ਮਸੰਦਾਂ ਦੀ ਸੋਧ


ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਹਿਤ 22 ਕੇਂਦਰ ਕਾਇਮ ਕੀਤੇ ਸਨ ਜਿਨ੍ਹਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ।

ਹਰ ਕੇਂਦਰ ਵਿਚ ਇਕ ਉੱਚੀ ਸੁੱਚੀ ਰਹਿਣੀ ਵਾਲਾ ਗੁਰਸਿੱਖ ਧਰਮ ਪ੍ਰਚਾਰ ਅਤੇ ਸਿੱਖੀ ਰਹਿਤ ਦਾ ਨਮੂਨਾ ਪੇਸ਼ ਕਰਨ ਲਈ ਥਾਪਿਆ ਜਾਂਦਾ ਸੀ।

ਅਜਿਹੇ ਗੁਰਸਿਖਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ‘ਮਸੰਦ' ਦਾ ਰੁਤਬਾ ਦਿਤਾ ਸੀ। ਉਨ੍ਹਾਂ ਦੇ ਜ਼ਿਮੇਂ ਸਿੱਖੀ ਪ੍ਰਚਾਰ ਤੋਂ ਇਲਾਵਾ ਇਹ ਕਰਤੱਵ ਵੀ ਲਾਇਆ ਗਿਆ ਕਿ ਉਹ ਆਪਣੇ ਇਲਾਕੇ ਦੀ ਸੰਗਤ ਪਾਸੋਂ ਕਾਰ ਭੇਟਾ ਇਕੱਤਰ ਕਰਕੇ ਗੁਰੂ ਦਰਬਾਰ ਵਿਚ ਪੁਚਾਇਆ ਕਰਨ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਰ ਭੇਟਾ ਦੇ ਕਾਰਜ ਨੂੰ ਹੋਰ ਜੁਗਤੀ ਪੂਰਬਕ ਕੀਤਾ ਤੇ ਆਗਿਆ ਕੀਤੀ ਕਿ ਹਰ ਇਲਾਕੇ ਦੀ ਸੰਗਤ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਸਵੰਧ ਦੇ ਰੂਪ ਵਿਚ ਗੁਰੂ ਜੀ ਦੇ ਨਮਿੱਤ ਕਢਿਆ ਕਰੇ ਤੇ ਆਪਣੇ ਇਲਾਕੇ ਵਿਚ ਗੁਰੂ ਦਰਬਾਰ ਵਲੋਂ ਥਾਪੇ ਗਏ ਮਸੰਦ ਰਾਹੀਂ ਹਰ ਸਾਲ ਵਿਸਾਖੀ ਦੇ ਮੌਕੇ ਤੇ ਗੁਰੂ ਜੀ ਨੂੰ ਭੇਜੇ।

ਇਹ ਕਾਰਜ ਕਾਫ਼ੀ ਸਮਾਂ ਬੜੇ ਸੁੱਚਜੇ ਢੰਗ ਨਾਲ ਚਲਦਾ ਰਿਹਾ। ਮਸੰਦ ਆਪਣੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਵੀ ਕਰਦੇ, ਆਪਣੇ ਉੱਚੇ-ਸੁੱਚੇ ਜੀਵਨ ਦੁਆਰਾ ਸਿਖੀ ਰਹਿਤ ਦਾ ਆਦਰਸ਼ ਵੀ ਪੇਸ਼ ਕਰਦੇ ਅਤੇ ਸੰਗਤਾਂ ਪਾਸੋਂ ਦਸਵੰਧ ਦੀ ਉਗਰਾਹੀ ਕਰਕੇ ਹਰ ਸਾਲ ਸ਼ਰਧਾ ਤੇ ਈਮਾਨਦਾਰੀ ਨਾਲ ਗੁਰੂ ਦਰਬਾਰ ਵਿਚ ਪੁਚਾ ਦਿੰਦੇ।

ਇਹ ਗੁਰਮੁਖ ਗੁਰਸਿੱਖ ਆਪਣੇ ਗੁਜ਼ਾਰੇ ਲਈ ਆਪਣਾ ਵੱਖਰਾ ਕਾਰ ਵਿਹਾਰ ਕਰਦੇ ਤੇ ਇਸ ਕਮਾਈ ਵਿਚੋਂ ਆਪ ਵੀ ਦਸਵੰਧ ਕਢਦੇ ਅਤੇ ਸਾਰੀ ਦਸਵੰਧ ਗੁਰੂ ਜੀ ਵਾਸਤੇ ਸੰਭਾਲ ਕੇ ਵੀ ਰਖਦੇ।

ਪਰ ਧਨ ਅਤੇ ਅਧਿਕਾਰ ਮਨੁੱਖ ਨੂੰ ਭ੍ਰਿਸ਼ਟ ਕਰ ਦਿੰਦੇ ਹਨ। ਸਮਾਂ ਪਾ ਕੇ ਮਸੰਦਾਂ ਦੇ ਆਚਰਣ ਵਿਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ।

ਗੁਰੂ ਦਰਬਾਰ ਲਈ ਆਈ ਮਾਇਆ ਅਤੇ ਹੋਰ ਵਸਤਾਂ ਉਹ ਆਪ ਵਰਤਣ ਲਗ ਪਏ। ਉਨ੍ਹਾਂ ਦੇ ਚਰਿਤੱਰ ਵੀ ਭ੍ਰਿਸ਼ਟ ਹੋ ਗਏ ਤੇ ਉਹ ਵੈਲਦਾਰੀਆਂ ਵਿਚ ਪੈ ਗਏ।

