ਜੰਗ ਯੁਧ ਦੀਆਂ ਬਾਲ ਖੇਡਾਂ


ਬਾਲ ਗੋਬਿੰਦ ਹੌਲੀ ਹੌਲੀ ਪੰਜਾਂ ਵਰਿਆਂ ਦੇ ਹੋ ਗਏ। ਹੁਣ ਆਪ ਆਪਣੇ ਹਾਣੀਆਂ ਨਾਲ ਨਗਰ ਦੇ ਬਾਹਰ ਗੰਗਾ ਦੇ ਕਿਨਾਰੇ ਖੇਡਣ ਜਾਣ ਲੱਗੇ।

ਉਥੇ ਉਹ ਅਜਿਹੀਆਂ ਖੇਡਾਂ ਖੇਡਦੇ ਜੋ ਉਨ੍ਹਾਂ ਤੋਂ ਵੱਡੀ ਉਮਰ ਦੇ ਬਾਲਕਾਂ ਲਈ ਵੀ ਵਚਿੱਤਰ ਹੁੰਦੀਆਂ।

ਇਕ ਦਿਨ ਮਾਮਾ ਕ੍ਰਿਪਾਲ ਦਾਸ ਸਬੱਬ ਨਾਲ ਉਧਰ ਚਲੇ ਗਏ ਤਾਂ ਉਨ੍ਹਾਂ ਨੇ ਉਸ ਵਚਿੱਤਰ ਖੇਡ ਦੀ ਝਲਕ ਵੇਖੀ।

ਉਨ੍ਹਾਂ ਨੇ ਵੇਖਿਆ ਕਿ ਗੋਬਿੰਦ ਜੀ ਆਪਣੇ ਹਾਣੀਆਂ ਦੀਆ ਦੋ ਟੋਲੀਆਂ ਬਣਾਈਆਂ ਹੋਈਆ ਹਨ। ਹਰ ਟੋਲੀ ਵਿੱਚ ਪੰਜ ਪੰਜ ਬਾਲਕ ਹਨ।

ਉਨ੍ਹਾਂ ਸਭਨਾਂ ਦੇ ਹੱਥਾਂ ਵਿਚ ਕਾਨਿਆਂ ਦੀਆਂ ਛਮਕਾਂ ਹਨ ਤੇ ਉਹ ਆਹਮੋ ਸਾਹਮਣੇ ਖੜੀਆਂ ਬੜੇ ਜੋਸ਼ ਤੇ ਕੌਸ਼ਲ ਨਾਲ ਆਪਸ ਵਿਚ ਨਕਲੀ ਯੁੱਧ ਕਰ ਰਹੀਆਂ ਹਨ।

ਦੋਹਾਂ ਟੋਲੀਆਂ ਦੇ ਸਿਰ ਤੇ ਉਨ੍ਹਾਂ ਦਾ ਸੈਨਾਪਤੀ ਖੜਾ ਸੀ। ਉਹ ਬੜੇ ਸ਼ੌਕ ਨਾਲ ਉਨ੍ਹਾਂ ਦਾ ਬਾਲ ਯੁੱਧ ਵੇਖ ਰਿਹਾ ਸੀ।

ਜਦੋਂ ਕੋਈ ਸੈਨਕ ਕੋਈ ਭੁੱਲ ਕਰਦਾ ਜਾਂ ਕੋਈ ਅਯੋਗ ਹਰਕਤ ਕਰਦਾ ਤਾਂ ਉਹ ਝਟ ਉਸ ਦੀ ਸੋਧ ਕਰਦਾ। ਵਿਚ ਵਿਚ ਉਹ ਵਾਹ ਵਾਹ ਤੇ ਸ਼ਾਬਾਸ਼ ਆਦਿ ਸ਼ਬਦਾਂ ਦੁਆਰਾ ਉਨ੍ਹਾਂ ਦਾ ਹੌਂਸਲਾ ਵਧਾਉਂਦਾ।

ਸੈਨਾਪਤੀ ਤੇ ਇਹ ਸੈਨਾਪਤੀ ਕਿੰਨਾ ਵਚਿੱਤਰ ਸੀ! ਉਮਰ ਵਿਚ ਤਾਂ ਉਹ ਆਪਣੇ ਸਾਥੀਆਂ ਦੇ ਬਰਾਬਰ ਹੀ ਸੀ ਪਰ ਕੱਦ ਉਸ ਦਾ ਨਿਕਲਵਾਂ ਸੀ ਤੇ ਜਿਥੇ ਦੂਜੇ ਬਾਲਕਾਂ ਨੇ ਸਾਧਾਰਨ ਕਪੜੇ ਪਾਏ ਹੋਏ ਸਨ, ਉਸ ਨੇ ਚੁਸਤ ਪਜਾਮਾ, ਕੇਸਰੀ ਚੋਲਾ ਤੇ ਗੁਲਾਬੀ ਦਸਤਾਰ ਸਜਾਈ ਹੋਈ ਸੀ।

ਉਸ ਦੇ ਮੋਢੇ ਤੇ ਕਮਾਨ ਲਟਕ ਰਹੀ ਸੀ, ਲੱਕ ਨਾਲ ਕੱਸਵਾਂ ਪਟਕਾ ਬੱਝਾ ਸੀ ਤੇ ਉਸ ਵਿਚ ਨੰਨ੍ਹੀ ਕ੍ਰਿਪਾਨ ਖੋਂਸੀ ਹੋਈ ਸੀ। ਚਿਹਰਾ ਉਸ ਦਾ ਦਗ-ਦਗ ਕਰਦਾ ਸੀ ਤੇ ਮਸਤਕ ਉਪਰ ਅਨੋਖਾ ਤੇਜ ਸੀ।

ਜਦੋਂ ਉਹ ਬੋਲਦਾ ਤਾਂ ਉਹਦੀ ਆਵਾਜ਼ ਵਿਚ ਇਕੋ ਵੇਲੇ ਇਕ ਸੈਨਾਪਤੀ ਦੀ ਡਬਕ ਤੇ ਇਕ ਸਾਥੀ ਦੀ ਕੋਮਲਤਾ ਹੁੰਦੀ।

ਸ਼ਾਇਦ ਉਸ ਦੇ ਇਨ੍ਹਾਂ ਅਨੋਖੇ ਗੁਣਾਂ ਕਰਕੇ ਹੀ ਉਸ ਦੇ ਖੇਡ ਦੇ ਸਾਥੀ ਉਸ ਦੇ ਹੁਕਮ ਤੇ ਚਲਣ ਵਿਚ ਮਾਨ ਸਮਝਦੇ ਸਨ।

Disclaimer Privacy Policy Contact us About us