ਸ੍ਰੀ ਰਾਮਰਾਇ ਨਾਲ ਮੁਲਾਕਾਤ


ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਸਪੁੱਤਰ ਸ੍ਰੀ ਰਾਮ ਰਾਇ ਪਾਉਂਟੇ ਦੇ ਨੇੜੇ ਡੇਹਰਾਦੂਨ ਵਿਖੇ ਰਹਿੰਦਾ ਸੀ। ਉਹ ਗੁਰੂ ਘਰ ਤੋਂ ਛੇਕਿਆ ਹੋਇਆ ਸੀ।

ਗੁਰੂ ਜੀ ਦਾ ਤੇਜ ਪ੍ਰਤਾਪ ਤੇ ਫ਼ੌਜੀ ਤਿਆਰੀ ਵੇਖ ਕੇ ਉਸ ਨੂੰ ਡਰ ਭਾਸਿਆ ਕਿ ਗੁਰੂ ਜੀ ਕਿਤੇ ਮੇਰੇ ਤੇ ਨਾ ਵਾਰ ਕਰਨ।

ਉਸ ਦੇ ਮਸੰਦ ਵੀ ਉਸ ਦੇ ਵਿਰੁੱਧ ਹੋ ਰਹੇ ਸਨ। ਸੋਚ ਸਾਚ ਕੇ ਉਸ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਨਿਸਚਾ ਕੀਤਾ।

ਪਰ ਉਹ ਆਪ ਗੁਰੂ ਬਣਿਆ ਬੈਠਾ ਸੀ। ਜੇ ਉਹ ਗੁਰੂ ਜੀ ਨੂੰ ਮਿਲਣ ਆਉਂਦਾ ਤਾਂ ਉਸ ਦੇ ਚੇਲੇ ਉਸ ਨਾਲ ਵਿਗੜ ਖਲੋਂਦੇ।

ਉਹ ਇਹ ਵੀ ਯੋਗ ਨਹੀਂ ਸੀ ਸਮਝਦਾ ਕਿ ਗੁਰੂ ਜੀ ਮੈਨੂੰ ਦਰਸ਼ਣ ਦੇਣ ਲਈ ਮੇਰੇ ਨਿਵਾਸ ਤੇ ਚਲ ਕੇ ਆਉਣ।

ਇਸ ਲਈ ਉਸ ਨੇ ਦਰਿਆ ਜਮਨਾ ਵਿਚ ਇਕ ਬੇੜੀ ਅੰਦਰ ਗੁਰੂ ਜੀ ਨਾਲ ਭੇਟ ਕੀਤੀ।

ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਬਿਰਧ ਹੋ ਚੁਕਾ ਹਾਂ। ਮੇਰੇ ਬਾਅਦ ਮੇਰੀ ਪਤਨੀ ਦੇ ਸਿਰ ਤੇ ਆਪ ਹੱਥ ਰਖਣਾ।

ਕੁਝ ਸਮਾਂ ਪਿਛੋਂ ਇਕ ਦਿਨ ਰਾਮ ਰਾਇ ਸਮਾਧੀ ਵਿਚ ਲੀਨ ਸੀ।

ਗੁਰੂ ਜੀ ਡੇਹਰਾਦੂਨ ਗਏ। ਆਪ ਨੇ ਉਸ ਦੀ ਸੁਪਤਨੀ ਮਾਈ ਪੰਜਾਬ ਕੌਰ ਨੂੰ ਧਰਵਾਸ ਦਿੱਤੀ ਅਤੇ ਵਿਗੜੇ ਹੋਏ ਮਸੰਦਾਂ ਨੂੰ ਚੰਗੀ ਤਰ੍ਹਾਂ ਸੋਧਿਆ।

ਪਾਉਂਟੇ ਵਿਚ ਚੰਗੀਆਂ ਰੌਣਕਾਂ ਲੱਗ ਗਈਆਂ। ਇਥੇ ਧਰਮ ਪ੍ਰਚਾਰ ਵੀ ਹੁੰਦਾ, ਸਾਹਿਤ ਰਚਨਾ ਵੀ ਹੁੰਦੀ ਅਤੇ ਸੈਨਿਕ ਸਿਖਲਾਈ ਵੀ ਕਰਾਈ ਜਾਂਦੀ।

ਦੂਰ ਦੂਰ ਤੋਂ ਸੰਗਤਾਂ, ਸਾਧੂ, ਵਿਦਵਾਨ ਅਤੇ ਸੂਰਮੇ ਆਉਂਦੇ ਅਤੇ ਦਰਸ਼ਨ ਕਰਕੇ ਨਿਹਾਲ ਹੁੰਦੇ।

Disclaimer Privacy Policy Contact us About us