ਆਪਣੇ ਅਧਿਆਤਮਕ ਪਦਵੀ ਦੀ ਅਯੋਗ ਵਰਤੋਂ ਕਰਦੇ ਹੋਏ ਲੋਕਾਂ ਨੂੰ ਦੁਖ ਦਿੰਦੇ ਤੇ ਉਨ੍ਹਾਂ ਦੀ ਇੱਜ਼ਤ ਨਾਲ ਖੇਡਦੇ।

ਇਸ ਪ੍ਰਕਾਰ ਇਹ ਮਸੰਦ ਧਰਮ ਅਤੇ ਗਿਆਨ ਦੇ ਸੋਮੇ ਅਤੇ ਉੱਚੀ-ਸੁੱਚੀ ਰਹਿਤ ਦਾ ਆਦਰਸ਼ ਰੂਪ ਹੋਣ ਦੀ ਜਗ੍ਹਾ ਵਿਲਾਸੀ, ਜਾਬਰ ਤੇ ਜਰਵਾਣੇ ਬਣ ਗਏ।

ਗੁਰੂ ਤੇਗ ਬਹਾਦਰ ਜੀ ਕਾਫ਼ੀ ਸਮਾਂ ਪੰਜਾਬ ਤੋਂ ਬਾਹਰ ਰਹੇ ਅਤੇ ਫਿਰ ਸ਼ਹੀਦੀ ਦਿੱਤੀ।

ਦਸਮ ਗੁਰੂ ਜੀ ਹੁਣ ਤਕ ਯੁੱਧਾਂ ਵਿਚ ਰੁੱਝੇ ਰਹੇ ਸਨ। ਇਸ ਦਾ ਲਾਭ ਉਠਾ ਕੇ ਇਹ ਸਾਰਾ ਸਮਾਂ ਮਸੰਦ ਮਨ ਮਾਨੀਆਂ ਕਰਦੇ ਰਹੇ।

ਗੁਰੂ ਜੀ ਨੂੰ ਇਨ੍ਹਾਂ ਦੀਆਂ ਕਰਤੂਤਾਂ ਤੇ ਕਾਲੇ ਕਾਰਨਾਮਿਆਂ ਦੀਆਂ ਖ਼ਬਰਾਂ ਪਹੁੰਚਦੀਆਂ ਰਹੀਆਂ ਸਨ। ਹੁਣ ਜਦੋਂ ਆਪ ਨੂੰ ਅਮਨ ਤੇ ਸ਼ਾਂਤੀ ਦਾ ਸਮਾਂ ਮਿਲਿਆ ਤਾਂ ਆਪ ਨੇ ਮਸੰਦਾਂ ਦੀ ਸੋਧ ਦਾ ਫ਼ੈਸਲਾ ਕੀਤਾ।

ਆਪ ਨੇ ਹੁਕਮ ਜਾਰੀ ਕੀਤਾ ਕੀ ਸਭਨਾਂ ਇਲਾਕਿਆਂ ਦੀ ਸੰਗਤ ਆਪਣੇ ਆਪਣੇ ਇਲਾਕੇ ਦੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿਚ ਹਾਜ਼ਰ ਕਰੇ।

ਸਿੱਖਾਂ ਨੇ ਆਪ ਦੇ ਹੁਕਮ ਮੂਜਬ ਮਸੰਦਾਂ ਨੂੰ ਗੁਰੂ ਸਾਹਿਬ ਸਾਹਮਣੇ ਪੇਸ਼ ਕੀਤਾ।

ਆਪ ਨੇ ਵਾਰੀ ਵਾਰੀ ਸਭਨਾਂ ਦੇ ਕਾਲੇ ਕਾਰੇ ਸੁਣੇ ਤੇ ਉਨ੍ਹਾਂ ਤੋਂ ਆਪਣੇ ਪਾਪਾਂ ਤੇ ਅਪਰਾਧਾਂ ਦਾ ਇਕਬਾਲ ਕਰ ਕੇ ਯਥਾ ਯੋਗ ਦੰਡ ਦਿੱਤਾ।

ਕੁਝ ਇਲਾਕਿਆਂ ਦੇ ਮਸੰਦਾਂ ਦਾ ਵਿਹਾਰ ਤੇ ਆਚਰਣ ਸਿੱਖੀ ਰਹਿਤ ਅਨੁਸਾਰ ਉੱਚਾ ਤੇ ਸੁੱਚਾ ਰਿਹਾ ਸੀ। ਉਹਨਾਂ ਨੂੰ ਗੁਰੂ ਜੀ ਨੇ ਸਨਮਾਨਤ ਕੀਤਾ।

ਮਸੰਦਾਂ ਨੂੰ ਦੰਡਤ ਕਰਕੇ ਗੁਰੂ ਜੀ ਨੇ ਅਗੋਂ ਤੋਂ ਇਹ ਸਿਲਸਲਾ ਹੀ ਬੰਦ ਕਰ ਦਿੱਤਾ ਅਤੇ ਆਗਿਆ ਕੀਤੀ ਕਿ ਸਿੱਖ ਆਪਣਾ ਦਸਵੰਧ ਅਤੇ ਕਾਰ ਭੇਟਾ ਆਪ ਹੀ ਸਿੱਧਾ ਗੁਰੂ ਦਰਬਾਰ ਵਿਚ ਪੁਚਾ ਦਿਆ ਕਰਨ।

ਆਪ ਨੇ ਦੰਡਤ ਕੀਤੇ ਗਏ ਮਸੰਦਾਂ ਨਾਲ ਵਰਤਣ ਦੀ ਵੀ ਸਿੱਖਾਂ ਨੂੰ ਮਨਾਹੀ ਕਰ ਦਿੱਤੀ।

Disclaimer Privacy Policy Contact us About us