ਲੰਗਰਾਂ ਦੀ ਪ੍ਰੀਖਿਆ


ਸ੍ਰੀ ਗੁਰੂ ਨਾਨਕ ਦੇਵ ਜੀ, ਊਚ ਨੀਚ ਅਤੇ ਜ਼ਾਤ ਪਾਤ ਦਾ ਭੇਦ ਭਾਵ ਮਿਟਾਉਣ ਲਈ ਲੰਗਰ ਦੀ ਪ੍ਰਥਾ ਤੋਰੀ ਸੀ।

ਇਹ ਪ੍ਰਥਾ ਸਾਰੇ ਗੁਰੂ ਸਾਹਿਬਾਨ ਨੇ ਜਾਰੀ ਰਖੀ। ਜਿਥੇ ਜਿਥੇ ਗੁਰੂ ਸਾਹਿਬਾਨ ਨਿਵਾਸ ਰਖਦੇ ਰਹੇ, ਸਭ ਜਗ੍ਹਾਂ ਨਾਮ ਬਾਣੀ ਦੇ ਨਾਲ ਨਾਲ ਲੰਗਰ ਦਾ ਸਦਾ ਵਰਤ ਚਲਦਾ ਰਿਹਾ।

ਹੌਲੀ ਹੌਲੀ ਇਸ ਦਾ ਵਿਸਥਾਰ ਕੀਤਾ ਗਿਆ ਤੇ ਸਿੱਖਾਂ ਨੂੰ ਹੁਕਮ ਹੋਇਆ ਕਿ ਆਪਣੇ ਘਰਾਂ ਵਿਚ ਵੀ ਯਥਾ ਸ਼ਕਤੀ ਲੰਗਰ ਲਾਉਣ ਅਤੇ ਆਏ ਗਏ ਮੁਸਾਫ਼ਰਾਂ ਦੀ ਅੰਨ ਤੇ ਬਸਤਰ ਦੀ ਸੇਵਾ ਕਰਨ।

ਦਸਮ ਗੁਰੂ ਜੀ ਦੇ ਸਮੇਂ ਵੀ ਆਨੰਦਪੁਰ ਵਿਖੇ ਕਈ ਪ੍ਰੇਮੀ ਸਿੱਖਾਂ ਨੇ ਆਪਣੇ ਘਰਾਂ ਵਿਚ ਲੰਗਰ ਲਾਏ ਹੋਏ ਸਨ।

ਇਨ੍ਹਾਂ ਦੀ ਸ਼ੋਭਾ ਪ੍ਰਸੰਸਾ ਵੇਖ ਕੇ ਕਈ ਥੋੜ੍ਹ ਭਾਵ ਨਾਲ ਨਹੀਂ, ਕੇਵਲ ਸ਼ੋਭਾ ਖੱਟਣ ਦੇ ਖ਼ਿਆਲ ਨਾਲ ਲਾਏ ਗਏ ਸਨ।

ਆਪ ਨੇ ਅਜਿਹੇ ਲੰਗਰਾਂ ਦੀ ਪਰਖ ਵਿਚ ਜਾ ਜਾ ਕੇ ਭੋਜਨ ਦੀ ਮੰਗ ਕੀਤੀ। ਕੁਝ ਥੋੜ੍ਹ ਜਿਹੇ ਪ੍ਰੇਮੀ ਜਨਾਂ ਤੋਂ ਬਿਨਾਂ ਬਾਕੀ ਲੰਗਰਾਂ ਤੋਂ ਖ਼ਾਲੀ ਹੀ ਮੁੜਨਾ ਪਿਆ।

ਦੂਜੇ ਦਿਨ ਗੁਰੂ ਜੀ ਨੇ ਦੀਵਾਨ ਵਿਚ ਜੁੜੀ ਸੰਗਤ ਸਾਹਮਣੇ ਆਪਣਾ ਰਾਤ ਦਾ ਅਨੁਭਵ ਦਸਦੇ ਹੋਏ ਫ਼ੁਰਮਾਇਆ ਕਿ ਜੇ ਕੋਈ ਭੁੱਖਾ ਨੰਗਾ ਬੰਦਾ ਕਿਸੇ ਦੇ ਬੂਹੇ ਤੇ ਆ ਕੇ ਗੁਰੂ ਦੇ ਨਾਂ ਤੇ ਭੋਜਨ ਬਸਤਰ ਮੰਗਦਾ ਹੈ ਤੇ ਉਹ ਉਸ ਨੂੰ ਦੁਰਕਾਰ ਕੇ ਮੋੜ ਦਿੰਦਾ ਹੈ।

ਤਾਂ ਯਾਦ ਰਖੋ ਕਿ ਇਹ ਉਸ ਨੂੰ ਨਹੀਂ ਧੱਕਾ ਦਿੱਤਾ ਗਿਆ ਸਗੋਂ ਸਾਨੂੰ ਦਿੱਤਾ ਗਿਆ ਹੈ।

ਜਿਹੜਾ ਸਿੱਖ ਦੀਨਾਂ ਤੇ ਲੋੜਵੰਦਾਂ ਦੀ ਸੇਵਾ ਕਰਦਾ ਹੈ, ਉਹ ਸਾਡੀ ਸੇਵਾ ਕਰਦਾ ਹੈ।

ਯਾਦ ਰਖੋ ਕਿ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ। ਜੋ ਕੁਝ ਉਸ ਵਿਚ ਪਾਓਗੇ, ਉਹ ਗੁਰੂ ਨੂੰ ਪਹੁੰਚ ਜਾਵੇਗਾ।

ਗੁਰੂ ਜੀ ਅਜਿਹੇ ਵਿਖਾਵੇ ਨੂੰ ਸਖ਼ਤ ਨਾ ਪਸੰਦ ਕਰਦੇ ਸਨ।

Disclaimer Privacy Policy Contact us About us