ਭੰਗਾਣੀ ਦੇ ਯੁੱਧ ਦੀ ਤਿਆਰੀ


ਰਾਜਾ ਭੀਮ ਚੰਦ ਦਿਲ ਵਿਚ ਬੜਾ ਵੱਟ ਖਾ ਰਿਹਾ ਸੀ। ਉਸਨੇ ਆਪਣੇ ਕੁੜਮ ਫ਼ਤਿਹ ਸ਼ਾਹ ਨੂੰ ਕਿਹਾ ਕਿ ਗੁਰੂ ਜੀ ਨਾਲ ਸਾਡਾ ਵੈਰ ਹੈ ਤੇ ਤੁਸੀਂ ਉਨ੍ਹਾਂ ਨਾਲ ਮਿੱਤਰਤਾ ਰਖਦੇ ਹੋ। ਇਹ ਗੱਲ ਕਿਵੇਂ ਨਿਭ ਸਕਦੀ ਹੈ।

ਜਾਂ ਤਾਂ ਸਾਡੇ ਨਾਲ ਰਲ ਕੇ ਗੁਰੂ ਜੀ ਨਾਲ ਯੁੱਧ ਕਰੋ ਨਹੀਂ ਤਾਂ ਆਪਣੀ ਧੀ ਦਾ ਡੋਲਾ ਘਰ ਹੀ ਰਖੋ।

ਫ਼ਤਿਹ ਸ਼ਾਹ ਇਹ ਸੁਣ ਕੇ ਬੜਾ ਘਬਰਾਇਆ। ਉਹ ਗੁਰੂ ਜੀ ਦੇ ਆਤਮਕ ਬਲ ਤੇ ਮਾਨਵ ਸਨੇਹ ਕਰਕੇ ਉਨ੍ਹਾਂ ਤੇ ਬੜੀ ਸ਼ਰਧਾ ਰਖਦਾ ਸੀ।

ਉਸ ਨੇ ਭੀਮ ਚੰਦ ਨੂੰ ਕਿਹਾ ਕਿ ਮੈਂ ਤੁਹਾਡੀ ਗੁਰੂ ਜੀ ਨਾਲ ਸੁਲਾਹ ਕਰਵਾ ਦਿੰਦਾ ਹਾਂ। ਪਰ ਭੀਮ ਚੰਦ ਨਾ ਮੰਨਿਆ।

ਮਜਬੂਰ ਹੋ ਕੇ ਫ਼ਤਿਹ ਸ਼ਾਹ ਉਹਦਾ ਸਾਥ ਦੇਣ ਲਈ ਤਿਆਰ ਹੋ ਗਿਆ।

ਲਾੜਾ ਲਾੜੀ ਨੂੰ ਬਿਲਾਸਪੁਰ ਤੋਰ ਦਿੱਤਾ ਗਿਆ ਤੇ ਰਾਜੇ ਸਾਰੇ ਗੁਰੂ ਜੀ ਨਾਲ ਯੁੱਧ ਕਰਨ ਲਈ ਤਿਆਰ ਹੋ ਗਏ।

ਇਹਨਾਂ ਵਿਚੋਂ ਮੁਖੀ ਰਾਜੇ ਭੀਮ ਚੰਦ ਕਹਿਲੂਰੀਆ, ਕ੍ਰਿਪਾਲ ਚੰਦ ਕਟੋਚੀਆ, ਹਰੀ ਚੰਦ ਜਸਵਾਲੀਆ, ਸੁਖ ਦਿਆਲ ਜਸਰੋਟਿਆ, ਕੇਸਰੀ ਚੰਦ ਹੰਡੂਰੀਆ, ਪ੍ਰਿਥੀ ਚੰਦ ਢਡਵਾਲੀਆ ਤੇ ਫ਼ਤਿਹ ਸ਼ਾਹ ਗੜ੍ਹਵਾਲੀਆ ਸਨ।

ਪਹਾੜੀ ਰਾਜਿਆਂ ਨੂੰ ਯੁੱਧ ਤੇ ਤੁਲੇ ਵੇਖ ਕੇ ਗੁਰੂ ਜੀ ਨੇ ਸਿੱਖਾਂ ਤੇ ਪਠਾਣਾਂ ਨੂੰ ਤਿਆਰੀ ਦਾ ਹੁਕਮ ਦਿੱਤਾ।

