ਖਾਲਸੇ ਦੀ ਸਾਜਨਾ


ਗੁਰੂ ਜੀ ਖ਼ਾਲਸਾ ਪੰਥ ਨੂੰ ਇਕ ਅਜਿਹੇ ਮਜ਼ਬੂਤ ਸੰਗਠਨ ਦਾ ਰੂਪ ਦੇਣਾ ਚਾਹੁੰਦੇ ਸਨ ਜਿਸ ਦਾ ਉੱਚਾ ਮਨੋ-ਬਲ ਹੋਵੇ ਤੇ ਆਪਾ ਵਾਰਨ ਦੀ ਤੀਬਰ ਭਾਵਨਾ ਹੋਵੇ।

ਸਿਰਜਣਾ ਦਾ ਇਹ ਮਹਾਨ ਕਾਰਜ ਸੰਨ 1699 ਈ: ਦੀ ਵਿਸਾਖੀ ਦੇ ਅਵਸਰ ਤੇ ਸੰਪੰਨ ਹੋਇਆ।

ਉਸ ਦਿਨ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋਇਆ। ਦੂਰ ਦੂਰ ਤੋਂ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਹੋਏ ਸਨ।

ਗੁਰੂ ਕਾ ਲੰਗਰ ਅਤੁੱਟ ਜਾਰੀ ਸੀ। ਚਾਰੇ ਪਾਸੇ ਸ਼ਰਧਾ, ਉਤਸ਼ਾਹ ਤੇ ਹੁਲਾਸ ਦਾ ਵਾਤਾਵਰਣ ਬਣਿਆ ਹੋਇਆ ਸੀ।

ਕੇਸਗੜ੍ਹ ਵਿਖੇ ਸਵੇਰ ਦਾ ਦੀਵਾਨ ਸਜਿਆ ਹੋਇਆ ਸੀ। ਦੀਵਾਨ ਅਸਥਾਨ ਦੇ ਕੋਲ ਹੀ ਇਕ ਵੱਡਾ ਸਾਰਾ ਤੰਬੂ ਲੱਗਾ ਹੋਇਆ ਸੀ।

ਤੰਬੂ ਦੇ ਬੂਹੇ ਅੱਗੇ ਪਰਦਾ ਲਟਕ ਰਿਹਾ ਸੀ। ਸੰਗਤਾਂ ਦੀਆਂ ਨਜ਼ਰਾਂ ਵਾਰ ਵਾਰ ਤੰਬੂ ਵਲ ਜਾਂਦੀਆਂ, ਪਰ ਕੋਈ ਨਹੀਂ ਸੀ ਜਾਣਦਾ ਕਿ ਉਸ ਦੇ ਅੰਦਰ ਕੀ ਹੈ?

ਦੀਵਾਨ ਵਿਚ ਬਾਣੀ ਦਾ ਕੀਰਤਨ ਹੋ ਰਿਹਾ ਸੀ। ਰਾਗੀ ਰਸ ਭਿੰਨੀ ਅਵਾਜ਼ ਵਿਚ ਸ਼ਬਦ ਗਾ ਰਹੇ ਸਨ। ਸੰਗਤਾਂ ਸ਼ਰਧਾ ਨਾਲ ਸੁਣਦੀਆਂ ਤੇ ਸਰੂਰ ਵਿਚ ਝੂਮ ਰਹੀਆ ਸਨ।

ਕੀਰਤਨ ਦਾ ਭੋਗ ਪਿਆ। ਰਾਗੀ ਆਪਣੇ ਸਾਜ਼ ਸਮੇਟਣ ਲੱਗੇ।

ਅਚਾਨਕ ਦਸ਼ਮੇਸ਼ ਗੁਰੂ ਜੀ ਆਪਣੇ ਆਸਣ ਤੋਂ ਉੱਠੇ। ਇਕ ਭਰਪੂਰ ਪੜਚੋਲਵੀਂ ਨਜ਼ਰ ਆਪ ਨੇ ਸੰਗਤਾਂ ਤੇ ਮਾਰੀ ਜਿਵੇਂ ਕੋਈ ਪਰਖ ਕਰਦੇ ਹੋਣ।

ਉਸ ਵੇਲੇ ਆਪ ਦੇ ਚਿਹਰੇ ਦੀ ਛਬ ਵੇਖਣ ਵਾਲੀ ਸੀ, ਸਮਤਕ ਤੇ ਨੂਰ, ਅੱਖਾਂ ਵਿਚ ਜੋਸ਼ ਦੀ ਚਮਕ ਤੇ ਬੁਲ੍ਹ ਕਿਸੇ ਦ੍ਰਿੜ੍ਹ ਇਰਾਦੇ ਵਿਚ ਘੁੱਟੇ ਹੋਏ।

ਅਜਿਹੀ ਅਨੋਖੀ, ਅਜਿਹੀ ਬਾਂਕੀ ਛਬ ਸਿੱਖਾਂ ਨੇ ਅੱਗੇ ਕਦੀ ਨਹੀਂ ਸੀ ਤੱਕੀ। ਸਭ ਹੈਰਾਨ ਸਨ। ਕੋਈ ਨਵੀਂ ਗੱਲ ਵਾਪਰਨ ਵਾਲੀ ਹੈ। ਕਈ ਇੰਝ ਸੋਚ ਰਹੇ ਸਨ।

Disclaimer Privacy Policy Contact us About us