ਪੀਰ ਬੁੱਧੂ ਸ਼ਾਹ


ਸੱਯਦ ਬੁੱਧੂ ਸ਼ਾਹ ਸਢੌਰੇ ਦੇ ਰਹਿਣ ਵਾਲੇ ਸਨ। ਉਹ ਖੁਲ੍ਹੇ ਖਿਆਲਾਂ ਦੇ ਸੂਫ਼ੀ ਫ਼ਕੀਰ ਸਨ ਅਤੇ ਉਨ੍ਹਾਂ ਦੇ ਸਾਹਮਣੇ ਹਿੰਦੂ ਮੁਸਲਮਾਨ ਬਰਾਬਰ ਸਨ।

ਉਨ੍ਹਾਂ ਪਾਸ ਇਕ ਬਹੁਤ ਵੱਡੀ ਜਗੀਰ ਸੀ ਅਤੇ ਹਜ਼ਾਰਾਂ ਹੀ ਚੇਲੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਸਨ।

ਜਗੀਰ ਦੀ ਆਮਦਨ ਤੋਂ ਉਹ ਹਰ ਸਮੇਂ ਹਿੰਦੂਆਂ ਅਤੇ ਮੁਸਲਮਾਨਾਂ ਵਾਸਤੇ ਖੁਲ੍ਹੇ ਲੰਗਰ ਲਾ ਛੱਡਦੇ ਸਨ।

ਉਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਸ਼ਰਧਾਲੂ ਸਨ ਅਤੇ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਿਰਾਜਮਾਨ ਗੁਰੂ ਗੋਬਿੰਦ ਰਾਏ ਜੀ ਪਾਉਂਟਾ ਸਾਹਿਬ ਵਿਖੇ ਆ ਗਏ ਹਨ ਤਾਂ ਉਨ੍ਹਾਂ ਦੇ ਮਨ ਵਿਚ ਇਹ ਪਰਬਲ ਰੀਝ ਪੈਦਾ ਹੋਈ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ।

ਪਾਉਂਟਾ ਸਾਹਿਬ ਉਨ੍ਹਾਂ ਦੇ ਨਗਰ ਸਢੌਰਾ ਤੋਂ ਕੇਵਲ ਸੋਲ੍ਹਾਂ ਮੀਲ ਦੇ ਫਾਸਲੇ ਉੱਤੇ ਹੀ ਸੀ। ਇਸ ਲਈ ਗੁਰੂ ਸਾਹਿਬ ਨੂੰ ਮਿਲਣ ਦਾ ਇਹ ਵਧੀਆ ਮੌਕਾ ਸੀ।

ਸੱਯਦ ਜੀ ਆਪਣੇ ਸੈਂਕੜੇ ਚੇਲੇ ਬਾਲਿਆਂ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਪੁੱਜੇ। ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਅਤੇ ਇਲਾਹੀ ਕੀਰਤਨ ਦਾ ਪਰਵਾਹ ਚੱਲ ਰਿਹਾ ਸੀ।

ਸੱਯਦ ਸਾਹਿਬ ਜਦ ਗੁਰੂ ਜੀ ਦੇ ਸਨਮੁੱਖ ਹੋਏ ਤਾਂ ਉਨ੍ਹਾਂ ਦਾ ਗੁਰੂ ਜੀ ਅੱਗੇ ਸਿਰ ਨਿਵਾਉਣ ਦਾ ਹੌਂਸਲਾ ਨਾ ਪਿਆ।

ਜਿਸ ਵਿਅਕਤੀ ਨੂੰ ਰੋਜ਼ ਸੈਂਕੜੇ ਲੋਕ ਸਿਜਦੇ ਕਰਦੇ ਸਨ, ਭਲਾ ਉਹ ਕਿਸੇ ਹੋਰ ਅੱਗੇ ਸਿਰ ਨਿਵਾ ਸਕਦਾ ਸੀ?

ਗੁਰੂ ਜੀ ਨੇ ਜਦ ਉਨ੍ਹਾਂ ਨੂੰ ਵੇਖਿਆ ਤਾ ਉਨ੍ਹਾਂ ਦੇ ਮਨ ਦੇ ਦਵੰਦ ਨੂੰ ਸਮਝ ਲਿਆ। ਉਨ੍ਹਾਂ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਬੜੇ ਆਦਰ ਨਾਲ ਬੈਠਣ ਵਾਸਤੇ ਕਿਹਾ।

ਉਨ੍ਹਾਂ ਦਾ ਹਾਲ ਚਾਲ ਪੁਛਿਆ ਅਤੇ ਉਨ੍ਹਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਮੁਸਕਰਾ ਪਏ।

ਪੀਰ ਜੀ ਵੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਉਨ੍ਹਾ ਗੁਰੂ ਜੀ ਨੂੰ ਕਿਹਾ, 'ਮੇਰੇ ਮਨ ਵਿਚ ਹਰ ਵੇਲੇ ਇਹ ਖਿਆਲ ਘੁੰਮਦਾ ਰਹਿੰਦਾ ਹੈ ਕਿ ਅੱਲਾ ਨਾਲ ਮਿਲਾਪ ਕਿਵੇਂ ਹੋਏ'।

