ਸੀਸ ਦੀ ਮੰਗ


ਅਚਾਨਕ ਗੁਰੂ ਜੀ ਨੇ ਆਪਣੀ ਕ੍ਰਿਪਾਨ ਮਿਆਨ ਵਿਚੋਂ ਕੱਢ ਲਈ। ਨੰਗੀ ਕ੍ਰਿਪਾਨ ਤੇ ਇਕ ਭਰਪੂਰ ਨਜ਼ਰ ਮਾਰੀ ਤੇ ਫੇਰ ਉਸ ਨੂੰ ਹਵਾ ਵਿਚ ਲਹਿਰਾ ਕੇ ਅਨੋਖੀ, ਜੋਸ਼-ਭਰੀ ਅਵਾਜ਼ ਵਿਚ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ-

'ਅਜ ਸਾਡੀ ਕ੍ਰਿਪਾਨ ਕਿਸੇ ਬੀਰ ਸਿੱਖ ਦੇ ਸੀਸ ਦੀ ਭੇਟਾ ਮੰਗਦੀ ਹੈ... ਲਹੂ ਦਾ ਸੁਆਦ ਚੱਖਣਾ ਚਾਹੁੰਦੀ ਹੈ। ਹੈ ਕੋਈ ਸੱਚਾ ਸਿੱਖ ਜਿਹੜਾ ਇਸ ਦੀ ਪਿਆਸ ਮਿਟਾ ਸਕੇ?'

ਪੰਡਾਲ ਵਿਚ ਸੱਨਾਟਾ ਛਾ ਗਿਆ।

ਲੋਕਾਂ ਦੇ ਦਿਲ ਧੜਕ ਉੱਠੇ।

ਇਹ ਅਜ ਗੁਰੂ ਜੀ ਨੂੰ ਕੀ ਸੁੱਝੀ ਹੈ?... ਕੀ ਗੁਰੂ ਘਰ ਹੁਣ ਨਰ-ਬਲੀ ਲਿਆ ਕਰੇਗਾ?... ਗੁਰੂ ਨਾਨਕ, ਗੁਰੂ ਅਰਜਨ, ਗੁਰੂ ਤੇਗ ਬਹਾਦਰ ਦੀ ਸ਼ਾਂਤ ਪਰੰਪਰਾ ਖ਼ਤਮ ਹੋ ਗਈ? ਦਸਮ ਗੁਰੂ ਨੇ ਹਿੰਸਾ ਤੇ ਬਲੀਦਾਨ ਦੀ ਰਾਹ ਪਕੜ ਲਿਤੀ..?

ਸੰਗਤ ਚੁੱਪ... ਸਿਰ ਨੀਵੇਂ ... ਦਿਲ ਭੈਭੀਤ..!

ਗੁਰੂ ਦੀ ਮੰਗ ਦਾ ਕੋਈ ਉੱਤਰ ਨਹੀਂ!

ਤਦ ਗੁਰੂ ਜੀ ਦੀ ਅਵਾਜ਼ ਫੇਰ ਪੰਡਾਲ ਵਿਚ ਗੂੰਜੀ- 'ਕੀ ਐਨੀ ਸੰਗਤ ਵਿਚ ਇਕ ਵੀ ਸੱਚਾ ਸਿੱਖ ਨਹੀਂ ਜਿਹੜਾ ਆਪਣੇ ਗੁਰੂ ਲਈ ਸਿਰ ਭੇਟਾ ਕਰ ਸਕੇ?'

ਫੇਰ ਵੀ ਕੋਈ ਜਵਾਬ ਨਹੀਂ... ਕੋਈ ਸਿੱਖ ਨਹੀਂ ਨਿੱਤਰਿਆ...।

ਗੁਰੂ ਜੀ ਨੇ ਤੀਜੀ ਲਲਕਾਰ ਮਾਰੀ।

ਇਸ ਵਾਰ ਪੰਡਾਲ ਦੀ ਇਕ ਨੁੱਕਰ ਵਿਚ ਕੁਝ ਹਿਲ ਜੁਲ ਪੈਦਾ ਹੋਈ। ਇਕ ਸਿੱਖ ਹੌਲੀ ਜਿਹੀ ਆਪਣੀ ਜਗ੍ਹਾ ਤੋਂ ਉੱਠ ਕੇ ਗੁਰੂ ਜੀ ਸਨਮੁੱਖ ਆਇਆ ਤੇ ਆਪਣਾ ਸਿਰ ਉਨ੍ਹਾਂ ਦੇ ਅੱਗੇ ਝੁਕਾ ਕੇ ਨਿੰਮ੍ਰਤਾ ਨਾਲ ਬੋਲਿਆ-

