ਵਿਆਹ ਅਤੇ ਸੰਤਾਨ


ਵਿਦਵਾਨਾਂ ਦਾ ਮਤ ਹੈ ਕਿ ਦਸਮ ਗੁਰੂ ਜੀ ਦੇ ਤਿੰਨ ਵਿਆਹ ਹੋਏ ਸਨ।

ਆਪ ਦਾ ਪਹਿਲਾ ਵਿਆਹ ਲਾਹੌਰ ਦੇ ਰਹਿਣ ਵਾਲੇ ਸ੍ਰੀ ਗੁਰੂ ਹਰਿ ਜਸ ਸੁਭਿਖੀਏ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਨਾਲ ਸੰਮਤ 1734 ਵਿਚ ਹੋਇਆ।

ਸ੍ਰੀ ਹਰਿਜਸ ਦੀ ਇੱਛਾ ਸੀ ਕਿ ਆਪ ਰੀਤ ਅਨੁਸਾਰ ਸ੍ਰੀ ਦਸਮੇਸ਼ ਜੀ ਜੰਞ ਨਾਲ ਲਾਹੌਰ ਢੁੱਕਣ।

ਪਰ ਗੁਰੂ ਜੀ ਨੇ ਜਿਹੜੇ ਮਹਾਨ ਕਾਰਜ ਸ਼ੁਰੂ ਕੀਤੇ ਹੋਏ ਸਨ, ਉਹਨਾਂ ਦੇ ਰੁਝੇਵਿਆਂ ਕਾਰਨ ਆਪ ਲਈ ਲਾਹੌਰ ਜਾਣਾ ਬੜਾ ਕਠਨ ਸੀ।

ਆਪ ਜੀ ਨੇ ਸ੍ਰੀ ਹਰਿਜਸ ਦੀ ਸਹੂਲਤ ਤੇ ਠਹਿਰਨ ਲਈ ਆਨੰਦਪੁਰ ਤੋਂ ਸਤ ਕੋਹ ਦੂਰ ਉੱਤਰ ਵੰਨੇ ਇਕ ਵਚਿੱਤਰ ਨਗਰ ਰਚ ਦਿੱਤਾ ਜਿਸ ਦਾ ਨਾਂ ‘ਗੁਰੂ ਕਾ ਲਾਹੌਰ' ਰਖਿਆ।

ਇਥੇ ਆਪ ਜੰਞ ਲੈ ਕੇ ਢੁੱਕੇ ਤੇ ਆਪ ਦਾ ਮਾਤਾ ਜੀਤੋ ਜੀ ਨਾਲ ਵਿਆਹ ਹੋਇਆ।

ਮਾਤਾ ਜੀਤੋ ਜੀ ਦਾ ਨਾਂ ਅੰਮ੍ਰਿਤ ਛਕਣ ਉਪਰੰਤ ਮਾਤਾ ਅਜੀਤ ਕੌਰ ਰਖਿਆ ਗਿਆ।

ਆਪ ਜੀ ਦੀ ਕੁੱਖ ਤੋਂ ਤਿੰਨ ਸਪੁੱਤਰ ਪੈਦਾ ਹੋਏ- ਸੰਮਤ 1747 ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸੰਮਤ 1753 ਵਿਚ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸੰਮਤ 1756 ਵਿਚ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ।

ਮਾਤਾ ਅਜੀਤ ਕੌਰ ਜੀ ਦਾ ਦੇਹਾਂਤ ਸੰਮਤ 1757 ਵਿਚ ਆਨੰਦਪੁਰ ਵਿਖੇ ਹੋਇਆ। ਉਥੇ ਆਪ ਜੀ ਦਾ ਦੇਹਰਾ ‘ਅਗੰਮਪੁਰ' ਦੇ ਨਾਮ ਨਾਲ ਪ੍ਰਸਿੱਧ ਹੈ।

ਦਸਮ ਗੁਰੂ ਜੀ ਦਾ ਦੂਜਾ ਵਿਆਹ ਲਾਹੌਰ ਦੇ ਵਸਨੀਕ ਸ੍ਰੀ ਰਾਮ ਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ 7 ਵਿਸਾਖ 1741 ਨੂੰ ਹੋਇਆ।

ਆਪ ਜੀ ਦੀ ਕੁੱਖ ਤੋਂ ਗੁਰੂ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਮਾਘ ਸੁਦੀ 4 ਸੰਮਤ 1743 ਨੂੰ ਜਨਮ ਹੋਇਆ।

