ਪੰਥ ਦੀ ਸਾਜਨਾ ਤੇ ਵਿਚਾਰ


ਗੁਰਮਤਿ ਦਾ ਆਸ਼ਾ ਇਹ ਸੀ ਕਿ ਹਿੰਦ ਵਾਸੀਆਂ ਦੇ ਦਿਲਾਂ ਵਿਚੋਂ ਊਚ ਨੀਚ ਅਤੇ ਜ਼ਾਤ ਪਾਤ ਦਾ ਭੇਦ ਮਿਟਾਇਆ ਜਾਏ, ਵਹਿਮਾਂ ਭਰਮਾਂ, ਧਾਰਮਕ ਪਖੰਡਾਂ ਅਤੇ ਕਰਮ ਕਾਂਡ ਦੇ ਚੱਕਰ ਵਿਚੋਂ ਕਢਿਆ ਜਾਏ, ਉਨ੍ਹਾਂ ਅੰਦਰ ਰਾਜਨੀਤਕ ਜਾਗ੍ਰਤ ਪੈਦਾ ਕੀਤੀ ਜਾਏ ਅਤੇ ਜ਼ੁਲਮ ਜਬਰ ਦੇ ਵਿਰੁੱਧ ਖੜਾ ਕਰਕੇ ਉਸ ਨਾਲ ਟੱਕਰ ਲੈਣ ਦੀ ਦਲੇਰੀ ਲਿਆਂਦੀ ਜਾਏ।

ਆਦਿ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਭਨਾਂ ਗੁਰੂ ਸਾਹਿਬਾਂ ਨੇ ਇਸ ਆਸ਼ੇ ਦੀ ਪੂਰਤੀ ਲਈ ਕਾਰਜ ਕੀਤਾ।

ਇਸ ਦੇ ਨਾਲ ਨਾਲ ਲੋਕਾਂ ਨੂੰ ਸੱਚੀ ਸੁੱਚੀ ਕਰਨੀ ਤੇ ਪਵਿੱਤਰ ਆਚਰਣ ਧਾਰਨ ਕਰਨ ਦੀ ਸਿਖਿਆ ਦਿੱੱਤੀ।

ਇਸ ਸਿਖਿਆ ਦੇ ਨਤੀਜੇ ਵਜੋਂ ਨੀਵੀਆਂ ਜ਼ਾਤਾਂ ਦੇ ਲੋਕ ਵੀ ਜੋ ਹੁਣ ਤਕ ਦੱਬੇ ਕੁਚਲੇ ਸਨ, ਸਵੈ ਵਿਸ਼ਵਾਸ ਨਾਲ ਸਿਰ ਉੱਚਾ ਕਰਕੇ ਵਿਚਰਨ ਜੋਗੇ ਹੋ ਗਏ।

ਗੁਰੂ ਸਾਹਿਬਾਨ ਨੇ ਇਹ ਵੀ ਜਤਨ ਕੀਤਾ ਕਿ ਹਿੰਦ ਵਾਸੀਆਂ ਦੇ ਅੰਦਰ ਬਿਨਾਂ ਜ਼ਾਤ ਜਾਂ ਧਰਮ ਦੇ ਵਿਤਕਰੇ ਦੇ ਕੌਮੀ ਸਾਂਝ ਦਾ ਜਜ਼ਬਾ ਪੈਦਾ ਕੀਤਾ ਜਾਏ ਅਤੇ ਹਕੂਮਤ ਦੇ ਜਬਰ ਦੇ ਵਿਰੁੱਧ ਲੜਨ ਦਾ ਹੌਂਸਲਾ ਜਗਾਇਆ ਜਾਏ।

ਇਸੇ ਖ਼ਾਤਰ ਪੰਚਮ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਨੇ ਸ਼ਹੀਦੀਆਂ ਦਿੱਤੀਆਂ। ਇਸ ਨਾਲ ਸਿੱਖਾਂ ਵਿਚ ਜੋਸ਼ ਵੀ ਜਾਗਿਆ।

ਪਰ ਨਾਲ ਹੀ ਇਹ ਵੀ ਵੇਖਿਆ ਗਿਆ ਕਿ ਗੁਰੂ ਜੀ ਦੀ ਸ਼ਹੀਦੀ ਦੇ ਬਾਅਦ ਦਿੱਲੀ ਦੇ ਸਿੱਖ ਭੈਭੀਤ ਹੋ ਗਏ ਅਤੇ ਆਪਣੀਆਂ ਜਾਨਾਂ ਬਚਾਉਣ ਲਈ ਸਿੱਖੀ ਤੋਂ ਮੁਨਕਰ ਹੋ ਗਏ।

