ਨਾਹਨ


ਆਨੰਦਪੁਰ ਦਾ ਨਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਿਆਸਤ ਕਾਹਲੂਰ ਦੇ ਰਾਜੇ ਭੀਮ ਚੰਦ ਪਾਸੋਂ ਜ਼ਮੀਨ ਮੁੱਲ ਲੈ ਕੇ ਵਸਾਇਆ ਸੀ। ਉਹ ਆਨੰਦਪੁਰ ਨੂੰ ਆਪਣੇ ਅਧੀਨ ਸਮਝਦਾ ਸੀ।

ਦਸਮ ਗੁਰੂ ਜੀ ਦਾ ਵਧਦਾ ਤੇਜ ਪ੍ਰਤਾਪ ਅਤੇ ਠਾਠ ਬਾਠ ਵੇਖ ਕੇ ਭੀਮ ਚੰਦ ਦਿਲ ਵਿਚ ਬੜਾ ਸੜਦਾ ਸੀ। ਉਸ ਨੂੰ ਅੰਦਰੋਂ ਡਰ ਵੀ ਲਗਦਾ ਸੀ ਕਿ ਗੁਰੂ ਜੀ ਤਾਕਤ ਫੜ ਕੇ ਕਿਧਰੇ ਉਹਦੀ ਰਿਆਸਤ ਤੇ ਹੀ ਕਬਜ਼ਾ ਨਾ ਕਰ ਲੈਣ।

ਇਸ ਕਰਕੇ ਉਹ ਉਨ੍ਹਾਂ ਦੀ ਸ਼ਕਤੀ ਨੂੰ ਟੋਹਣ ਲਈ ਕੋਈ ਨਾ ਕੋਈ ਛੇੜਖਾਨੀ ਕਰਦਾ ਰਹਿੰਦਾ ਸੀ।

ਇਧਰ ਗੁਰੂ ਜੀ ਅਮਨ ਤੇ ਸ਼ਾਂਤੀ ਦੇ ਚਾਹਵਾਨ ਸਨ ਤਾਂ ਜੋ ਸਿੱਖ ਕੌਮ ਨੂੰ ਉਸਾਰੂ ਕਾਰਜਾਂ ਲਈ ਤਿਆਰ ਕਰ ਸਕਣ।

ਉਹ ਭੀਮ ਚੰਦ ਨਾਲ ਕਿਸੇ ਜੰਗ ਵਿਚ ਉਲਝਣਾ ਨਹੀਂ ਸਨ ਚਾਹੁੰਦੇ ਪਰ ਨਾਲ ਹੀ ਉਹਦੀ ਈਨ ਵੀ ਮੰਨਣ ਲਈ ਉਹ ਤਿਆਰ ਨਹੀਂ ਸਨ।

ਇਸ ਲਈ ਜਦੋਂ ਉਹਨਾਂ ਨੇ ਸੁਣਿਆ ਕਿ ਭੀਮ ਚੰਦ ਗੁਆਂਢੀ ਰਾਜਿਆਂ ਨੂੰ ਉਹਨਾਂ ਦੇ ਵਿਰੁਧ ਭੜਕਾਉਣ ਤੇ ਯੁੱਧ ਵਾਸਤੇ ਆਪਣੇ ਨਾਲ ਗੰਢਣ ਦੇ ਜਤਨ ਕਰ ਰਿਹਾ ਹੈ ਤਾਂ ਆਪ ਨੇ ਵੀ ਫ਼ੌਜੀ ਤਿਆਰੀ ਦਾ ਕੰਮ ਤੇਜ਼ ਕਰ ਦਿਤਾ।

ਪਹਾੜ ਦੀ ਇਕ ਹੋਰ ਰਿਆਸਤ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ। ਉਸ ਦੀ ਸ੍ਰੀ ਨਗਰ ਦੇ ਰਾਜੇ ਫ਼ਤਿਹ ਚੰਦ ਨਾਲ ਕੁਝ ਖੁੜਬਾ ਖੜਬੀ ਚਲਦੀ ਸੀ।

