ਭੀਮ ਚੰਦ ਨੇ ਦਰਸ਼ਨਾਂ ਲਈ ਆਉਣਾ


ਪਹਾੜੀ ਰਾਜੇ ਗੁਰੂ ਜੀ ਦੇ ਤੇਜ ਪ੍ਰਤਾਪ ਅਤੇ ਸੈਨਿਕ ਸ਼ਕਤੀ ਨੂੰ ਵਧਦਿਆਂ ਵੇਖ ਕੇ ਭੈਭੀਤ ਵੀ ਸਨ ਤੇ ਈਰਖਾ ਵੀ ਖਾਂਦੇ ਸਨ।

ਉਨ੍ਹਾਂ ਨੂੰ ਭੈ ਤਾਂ ਇਸ ਗੱਲ ਦਾ ਸੀ ਕਿ ਗੁਰੂ ਜੀ ਤਾਕਤ ਫੜ ਕੇ ਕਿਤੇ ਸਾਡੇ ਰਾਜ ਨਾ ਸਾਂਭ ਲੈਣ ਤੇ ਈਰਖਾ ਦਾ ਕਾਰਨ ਉਹਨਾਂ ਦਾ ਆਪਣੀ ਉੱਚੀ ਜ਼ਾਤ ਦਾ ਅਭਿਮਾਨ ਸੀ।

ਗੁਰੂ ਜੀ ਇਸ ਪ੍ਰਕਾਰ ਜ਼ਾਤ ਪਾਤ ਦਾ ਭੇਦ ਮਿਟਾ ਕੇ ਨੀਵਿਆਂ ਨੂੰ ਉਚਾ ਕਰ ਰਹੇ ਸਨ, ਉਸ ਤੋਂ ਇਹ ਸਮਝਦੇ ਸਨ ਕਿ ਗੁਰੂ ਜੀ ਹਿੰਦੂ ਧਰਮ ਦਾ ਨਾਸ ਕਰ ਰਹੇ ਹਨ।

ਕਹਿਲੂਰ ਦਾ ਰਾਜਾ ਭੀਮ ਚੰਦ ਤਾਂ ਖ਼ਾਸ ਕਰਕੇ ਗੁਰੂ ਜੀ ਨਾਲ ਖਾਰ ਖਾਂਦਾ ਸੀ।

ਭਾਵੇਂ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਭੀਮ ਚੰਦ ਕੋਲੋਂ ਜ਼ਮੀਨ ਮੁੱਲ ਲੈ ਕੇ ਆਨੰਦਪੁਰ ਵਸਾਇਆ ਸੀ ਪਰ ਰਾਜਾ ਭੀਮ ਚੰਦ ਫਿਰ ਵੀ ਆਨੰਦਪੁਰ ਨੂੰ ਆਪਣੇ ਅਧੀਨ ਸਮਝਦਾ ਸੀ ਤੇ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੀ ਈਨ ਮੰਨ ਕੇ ਰਹਿਣ ਨਹੀਂ ਤਾਂ ਆਨੰਦਪੁਰ ਛੱਡ ਕੇ ਚਲੇ ਜਾਣ।

ਇਸ ਲਈ ਉਹ ਬਹਾਨੇ ਪਾ ਪਾ ਕੇ ਗੁਰੂ ਜੀ ਨਾਲ ਛੇੜ ਛਾੜ ਕਰਾਂਦਾ ਰਹਿੰਦਾ ਸੀ ਤੇ ਆਪਣੇ ਸੈਨਿਕ ਬਲ ਦਾ ਦਿਖਾਵਾ ਕਰਦਾ ਰਹਿੰਦਾ ਸੀ।

ਭੀਮ ਚੰਦ ਦੇ ਮੰਤਰੀਆਂ ਤੇ ਸਲਾਹਕਾਰਾਂ ਨੇ ਉਸ ਨੂੰ ਸਮਝਾਇਆ ਕਿ ਉਹ ਗੁਰੂ ਜੀ ਨਾਲ ਨਾ ਵਿਗਾੜੇ ਸਗੋਂ ਉਨ੍ਹਾਂ ਨਾਲ ਮਿੱਤਰਤਾ ਗੰਢੇ। ਇਸੇ ਵਿਚ ਭਲਾ ਹੈ।

