ਭੰਗਾਣੀ ਦੇ ਯੁੱਧ ਵਿਚ ਜਿੱਤ


ਇਹ ਯੁੱਧ 16 ਵਿਸਾਖ ਸੰਮਤ 1746 ਮੁਤਾਬਕ ਅਪੈ੍ਰਲ ਸੰਨ 1689 ਨੂੰ ਭੰਗਾਣੀ ਦੇ ਪਾਸ ਹੋਇਆ।

ਗੁਰੂ ਜੀ ਸ਼ਸਤਰ ਅਸਤਰ ਸਜਾ ਕੇ ਘੋੜੇ ਤੇ ਸਵਾਰ ਆਪਣੀ ਸੈਨਾ ਦੀ ਅਗਵਾਈ ਕਰ ਰਹੇ ਸਨ। ਬਾਕੀ ਦੇ ਸੂਰਬੀਰ ਆਪੋ ਆਪਣੇ ਜੱਥਿਆਂ ਦੀ ਕਮਾਨ ਕਰ ਰਹੇ ਸਨ।

ਯੁੱਧ ਸ਼ੁਰੂ ਹੁੰਦਿਆਂ ਹੀ ਸਿੱਖ ਵੈਰੀ ਸੈਨਾ ਤੇ ਇੰਝ ਟੁੱਟੇ ਜਿਵੇਂ ਬਾਜ਼ ਚਿੜੀਆਂ ਤੇ ਟੁੱਟਦਾ ਹੈ।

ਉਨ੍ਹਾਂ ਦੇ ਜੋਸ਼ ਦਾ ਇਹ ਹਾਲ ਸੀ ਕਿ ਜੋ ਵੀ ਸਾਹਮਣੇ ਆਉਂਦਾ, ਪਾਰ ਬੋਲ ਜਾਂਦਾ, ਮਹੰਤ ਕ੍ਰਿਪਾਲ ਦਾਸ ਨੇ ਕੁਤਕੇ ਨਾਲ ਪਠਾਣ ਸਰਦਾਰ ਹਯਾਤ ਖਾਂ ਦਾ ਸਿਰ ਫੇਹ ਦਿੱਤਾ।

ਲਾਲ ਚੰਦ ਹਲਵਾਈ ਨੇ ਕਦੀ ਤਲਵਾਰ ਫੜ ਕੇ ਨਹੀਂ ਸੀ ਵੇਖੀ। ਉਹ ਗੁਰੂ ਜੀ ਦਾ ਥਾਪੜਾ ਲੈ ਕੇ ਮੈਦਾਨ ਵਿਚ ਕੁੱਦ ਪਿਆ ਤੇ ਅਣਗਿਣਤ ਵੈਰੀਆਂ ਨੂੰ ਮਾਰਦਾ ਸ਼ਹੀਦ ਹੋ ਗਿਆ।

ਗੁਰੂ ਜੀ ਦੀ ਭੂਆ ਦੇ ਪੁੱਤਰ ਸ੍ਰੀ ਸਾਂਗੋ ਸ਼ਾਹ, ਜੀਤ ਮਲ, ਦੀਵਾਨ ਨੰਦ ਚੰਦ ਅਤੇ ਸੱਯਦ ਬੁਧੂ ਸ਼ਾਹ ਤੇ ਉਨ੍ਹਾਂ ਦੇ ਪੁੱਤਰ ਬੜੀ ਸੂਰਮਗਤੀ ਨਾਲ ਲੜੇ।

ਉਨ੍ਹਾਂ ਦੀ ਬਹਾਦਰੀ ਵੇਖ ਕੇ ਦੁਸ਼ਮਨ ਵੀ ਅਸ਼ ਅਸ਼ ਕਰ ਉਠੇ। ਸ੍ਰੀ ਦਸਮੇਸ਼ ਜੀ ਨੇ ਆਪਣੇ ਤੀਰਾਂ ਨਾਲ ਅਸੰਖਾਂ ਵੈਰੀਆਂ ਦਾ ਸੰਘਾਰ ਕੀਤਾ।

ਰਾਜਾ ਹਰੀ ਚੰਦ ਜਸਵਾਲੀਆ ਗੁੱਸਾ ਖਾ ਕੇ ਗੁਰੂ ਜੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ ਪਰ ਗੁਰੂ ਜੀ ਦੇ ਇਕੋ ਤੀਰ ਨੇ ਉਸ ਨੂੰ ਫੁੰਡ ਕੇ ਧਰਤੀ ਤੇ ਪਟਕਾ ਮਾਰਿਆ।

ਰਾਜੇ ਨੂੰ ਮਰਦਾ ਵੇਖ ਕੇ ਪਹਾੜੀ ਸੈਨਾ ਸਿਰ ਤੇ ਪੈਰ ਰੱਖ ਕੇ ਰਣੋਂ ਨਸ ਤੁਰੀ।

ਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਸਿੱਖਾਂ ਨੇ ਨੱਸੀ ਜਾਂਦੀ ਫ਼ੌਜ ਦਾ ਪਿੱਛਾ ਨਾ ਕੀਤਾ। ਇਸ ਤਰ੍ਹਾਂ ਤਿੰਨਾਂ ਦਿਨਾਂ ਦੇ ਘਮਸਾਨ ਯੁੱਧ ਤੋਂ ਬਾਅਦ ਗੁਰੂ ਜੀ ਦੀ ਜਿੱਤ ਹੋਈ।

ਗੁਰੂ ਜੀ ਨੇ ਇਹ ਯੁੱਧ ਕਿਸੇ ਰਾਜਸੀ ਲਾਭ ਲਈ ਨਹੀਂ ਲੜਿਆ ਸੀ। ਇਹ ਧਰਮ ਯੁੱਧ ਸੀ।

ਇਸ ਵਿਚ ਜਿੱਤ ਪ੍ਰਾਪਤ ਕਰਕੇ ਉਹਨਾਂ ਨੇ ਕਿਸੇ ਰਾਜੇ ਦੀ ਇਕ ਇੰਚ ਜ਼ਮੀਨ ਤੇ ਵੀ ਕਬਜ਼ਾ ਨਹੀਂ ਕੀਤਾ ਨਾ ਸਿੱਖ ਸੈਨਾ ਨੇ ਕਿਤੇ ਲੁੱਟ ਮਾਰ ਕੀਤੀ।

ਸਗੋਂ ਯੁੱਧ ਤੋਂ ਬਾਅਦ ਆਪ ਨੇ ਪਾਉਂਟੇ ਤੋਂ ਆਨੰਦਪੁਰ ਵਾਪਸ ਜਾਣ ਦੀ ਤਿਆਰੀ ਕਰ ਲਈ

Disclaimer Privacy Policy Contact us About us