ਦਸਮ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸੁੰਦਰੀ ਜੀ ਪੰਥ ਦੀ ਅਗਵਾਈ ਕਰਦੇ ਰਹੇ ਅਤੇ ਸਿੱਖਾਂ ਵਿਚ ਆਪ ਦਾ ਹੁਕਮ ਚਲਦਾ ਰਿਹਾ।

ਆਪ ਨੇ ਹੀ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਗ੍ਰੰਥੀ ਥਾਪ ਕੇ ਭੇਜਿਆ ਸੀ।

ਆਪ ਦਾ ਦੇਹਾਂਤ ਸੰਮਤ 1804 ਵਿਚ ਦਿੱਲੀ ਵਿਖੇ ਹੋਇਆ। ਆਪ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਸੀਸ ਗੰਜ ਦੇ ਕੋਲ ਸੀ।

ਦਸਮੇਸ਼ ਜੀ ਦੀ ਤੀਸਰੀ ਸ਼ਾਦੀ ਜ਼ਿਲ੍ਹਾ ਜੇਹਲਮ ਦੇ ਨਗਰ ਰੁਹਤਾਸ ਦੇ ਰਹਿਣ ਵਾਲੇ ਸ੍ਰੀ ਰਾਮ ਬੱਸੀ ਖੱਤਰੀ ਦੀ ਸਪੁੱਤਰੀ ਮਾਤਾ ਸਾਹਿਬ ਦੇਵੀ ਜੀ ਨਾਲ ਸੰਮਤ 1757 ਵਿਚ ਹੋਈ।

ਪਰ ਇਹ ਵਿਆਹ ਇਕ ਆਤਮਕ ਮੇਲ ਸੀ, ਸੰਸਾਰਕ ਨਹੀਂ।

ਗੱਲ ਇਸ ਤਰ੍ਹਾਂ ਹੋਈ ਕਿ ਸੰਮਤ 1757 ਵਿਚ ਜਦੋਂ ਮਾਤਾ ਅਜੀਤ ਕੌਰ ਜੀ ਦਾ ਦੇਹਾਂਤ ਹੋਇਆ ਤਦ ਮਾਤਾ ਸਾਹਿਬ ਦੇਵੀ ਜੀ ਦੇ ਪਿਤਾ ਸ੍ਰੀ ਰਾਮ ਬੱਸੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਆਪਣੀ ਧੀ ਨੂੰ ਪੈਦਾ ਹੋਣ ਤੇ ਹੀ ਆਪ ਦੇ ਅਰਪਣ ਕੀਤਾ ਹੋਇਆ ਹੈ, ਆਪ ਇਸ ਦਾ ਰਿਸ਼ਤਾ ਪ੍ਰਵਾਨ ਕਰੋ।

ਸਭ ਲੋਕ ਇਸ ਨੂੰ ਮਾਤਾ ਜੀ ਕਹਿੰਦੇ ਹਨ। ਆਪ ਤੋਂ ਬਿਨਾ ਕੋਈ ਇਸ ਨਾਲ ਵਿਆਹ ਨਹੀਂ ਕਰੇਗਾ।

ਗੁਰੂ ਜੀ ਨੇ ਜਵਾਬ ਦਿੱਤਾ ਕਿ ਅਸੀਂ ਹੁਣ ਬ੍ਰਮਚਰਜ ਧਾਰਨ ਕਰ ਲੀਤਾ ਹੈ ਅਤੇ ਆਪਣਾ ਸਾਰਾ ਧਿਆਨ ਤੇ ਸ਼ਕਤੀ ਦੇਸ਼ ਤੇ ਧਰਮ ਦੀ ਸੇਵਾ ਵਲ ਲਾ ਦਿੱਤੀ ਹੈ, ਇਸ ਲਈ ਅਸੀਂ ਸੰਸਾਰਕ ਰੂਪ ਵਿਚ ਤਾਂ ਸੰਬੰਧ ਨਹੀਂ ਜੋੜ ਸਕਦੇ।

ਇਕ ਰਾਹ ਹੈ, ਜੇਕਰ ਤੁਹਾਡੀ ਪੁੱਤਰੀ ਸਾਰੀ ਆਯੂ ਬ੍ਰਮਚਾਰਨੀ ਰਹਿ ਸਕਦੀ ਹੈ ਕੇਵਲ ਆਤਮਕ ਮੇਲ ਪ੍ਰਵਾਨ ਕਰ ਸਕਦੀ ਹੈ ਤਾਂ ਤੁਹਾਡੀ ਖ਼ੁਸ਼ੀ ਲਈ ਅਸੀਂ ਉਸ ਨੂੰ ਵਰ ਲਵਾਂਗੇ।