ਇਹ ਗੱਲ ਸੁਣ ਕੇ ਦਸਮੇਸ਼ ਜੀ ਨੇ ਨਿਸਚਾ ਕੀਤਾ ਕਿ ਸਿੱਖਾਂ ਦਾ ਰੂਪ ਅਤੇ ਪਛਾਣ ਲਿਬਾਸ ਨਿਵੇਕਲੇ ਹੋਣੇ ਚਾਹੀਦੇ ਹਨ ਜਿਸ ਨਾਲ ਗੁਰਸਿੱਖ ਲੱਖਾਂ ਵਿਚੋਂ ਝਟ ਪਛਾਣਿਆ ਜਾ ਸਕੇ।

ਇਹ ਵੀ ਵੇਖਿਆ ਗਿਆ ਕਿ ਸਿੱਖਾਂ ਵਿਚ ਜ਼ਾਤ ਪਾਤ ਦੇ ਬੰਧਨ ਢਿੱਲੇ ਜ਼ਰੂਰ ਹੋਏ ਸਨ ਪਰ ਉਹ ਪੂਰੀ ਤਰ੍ਹਾਂ ਉਨ੍ਹਾਂ ਤੋਂ ਮੁਕਤ ਨਹੀਂ ਸਨ ਹੋਏ।

ਗੁਰ ਸਿੱਖਿਆ ਤੇ ਚਲਣ ਦਾ ਦਾਅਵਾ ਕਰਦੇ ਹੋਏ ਵੀ ਉਹ ਸਮੇਂ ਸਮੇਂ ਤੇ ਕਮਜ਼ੋਰੀ ਵਿਖਾ ਜਾਂਦੇ ਸਨ।

ਲੋੜ ਸੀ ਕਿ ਸਿੱਖਾਂ ਵਿਚ ਮਨੁੱਖੀ ਸਰਬ ਸਾਂਝ ਦੀ ਭਾਵਨਾ ਦ੍ਰਿੜ੍ਹ ਕੀਤੀ ਜਾਏ ਅਤੇ ਉਨ੍ਹਾਂ ਦੇ ਅੰਦਰ ਬੀਰ ਰਸ ਦਾ ਠਾਠਾਂ ਮਾਰਦਾ ਉਤਸ਼ਾਹ ਪੈਦਾ ਕੀਤਾ ਜਾਏ।

ਪਹਾੜੀ ਤੇ ਮੁਲ ਫ਼ੌਜਾਂ ਨਾਲ ਹੋਈਆਂ ਝੜਪਾਂ ਵਿਚ ਭਾਵੇਂ ਸਿੱਖ ਆਪਣੀ ਵੱਖਰੀ ਹੋਂਦ ਦਾ ਪ੍ਰਮਾਣ ਦੇ ਚੁਕੇ ਸਨ ਪਰ ਦਸਮੇਸ਼ ਗੁਰੂ ਜੀ ਅਨੁਭਵ ਕਰਦੇ ਸਨ ਕਿ ਇਸ ਕੌਮ ਨੂੰ ਸੰਪੂਰਨਤਾ ਤਕ ਪੁਚਾਉਣ ਦੀ ਲੋੜ ਹੈ ਅਤੇ ਇਸ ਨੂੰ ਵੱੱਖਰਾ ਰੂਪ ਅਤੇ ਬਾਣਾ ਦੇਣਾ ਜ਼ਰੂਰੀ ਹੈ।

ਉਹ ਸਿੱਖਾਂ ਨੂੰ ਅਜਿਹੇ ਸੰਤ ਸਿਪਾਹੀ ਬਣਾਉਣਾ ਚਾਹੁੰਦੇ ਸਨ ਜਿਨ੍ਹਾਂ ਦੀ ਰਹਿਣੀ ਬਹਿਣੀ ਸੰਤਾਂ ਵਾਲੀ ਅਤੇ ਵਿਵਹਾਰ ਬੀਰ ਸੂਰਮਿਆਂ ਵਾਲਾ ਹੋਵੇ।

ਵੱਖਰਾ ਬਾਣਾ ਤੇ ਵੱਖਰੀ ਪਛਾਣ ਹੋਣ ਨਾਲ ਉਨ੍ਹਾਂ ਨੂੰ ਇਸ ਦੀ ਲਾਜ ਨਮੂਜ ਦੀ ਖ਼ਾਤਰ ਉੱਚੇ ਆਦਰਸ਼ਾਂ ਤੇ ਚਲਣਾ ਪਵੇਗਾ ਤੇ ਉਹ ਪੈਰ ਪਿੱਛੇ ਨਾ ਹਟਾ ਸਕਣਗੇ।

ਅਜਿਹਾ ਵਿਚਾਰ ਕਰਕੇ ਦਸਮ ਗੁਰੂ ਜੀ ਨੇ ਖ਼ਾਲਸਾ ਪੰਥ ਸਾਜਣ ਦਾ ਫ਼ੈਸਲਾ ਕੀਤਾ।

Disclaimer Privacy Policy Contact us About us