ਗੁਰੂ ਜੀ ਨੇ ਫ਼ੁਰਮਾਇਆ, 'ਅੱਲਾ ਤਾਂ ਜ਼ੱਰੇ ਜ਼ੱਰੇ ਵਿਚ ਵੱਸਦਾ ਹੈ, ਹਰ ਮਨੁੱਖ ਦੇ ਅੰਦਰ ਵੱਸਦਾ ਹੈ, ਪਰ ਅਸੀਂ ਆਪਣੀ ਸੌੜੀ ਜਿਹੀ ਦੁਨੀਆਂ ਵਿਚ ਹੀ ਗਵਾਚ ਜਾਂਦੇ ਹਾਂ।

ਅਗਿਆਨਤਾ ਕਾਰਨ ਅਸੀਂ ‘ਮੇਰੀ-ਮੇਰੀ' ਵਿਚ ਫਸ ਜਾਂਦੇ ਹਾਂ ਅਤੇ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਾਂ।

ਜਦ ਸਾਡੇ ਅੰਦਰ ਅੱਲਾ ਦੇ ਦਰਮਿਆਨ ਉਸਰੀ ਹੋਈ ਹਉਮੈ ਦੀ ਕੰਧ ਢਹਿ ਜਾਂਦੀ ਹੈ ਤਾਂ ਅਸੀਂ ਖੁਦ ਅੱਲਾ ਦਾ ਰੂਪ ਹੋ ਜਾਂਦੇ ਹਾਂ, ਭਾਵ ਅੱਲਾ ਨੂੰ ਅਸੀਂ ਪਾ ਲੈਂਦੇ ਹਾਂ।

ਪਰ ਜੇ ਇਕ ਪਾਸੇ ਮਾਇਆ ਦੇ ਮੋਹ ਵਿਚ ਫਸੇ ਰਹੀਏ ਅਤੇ ਦੂਸਰੇ ਪਾਸੇ ਭਾਵੇਂ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਕਿੰਨੀਆਂ ਵੀ ਘੋਰ ਤਪੱਸਿਆਵਾਂ ਕਰੀਏ, ਪਰ ਫਿਰ ਵੀ ਅਸੀਂ ਅੱਲਾ ਤੋਂ ਦੂਰ ਹੀ ਰਹਿੰਦੇ ਹਾਂ।

ਸਾਡਾ ਦਿਲ ਅੱਲਾ ਨੂੰ ਮਿਲਣ ਲਈ ਨਹੀਂ ਕਰਦਾ, ਬਲਕਿ ਉਸ ਪਾਸੋਂ ਦਾਤਾਂ ਮੰਗਣ ਨੂੰ ਜੀਅ ਕਰਦਾ ਹੈ।

ਅਸੀਂ ਧਨ ਦੌਲਤ, ਪੁੱਤਰ, ਰੁਤਬੇ ਅਤੇ ਚੌਧਰ ਮੰਗਦੇ ਹਾਂ।

ਪਰ ਜਦ ਸਾਡੇ ਮਨ ਵਿਚੋਂ ਸਭ ਖ਼ਾਹਿਸ਼ਾਂ ਮੁੱਕ ਜਾਂਦੀਆਂ ਹਨ, ਸਾਡੇ ਵਿਚੋਂ ਹਉਮੈ ਅਲੋਪ ਹੋ ਜਾਂਦੀ ਹੈ ਅਤੇ ਅਸੀਂ ‘ਮੇਰਾ-ਮੇਰਾ' ਦੀ ਥਾਂ ‘ਤੇਰਾ-ਤੇਰਾ' ਹੋ ਜਾਂਦੇ ਹਾਂ ਤਾਂ ਅੱਲਾ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ'।

ਗੁਰੂ ਜੀ ਪਾਸੋਂ ਇਹ ਗੱਲਾਂ ਸੁਣ ਕੇ, ਪੀਰ ਜੀ ਦੇ ਅੰਦਰ ਜਿਹੜੀ ਹਉਮੈ ਦੀ ਕੰਧ ਸੀ, ਉਹ ਢਹਿ ਗਈ।

ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸਨ, ਨਿਮਾਣੇ ਹੋ ਗਏ।

ਉਹ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ ਅਤੇ ਕਹਿਣ ਲੱਗੇ, 'ਜਿਸ ਇਲਾਹੀ ਨੂਰ ਦੀ ਭਾਲ ਵਿਚ ਮੈਂ ਕਈ ਉਪਰਾਲੇ ਕੀਤੇ ਸਨ ਅੱਜ ਮੈਨੂੰ ਦਿੱਸ ਪਿਆ ਹੈ। ਅੱਜ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਹੈ'।

Disclaimer Privacy Policy Contact us About us