ਸੋ ਇਹ ਵਿਆਹ ਆਤਮਕ ਸੰਬੰਧਾਂ ਵਾਲਾ ਸੀ। ਇਸੇ ਕਰਕੇ ਮਾਤਾ ਸਾਹਿਬ ਦੇਵੀ ਜੀ ਨੂੰ ਇਤਿਹਾਸਕਾਰਾਂ ਨੇ ‘ਕੁਆਰਾ ਡੋਲਾ' ਕਰਕੇ ਲਿਖਿਆ ਹੈ। ਆਪ ਵਿਆਹ ਕਰਕੇ ਵੀ ਸਾਰੀ ਆਯੂ ਕੁਆਰੇ ਰਹੇ।

ਬਾਅਦ ਵਿਚ ਜਦੋਂ ਆਪ ਨੇ ਅੰਮ੍ਰਿਤ ਛਕਿਆਂ ਤਾਂ ਆਪ ਦਾ ਨਾਂ ਮਾਤਾ ਸਾਹਿਬ ਕੌਰ ਬਣ ਗਿਆ।

ਦਸਮ ਗੁਰੂ ਜੀ ਨੇ ਖ਼ਾਲਸਾ ਪੰਥ ਆਪ ਦੀ ਝੋਲੀ ਵਿਚ ਪਾਇਆ। ਇਹੀ ਕਾਰਨ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਧਾਰੀ ਸਿੱਖ ਨੂੰ ਦਸਿਆ ਜਾਂਦਾ ਹੈ ਕਿ ਅਜ ਤੋਂ ਤੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸ੍ਰੀ ਸਾਹਿਬ ਕੌਰ ਜੀ ਬਣ ਗਏ ਹਨ।

ਮਾਤਾ ਸਾਹਿਬ ਕੌਰ ਜੀ ਗੁਰੂ ਜੀ ਨਾਲ ਦੱਖਣ ਯਾਤਰਾ ਤੇ ਗਏ ਸਨ।

ਜਦੋਂ ਗੁਰੂ ਜੀ ਨੇ ਆਪਣਾ ਸਚਖੰਡ ਵਾਪਸੀ ਦਾ ਸਮਾਂ ਆਇਆ ਜਾਣਿਆ ਤਾਂ ਆਪ ਨੇ ਇਹਨਾਂ ਨੂੰ ਦਿੱਲੀ ਮਾਤਾ ਸੁੰਦਰੀ ਜੀ ਪਾਸ ਭੇਜ ਦਿੱਤਾ।

ਉਥੇ ਹੀ ਆਪ ਦਾ ਦੇਹਾਂਤ ਹੋਇਆ। ਆਪ ਦੀ ਸਮਾਧ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਦੇਹਰੇ ਕੋਲ ਹੈ।

ਕਈ ਇਤਿਹਾਸਕਾਰਾਂ ਦਾ ਮਤ ਹੈ ਕਿ ਮਾਤਾ ਅਜੀਤ ਕੌਰ ਜੀ ਦਾ ਹੀ ਦੂਸਰਾ ਨਾਂ ਮਾਤਾ ਸੁੰਦਰੀ ਜੀ ਸੀ ਅਤੇ ਚਾਰੇ ਸਾਹਿਬਜ਼ਾਦੇ ਆਪ ਜੀ ਦੀ ਕੁੱਖ ਤੋਂ ਹੀ ਉਤਪੰਨ ਹੋਏ।

ਪੰਥ ਵਿਚ ਬਹੁਤੀ ਮਾਣਤਾ ਇਸੇ ਮਤ ਦੀ ਹੈ। ਕਿਉਂ ਜੋ ਮਾਤਾ ਸਾਹਿਬ ਕੌਰ ਜੀ ਨਾਲ ਦਸਮੇਸ਼ ਜੀ ਦਾ ਸੰਬੰਧ ਕੇਵਲ ਆਤਮਕ ਸੀ, ਇਸ ਲਈ ਸੰਸਾਰਕ ਰੂਪ ਵਿਚ ਆਪ ਜੀ ਦਾ ਇਕੋ ਵਿਆਹ ਮਾਤਾ ਅਜੀਤ ਕੋਰ (ਮਾਤਾ ਸੁੰਦਰੀ ਜੀ) ਨਾਲ ਹੋਇਆ ਹੀ ਸਮਝਣਾ ਚਾਹੀਦਾ ਹੈ।

Disclaimer Privacy Policy Contact us About us