ ਤੇ ਉਸ ਦੇ ਘਰ ਪੁੱਤਰ ਰਤਨ ਪੈਦਾ ਹੋਇਆ। ਰਾਜੇ ਨੇ ਉਸ ਦਾ ਨਾਂ ਰਤਨ ਰਾਇ ਰਖਿਆ।

ਜਦੋਂ ਰਤਨ ਰਾਇ ਸੱਤਾਂ ਸਾਲਾਂ ਦਾ ਹੋਇਆ ਤਾਂ ਉਸ ਦਾ ਪਿਤਾ ਚਲਾਣਾ ਕਰ ਗਿਆ ਤੇ ਉਹ ਗੱਦੀ ਦਾ ਮਾਲਕ ਬਣਿਆ।

ਜਦੋਂ ਰਤਨ ਰਾਇ ਬਾਰ੍ਹਾਂ ਵਰਿਆਂ ਦਾ ਸੀ ਤਾਂ ਉਹ ਸੰਨ 1680 ਈ: ਵਿਚ ਆਪਣੀ ਮਾਤਾ ਨਾਲ ਕਲਗੀਧਰ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਆਇਆ।

ਉਹ ਗੁਰੂ ਜੀ ਲਈ ਬੜੀਆਂ ਕੀਮਤੀ ਤੇ ਅਦੁੱਤੀ ਸੁਗਾਤਾਂ ਲਿਆਇਆ। ਉਨ੍ਹਾਂ ਵਿਚੋਂ ਇਕ ਖ਼ਾਸ ਸੁਗਾਤ ਪ੍ਰਸਾਦੀ ਹਾਥੀ ਸੀ ਜਿਸ ਦੀ ਸੁੰਡ ਦੇ ਸਿਰੇ ਤੋਂ ਪੁਛ ਦੀ ਨੋਕ ਤਕ ਚਿੱਟੀ ਧਾਰੀ ਸੀ ਤੇ ਜਿਸ ਨੂੰ ਅਨੇਕਾਂ ਤਰ੍ਹਾਂ ਦੀ ਸੇਵਾ ਕਰਨ ਦੀ ਸਿਖਲਾਈ ਕਰਾਈ ਗਈ ਸੀ।

ਇਹ ਹਾਥੀ ਗੁਰੂ ਸਾਹਿਬ ਦੀਆਂ ਜੁੱਤੀਆਂ ਵੀ ਸਾਫ ਕਰਦਾ ਸੀ, ਪਾਉਣ ਵਾਸਤੇ ਪੈਰਾਂ ਅੱਗੇ ਵੀ ਲਿਆ ਧਰਦਾ ਸੀ। ਸੁੰਡ ਵਿਚ ਪਾਣੀ ਭਰ ਕੇ ਪੈਰ ਵੀ ਧੋਂਦਾ ਸੀ।

ਜੇ ਗੁਰੂ ਸਾਹਿਬ ਤੀਰ ਚਲਾਉਂਦੇ ਸਨ ਤਾਂ ਇਹ ਹਾਥੀ ਵਾਪਿਸ ਫੜ ਲਿਆਉਂਦਾ ਸੀ। ਰਾਤ ਸਮੇਂ ਇਹ ਮਸ਼ਾਲ ਸੁੰਡ ਵਿਚ ਫੜ ਕੇ ਅਗਵਾਈ ਕਰਦਾ ਸੀ।

ਇਸ ਹਾਥੀ ਦੇ ਸੁੰਡ ਦੇ ਸਿਰੇ ਤੋਂ ਲੈ ਕੇ ਮੱਥੇ ਅਤੇ ਕਮਰ ਉਤੋਂ ਦੀ ਹੁੰਦੀ ਹੋਈ ਪੂਛ ਦੇ ਸਿਰੇ ਤਕ ਦੁੱਧ ਦੀ ਚਿੱਟੀ ਧਾਰੀ ਸੀ।

ਇਸ ਤੋਂ ਇਲਾਵਾ ਪੰਜ ਕਲਾ ਸ਼ਸਤਰ ਸੀ- ਬਰਛੀ, ਗੁਰਜ, ਤਲਵਾਰ, ਨੇਜ਼ਾ ਤੇ ਪਿਸਤੌਲ।

ਇਕ ਚਹੁੰ ਪੁਤਲੀਆਂ ਵਾਲੀ ਚੰਨਣ ਦੀ ਚੌਂਕੀ ਸੀ, ਮੋਤੀਆਂ ਦੀ ਮਾਲਾ ਸੀ, ਜਿਗ੍ਹਾ ਕਲਗੀ ਤੇ ਚਾਂਦੀ ਦਾ ਕੀਮਤੀ ਕਟੋਰਾ ਸੀ।

ਦਸ਼ਮੇਸ਼ ਜੀ ਨੇ ਰਾਜਾ ਰਤਨ ਰਾਇ ਨੂੰ ਸਿੱਖੀ ਦਾਨ ਤੇ ਨਾਮ ਦਾਨ ਦੀ, ਬਖ਼ਸ਼ਸ਼ ਕੀਤੀ।

ਉਹ ਪੰਜ ਮਹੀਨੇ ਆਨੰਦਪੁਰ ਟਿਕਿਆ ਰਿਹਾ ਤੇ ਗੁਰੂ ਜੀ ਦੇ ਦਰਸ਼ਨਾਂ ਤੇ ਸੰਗਤ ਦਾ ਆਨੰਦ ਮਾਣਦਾ ਰਿਹਾ।

Disclaimer Privacy Policy Contact us About us