ਪਹਾੜੀ ਰਾਜਿਆਂ ਨੇ ਪਠਾਣ ਸਰਦਾਰਾਂ ਨੂੰ ਬਹੁਤੀ ਤਨਖ਼ਾਹ ਦਾ ਲਾਲਚ ਦੇ ਕੇ ਆਪਣੇ ਵਲ ਖਿਚ ਲਿਆ।

ਚਾਰ ਸੌ ਪਠਾਣ ਚਹੁੰ ਸਰਦਾਰਾਂ ਸਣੇ ਬਹਾਨੇ ਨਾਲ ਪਾਉਂਟੇ ਤੋਂ ਖਿਸਕ ਗਏ ਤੇ ਪਹਾੜੀ ਰਾਜਿਆਂ ਨਾਲ ਜਾ ਮਿਲੇ।

ਪਰ ਕਾਲੇ ਖਾਂ ਤੇ ਉਹਦੇ ਸੌ ਸਾਥੀ ਪਠਾਣ ਪੱਕੇ ਰਹੇ। ਗੁਰੂ ਜੀ ਪਾਸ ਪੰਜ ਸੌ ਉਦਾਸੀ ਵੀ ਟਿਕੇ ਹੋਏ ਸਨ।

ਯੁੱਧ ਛਿੜਦਾ ਵੇਖ ਕੇ ਉਹ ਵੀ ਰਾਤ ਸਮੇਂ ਤੁਰ ਗਏ ਪਰ ਉਹਨਾਂ ਦਾ ਮਹੰਤ ਕ੍ਰਿਪਾਲ ਦਾਸ ਗੁਰੂ ਜੀ ਕੋਲ ਟਿਕਿਆ ਰਿਹਾ। ਉਸ ਨੇ ਯੁੱਧ ਵਿਚ ਭਾਰੀ ਸੂਰਮਗਤੀ ਵਿਖਾਈ।

ਉਧਰ ਸੱਯਦ ਬੁਧੂ ਸ਼ਾਹ ਨੂੰ ਜਦੋਂ ਪਤਾ ਲਗਾ ਕਿ ਜਿਹੜੇ ਪੰਜ ਸੌ ਪਠਾਣ ਅਸੀਂ ਗੁਰੂ ਜੀ ਪਾਸ ਭਰਤੀ ਕਰਾਏ ਸਨ, ਉਨ੍ਹਾਂ ਵਿਚੋਂ ਚਾਰ ਸੌ ਗੱਦਾਰੀ ਕਰ ਗਏ ਤਾਂ ਉਸ ਨੂੰ ਬੜੀ ਨਮੋਸ਼ੀ ਲੱਗੀ।

ਉਹ ਝਟਪਟ ਆਪਣੇ ਚਾਰ ਪੁੱਤਰਾਂ ਤੇ ਸੱਤ ਸੌ ਮੁਰੀਦਾਂ ਨੂੰ ਲੈ ਕੇ ਗੁਰੂ ਜੀ ਪਾਸ ਪਾਉਂਟੇ ਹਾਜ਼ਰ ਹੋ ਗਿਆ।

ਗੁਰੂ ਜੀ ਪਾਸ ਇਸ ਵੇਲੇ ਪੰਜ ਹਜ਼ਾਰ ਦੇ ਕਰੀਬ ਸੈਨਾ ਸੀ। ਪਰ ਦੂਜੇ ਪਾਸੇ ਪਹਾੜੀ ਰਾਜਿਆਂ ਦੀ ਮਿਲਵੀਂ ਫ਼ੌਜ ਇਸ ਤੋ ਦੂਣੀ ਤੋਂ ਵੱਧ ਸੀ।

ਫੇਰ ਚਾਰ ਸੌ ਪਠਾਣ ਵੀ ਉਨ੍ਹਾਂ ਦੇ ਨਾਲ ਜਾ ਰਲੇ ਸਨ। ਪਰ ਗੁਰੂ ਜੀ ਪਾਸ ਸਾਂਗੋ ਸ਼ਾਹ, ਜੌਤ ਮਲ, ਗੋਪਾਲ ਚੰਦ, ਗੰਗਾ ਰਾਮ, ਮੋਹਰੀ ਚੰਦ, ਮਾਮਾ ਕ੍ਰਿਪਾਲ ਜੀ, ਦੀਵਾਨ ਨੰਦ ਚੰਦ, ਸਾਹਿਬ ਚੰਦ, ਪ੍ਰੋਹਤ ਦਇਆ ਰਾਮ ਜਹੇ ਸਿਰਲੱਥ ਸੂਰਮੇ ਮੌਜੂਦ ਸਨ ਜਿਹੜੇ ਇਕੱਲੇ ਇਕੱਲੇ ਸੈਂਕਿੜਿਆਂ ਤੇ ਭਾਰੂ ਸਨ।

Disclaimer Privacy Policy Contact us About us