ਭੀਮ ਚੰਦ ਨੇ ਉਨ੍ਹਾਂ ਦੀ ਸਲਾਹ ਮੰਨ ਕੇ ਆਪਣੇ ਵਜ਼ੀਰ ਪਰਮਾਨੰਦ ਤੇ ਪ੍ਰੋਹਤ ਨੂੰ ਗੁਰੂ ਜੀ ਪਾਸ ਭੇਜਿਆ ਤੇ ਦਰਸ਼ਨਾਂ ਦੀ ਅਭਿਲਾਖਾ ਪ੍ਰਗਟ ਕੀਤੀ।

ਗੁਰੂ ਜੀ ਨੇ ਉੱਤਰ ਭੇਜਿਆ ਕਿ ਗੁਰੂ ਨਾਨਕ ਦਾ ਦਰ ਸਭਨਾਂ ਲਈ ਸਦਾ ਖੁਲ੍ਹਾ ਹੈ।

ਇਹ ਉੱਤਰ ਪਾ ਕੇ ਭੀਮ ਚੰਦ ਦਰਸ਼ਨਾਂ ਲਈ ਆਨੰਦਪੁਰ ਆਇਆ। ਗੁਰੂ ਦਰਬਾਰ ਦਾ ਠਾਠ ਵੇਖ ਕੇ ਉਹ ਅਸਚਰਜ ਰਹਿ ਗਿਆ।

ਜਦੋਂ ਉਸ ਨੇ ਪਸ਼ਮੀਨੇ ਦੀ ਚਾਨਣੀ, ਪ੍ਰਸਾਦੀ ਹਾਥੀ ਤੇ ਆਸਾਮ ਦੇ ਰਾਜੇ ਦੀਆਂ ਹੋਰ ਪ੍ਰੇਮ ਭੇਟਾ ਵੇਖੀਆਂ ਤਾਂ ਉਹਦੇ ਮੂੰਹ ਵਿਚ ਪਾਣੀ ਭਰ ਆਇਆ।

ਉਸ ਨੇ ਇਹ ਚੀਜ਼ਾਂ ਪ੍ਰਾਪਤ ਕਰਨ ਦੀ ਨੀਤ ਧਾਰ ਲਈ। ਉਸਦੇ ਪੁੱਤਰ ਦਾ ਵਿਆਹ ਨੇੜੇ ਸੀ, ਉਸ ਨੇ ਵਿਆਹ ਦੇ ਅਵਸਰ ਦਾ ਬਹਾਨਾ ਪਾ ਕੇ ਇਹ ਵਸਤਾਂ ਮੰਗ ਭੇਜਿਆਂ।

ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਵਸਤਾਂ ਸਿੱਖਾਂ ਨੇ ਗੁਰ-ਗੱਦੀ ਲਈ ਪ੍ਰੇਮ-ਭੇਟਾ ਕੀਤੀਆਂ ਹਨ, ਇਹ ਕਿਸੇ ਹੋਰ ਨੂੰ ਨਹੀਂ ਦਿੱਤਿਆਂ ਜਾ ਸਕਦੀਆਂ।

ਇਹ ਉੱਤਰ ਸੁਣ ਕੇ ਭੀਮ ਚੰਦ ਤੇ ਉਸ ਦੇ ਸਾਥੀ ਰਾਜੇ ਆਪੇ ਤੋਂ ਬਾਹਰ ਹੋਣ ਲਗੇ। ਭੀਮ ਚੰਦ ਨੇ ਫਿਰ ਸੁਨੇਹਾ ਭੇਜਿਆ ਕਿ ਤੁਸੀਂ ਸਾਡੀ ਪਰਜਾ ਹੋ। ਤੁਹਾਨੂੰ ਸਾਡੀ ਈਨ ਮੰਨਣੀ ਪਵੇਗੀ ਤੇ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਹੋਵੇ, ਉਹ ਦੇਣੀਆਂ ਪੈਣਗੀਆਂ। ਤੁਸੀ ਸਾਥੋਂ ਆਕੀ ਹੋ ਕੇ ਇਥੇ ਨਹੀਂ ਰਹਿ ਸਕਦੇ।

ਗੁਰੂ ਜੀ ਨੇ ਜਵਾਬ ਵਿਚ ਕਹਾ ਭੇਜਿਆ ਕਿ ਪਰਜਾ ਤਾਂ ਅਸੀਂ ਕੇਵਲ ਕਰਤਾਰ ਦੀ ਹਾਂ। ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਈਨ ਅਸੀਂ ਕਿਸੇ ਦੀ ਨਹੀਂ ਮੰਨਦੇ।