ਉਸ ਨੇ ਸੋਚਿਆ ਕਿ ਜੇ ਗੁਰੂ ਜੀ ਮੇਰੀ ਰਿਆਸਤ ਵਿਚ ਆ ਟਿਕਣ ਤਾਂ ਇਕ ਪਾਸੇ ਉਹਨਾਂ ਨੂੰ ਅਮਨ ਤੇ ਏਕਾਂਤ ਮਿਲ ਜਾਏਗਾ ਤੇ ਦੂਜੇ ਪਾਸੇ ਫ਼ਤਿਹ ਚੰਦ ਦੇ ਵਿਰੁੱਧ ਮੇਰਾ ਪੱਖ ਭਾਰਾ ਹੋ ਜਾਏਗਾ।

ਇਹ ਸੋਚ ਕੇ ਉਸ ਨੇ ਗੁਰੂ ਜੀ ਪਾਸ ਬੇਨਤੀ ਕਰ ਭੇਜੀ ਕਿ ਕੁਝ ਚਿਰ ਮੇਰੇ ਪਾਸ ਆ ਟਿਕੋ।

ਗੁਰੂ ਜੀ ਵੀ ਸਾਹਿਤ ਰਚਨਾ ਤੇ ਸੈਨਿਕ ਤਿਆਰੀ ਲਈ ਸ਼ਾਂਤੀ ਤੇ ਇਕਾਂਤ ਚਾਹੁੰਦੇ ਸਨ, ਇਸ ਲਈ ਉਹ ਰਾਜਾ ਮੇਦਾਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਨਾਹਨ ਵਲ ਗਏ।

ਰਾਜੇ ਨੇ ਬੜੇ ਆਦਰ ਭਾ ਨਾਲ ਆਪ ਦਾ ਸੁਆਗਤ ਕੀਤਾ ਤੇ ਆਪਣੇ ਮਹਿਲਾਂ ਵਿਚ ਆਪ ਦਾ ਉਤਾਰਾ ਕੀਤਾ।

ਨਾਹਨ ਰਹਿੰਦੇ ਹੋਏ ਆਪ ਨੇ ਰਾਜੇ ਨਾਲ ਪਰਬਤਾਂ ਦੀ ਸੈਰ ਕੀਤੀ ਤੇ ਸ਼ਿਕਾਰ ਖੇਡਣ ਜਾਂਦੇ ਰਹੇ।

ਰਾਜਾ ਮੇਦਾਨੀ ਪ੍ਰਕਾਸ਼ ਦੀ ਬੇਨਤੀ ਤੇ ਗੁਰੂ ਜੀ ਨੇ ਕਿਆਰ ਦੂਨ ਵਿਚ ਜਮਨਾ ਦੇ ਕੰਢੇ ਤੇ ਪਾਉਂਟਾ ਨਗਰ ਵਸਾਇਆ।

ਇਹ ਬੜਾ ਰਮਣੀਕ ਸਥਾਨ ਸੀ। ਇਥੇ ਰਹਿੰਦੇ ਹੋਏ ਆਪ ਨੇ ਸਾਹਿਤ ਰਚਨਾ ਦਾ ਕਾਰਜ ਸਰਗਰਮੀ ਨਾਲ ਅਗਾਂਹ ਤੋਰਿਆ।

ਇਥੇ ਨਿਵਾਸ ਦੇ ਦੌਰਾਨ ਸ੍ਰੀ ਨਗਰ ਦਾ ਰਾਜਾ ਫ਼ਤਿਹ ਸ਼ਾਹ ਆਪ ਦੇ ਦਰਸ਼ਨਾਂ ਨੂੰ ਆਇਆ।

ਗੁਰੂ ਜੀ ਨੇ ਰਾਜਾ ਮੇਦਾਨੀ ਪ੍ਰਕਾਸ਼ ਤੇ ਰਾਜਾ ਫ਼ਤਿਹ ਸ਼ਾਹ ਦੋਹਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਵੈਰ ਹਟਾਇਆ ਤੇ ਮਿੱਤਰਤਾ ਬਣਾਈ।

ਰਾਜਾ ਫ਼ਤਿਹ ਸ਼ਾਹ ਨੇ ਮੇਦਾਨੀ ਪ੍ਰਕਾਸ਼ ਦਾ ਦਬਾਇਆ ਹੋਇਆ ਇਲਾਕਾ ਉਸ ਨੂੰ ਵਾਪਸ ਦੇ ਦਿੱਤਾ।

Disclaimer Privacy Policy Contact us About us