ਨਾਦੌਣ ਦਾ ਯੁੱਧ


ਭੰਗਾਣੀ ਦਾ ਯੁੱਧ ਜਿੱਤ ਕੇ ਗੁਰੂ ਜੀ ਆਨੰਦਪੁਰ ਸਾਹਿਬ ਆ ਗਏ। ਏਥੇ ਆ ਕੇ ਉਨ੍ਹਾਂ ਕਈ ਕਿਲ੍ਹੇ ਤਿਆਰ ਕਰਵਾਏ ਅਤੇ ਆਪਣੇ ਇਤਬਾਰੀ ਸਿੱਖਾਂ ਨੂੰ ਫ਼ੌਜੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ।

ਪਹਾੜੀ ਰਾਜੇ ਹੁਣ ਡਰਦੇ ਸਨ ਤੇ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦਾ ਕਿਸੇ ਦਾ ਹੌਂਸਲਾ ਨਹੀਂ ਸੀ।

ਉਨ੍ਹਾਂ ਦਿਨਾਂ ਵਿਚ ਹੀ ਜੰਮੂ ਦੇ ਹਾਕਮ ਮੀਆਂ ਖਾਂ ਨੂੰ ਦਿੱਲੀ ਵਲੋਂ ਇਹ ਆਦੇਸ਼ ਹੋਇਆ ਕਿ ਉਹ ਪਹਾੜੀ ਰਾਜਿਆਂ ਤੋਂ ਖਿਰਾਜ ਉਗਰਾਹ ਕੇ ਭੇਜੇ।

ਪਹਾੜੀ ਰਾਜਿਆਂ ਨੇ ਕਈਆਂ ਸਾਲਾਂ ਤੋਂ ਖਿਰਾਜ ਦੇਣਾ ਬੰਦ ਕੀਤਾ ਹੋਇਆ ਸੀ। ਹਾਕਮ ਮੀਆਂ ਖਾਂ ਨੇ ਇਸ ਕੰਮ ਲਈ ਫੌਜਦਾਰ ਆਲਿਫ਼ ਖਾਂ ਨੂੰ ਨਿਯੁਕਤ ਕੀਤਾ।

ਆਲਿਫ ਖਾਂ ਇਕ ਤਕੜੀ ਫੌਜ ਲੈ ਕੇ ਨਾਦੌਣ ਪੁੱਜ ਗਿਆ। ਇਥੇ ਆ ਕੇ ਉਸ ਭੀਮ ਚੰਦ ਅਤੇ ਹੋਰ ਰਾਜਿਆਂ ਨੂੰ ਸੁਨੇਹੇ ਭੇਜੇ ਕਿ ਉਹ ਖਿਰਾਜ ਅਦਾ ਕਰਨ ਜਾਂ ਲੜਾਈ ਵਾਸਤੇ ਤਿਆਰ ਹੋ ਜਾਣ।

ਰਾਜੇ ਪਹਿਲਾਂ ਤਾਂ ਡਰਦੇ ਮਾਰੇ ਖਿਰਾਜ ਦੇਣ ਨੂੰ ਤਿਆਰ ਸਨ, ਪਰ ਫਿਰ ਉਨ੍ਹਾਂ ਵਿਚੋਂ ਹੀ ਕਿਸੇ ਸਲਾਹ ਦਿੱਤੀ ਕਿ ਇਸ ਬਾਰੇ ਗੁਰੂ ਸਾਹਿਬ ਤੋਂ ਪੁੱਛ ਲਿਆ ਜਾਵੇ।

ਗੁਰੂ ਜੀ ਨੇ ਉਨ੍ਹਾ ਨੂੰ ਇਹ ਰਾਏ ਦਿੱਤੀ ਕਿ ਉਹ ਖਿਰਾਜ ਨਾ ਦੇਣ ਅਤੇ ਲੜਾਈ ਲਈ ਤਿਆਰ ਹੋ ਜਾਣ। ਇਸ ਸੰਬੰਧੀ ਗੁਰੂ ਜੀ ਨੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ।

ਗੁਰੂ ਜੀ ਦੀ ਸਹਾਇਤਾ ਨਾਲ ਸਾਰੇ ਰਾਜੇ ਆਲਿਫ ਖਾਂ ਤੇ ਟੁੱਟ ਕੇ ਪੈ ਗਏ ਅਤੇ ਬੜਾ ਘਮਸਾਨ ਦਾ ਯੁੱਧ ਹੋਇਆ।

ਆਲਿਫ ਖਾਂ ਦੇ ਵੱਡੇ ਵੱਡੇ ਸੂਰਬੀਰ ਮਾਰੇ ਗਏ ਤਾਂ ਉਹ ਜਾਨ ਬਚਾ ਕੇ ਭੱਜ ਗਿਆ।

ਪਹਾੜੀ ਰਾਜੇ ਇਸ ਜਿੱਤ ਤੇ ਬਹੁਤ ਖੁਸ਼ ਹੋਏ। ਇਹ ਜਿੱਤ ਵੀ ਅਸਲ ਵਿਚ ਗੁਰੂ ਜੀ ਦੀ ਹੀ ਜਿੱਤ ਸੀ।

ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਉਹ ਇਕੱਠੇ ਹੋ ਕੇ ਰਹਿਣਗੇ ਤਾਂ ਉਹ ਭਾਰੀ ਤੋਂ ਭਾਰੀ ਫੌਜ ਨੂੰ ਭਾਂਜ ਦੇ ਸਕਦੇ ਹਨ।

Disclaimer Privacy Policy Contact us About us