ਜੇ ਤੁਸੀਂ ਲੜਨ ਦੀ ਧਾਰ ਲਈ ਹੈ ਤਾਂ ਤੁਹਾਡੀ ਮਰਜ਼ੀ। ਅਸੀਂ ਤਿਆਰ ਹਾਂ।

ਪਰ ਭੀਮ ਚੰਦ ਦੇ ਵੱਡੇ ਮੰਤਰੀ ਨੇ ਉਸ ਨੂੰ ਸਮਝਾਇਆ ਕਿ ਪੁੱਤਰ ਦੇ ਵਿਆਹ ਦਾ ਮੌਕਾ ਹੈ, ਇਸ ਸਮੇਂ ਯੁਧ ਛੇੜਨਾ ਮੁਨਾਸਿਬ ਨਹੀਂ। ਭੀਮ ਚੰਦ ਮੰਨ ਗਿਆ।

ਭੀਮ ਚੰਦ ਦੇ ਲੜਕੇ ਦਾ ਵਿਆਹ ਸ੍ਰੀ ਨਗਰ ਦੇ ਰਾਜੇ ਫ਼ਤਿਹ ਸ਼ਾਹ ਦੀ ਧੀ ਨਾਲ ਹੋਣਾ ਸੀ। ਬਹੁਤ ਸਾਰੇ ਬਿਲਾਸਪੁਰ ਪੁਜੇ।

ਭੀਮ ਚੰਦ ਜੰਞ ਲੈ ਕੇ ਬਿਲਾਸਪੁਰ ਤੋਂ ਸ੍ਰੀ ਨਗਰ ਨੂੰ ਚਲਿਆ। ਰਸਤਾ ਪਾਉਂਟਾ ਦੇ ਕੋਲੋਂ ਹੋ ਕੇ ਨਿਕਲਦਾ ਸੀ।

ਇਸ ਰਾਹ ਤੇ ਗੁਰੂ ਜੀ ਕਿਲ੍ਹਾ ਬਣਵਾ ਕੇ ਰਹਿੰਦੇ ਸਨ ਅਤੇ ਉਨ੍ਹਾਂ ਪਾਸ ਭਾਰੀ ਤਕੜੀ ਸੈਨਾ ਮੌਜ਼ਦ ਸੀ।

ਰਾਜਾ ਸੋਚਾ ਵਿਚ ਪੈ ਗਿਆ ਕਿ ਕਿਲ੍ਹੇ ਦੇ ਕੋਲੋਂ ਲੰਘਣ ਨਾਲ ਕਿਤੇ ਗੁਰੂ ਜੀ ਦੀ ਸੈਨਾ ਨਾਲ ਟਾਕਰਾ ਨਾ ਹੋ ਜਾਵੇ।

ਕਈ ਰਾਜਿਆਂ ਨੇ ਸਲਾਹ ਦਿਤੀ ਕਿ ਗੁਰੂ ਜੀ ਕੋਲ ਤਾਂ ਗਿਣਤੀ ਦੀ ਸੈਨਾ ਹੈ, ਉਹਨਾਂ ਦੇ ਮੁਕਾਬਲੇ ਤੇ ਸਾਡੀ ਕਾਫ਼ੀ ਵੱਡੀ ਹੈ। ਅਸੀਂ ਆਪਣੇ ਬਲ ਦੇ ਜ਼ੋਰ ਰਾਹ ਲੈ ਲਵਾਂਗੇ।

ਪਰ ਮੰਤਰੀ ਨੇ ਫੇਰ ਸਮਝਾਇਆ ਕਿ ਵਿਆਹ ਦੇ ਸ਼ੁਭ ਅਵਸਰ ਤੇ ਮਾਰ-ਛੱਢ ਹੋਣੀ ਬਾਰੀ ਬਦ-ਸ਼ਗਨੀ ਹੈ।

ਸਾਨੂੰ ਮਿੱਠਤ ਨਾਲ ਗੁਰੂ ਜੀ ਪਾਸੋਂ ਜੰਞ ਲੰਘਾਉਣ ਲਈ ਰਾਸਤਾ ਮੰਗਣਾ ਚਾਹੀਦਾ ਹੈ।

ਗੁਰੂ ਜੀ ਨੇ ਲਾੜੇ ਤੇ ਉਸ ਦੇ ਸਾਥੀਆਂ ਨੂੰ ਲੰਘ ਜਾਣ ਦਿੱਤਾ। ਬਾਕੀ ਦੀ ਜੰਞ ਵਲ ਪਾ ਕੇ ਦੂਜੇ ਰਾਹ ਚਲੀ ਗਈ। ਵਿਆਹ ਕਾਰਜ ਪੂਰਾ ਹੋ ਗਿਆ।

Disclaimer Privacy Policy Contact us About us