'ਸੇਵਕ ਦਾ ਸਿਰ ਹਾਜ਼ਰ..! ਧੰਨ ਭਾਗ ਜੋ ਇਹ ਆਪ ਦੇ ਕੰਮ ਆ ਸਕੇ'।

ਇਹ ਸਿੱਖ ਲਾਹੌਰ ਦਾ ਵਸਨੀਕ ਭਾਈ ਦਇਆ ਰਾਮ ਸੀ। ਗੁਰੂ ਜੀ ਨੇ ਪਿਆਰ ਤੇ ਸਨੇਹ ਨਾਲ ਭਾਈ ਦਇਆ ਰਾਮ ਵਲ ਵੇਖਿਆ।

ਫਿਰ ਕੋਮਲਤਾ ਨਾਲ ਉਸ ਦੀ ਬਾਂਹ ਫੜ ਕੇ ਤੰਬੂ ਦੇ ਅੰਦਰ ਲੈ ਗਏ। ਸਾਰੀ ਸੰਗਤ ਦੀਆਂ ਅੱਖਾਂ ਤੇ ਕੰਨ ਤੰਬੂ ਵਲ ਲਗ ਗਏ।

ਪਲ ਭਰ ਦੀ ਚੁੱਪ ਤੋਂ ਬਾਅਦ ਤੰਬੂ ਦੇ ਅੰਦਰੋਂ ‘ਖਟ' ਕਰਕੇ ਆਵਾਜ਼ ਸੁਣਾਈ ਦਿੱਤੀ ਜਿਵੇਂ ਕ੍ਰਿਪਾਨ ਕਿਸੇ ਸਖ਼ਤ ਚੀਜ਼ ਤੇ ਵੱਜੀ ਹੋਵੇ ਤੇ ਫੇਰ ਅਗਲੇ ਪਲ ਗੁਰੂ ਜੀ ਤੰਬੂ ਦੇ ਦਰਵਾਜ਼ੇ ਅੱਗੇ ਪ੍ਰਗਟ ਹੋਏ।

ਪਰ ਇਸ ਹਾਲਤ ਵਿਚ? ਅੱਖਾਂ ਵਿਚ ਲਾਲੀ, ਚਿਹਰੇ ਤੇ ਜਲਾਲ ਅਤੇ ਹੱਥ ਵਿਚ ਲਹੂ ਲਿਬੜੀ ਕ੍ਰਿਪਾਨ...।

ਦੀਵਾਨ ਵਿਚ ਬੈਠੀ ਸੰਗਤ ਇਹ ਵੇਖ ਕੇ ਭੈ-ਭੀਤ ਹੋ ਉੱਠੀ। ਕਈਆਂ ਦਾ ਤ੍ਰਾਹ ਨਿਕਲ ਗਿਆ।

ਪਰ ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝਦੇ, ਹਵਾਸ ਸੰਭਾਲਦੇ ਗੁਰੂ ਸਾਹਿਬ ਦੀ ਗਰਜਵੀਂ ਅਵਾਜ਼ ਫੇਰ ਉਨ੍ਹਾਂ ਦੇ ਕੰਨਾਂ ਵਿਚ ਗੂੰਜੀ।

ਗੁਰੂ ਸਾਹਿਬ ਇਕ ਹੋਰ ਸਿੱਖ ਦਾ ਸੀਸ ਮੰਗ ਰਹੇ ਸਨ।

ਹੁਣ ਤਾਂ ਲੋਕਾਂ ਨੂੰ ਡੋਬ ਪੈਣ ਲੱਗੇ। ਤ੍ਰਾਹ ਨਿਕਲ ਗਏ। ਕਈ ਕਮਜ਼ੋਰ ਦਿਲ ਚੁੱਪ ਕੀਤੇ ਦੀਵਾਨ ਵਿਚੋਂ ਖਿਸਕ ਗਏ। ਬਾਕੀ ਖ਼ਾਮੋਸ਼ ਤੇ ਸਹਿਮੇ ਹੋਏ, ਜਿਵੇਂ ਪੱਥਰ ਦੇ ਬੁੱਤ ਬਣ ਗਏ ਹੋਣ।

ਗੁਰੂ ਜੀ ਦੀ ਵੰਗਾਰ ਤੇ ਇਸ ਵਾਰ ਦਿੱਲੀ ਦੇ ਪਾਸੇ ਦਾ ਇਕ ਜੱਟ ਸਿੱਖ ਧਰਮ ਦਾਸ ਅੱਗੇ ਆਇਆ ਤੇ ਹੱਥ ਜੋੜ ਕੇ ਸਿਰ ਨਿਵਾ ਕੇ ਬੋਲਿਆ-

'ਸੇਵਕ ਦਾ ਸਿਰ ਹਾਜ਼ਰ ਹੈ!'

ਗੁਰੂ ਜੀ ਭਾਈ ਧਰਮ ਦਾਸ ਨੂੰ ਵੀ ਤੰਬੂ ਦੇ ਅੰਦਰ ਲੈ ਗਏ। ਇਕ ਵਾਰ ਫੇਰ ਸੰਗਤਾਂ ਦੇ ਦਿਲ ਜ਼ੋਰ ਨਾਲ ਧੜਕੇ।

ਗੁਰੂ ਜੀ ਇਹ ਕੀ ਲੀਲ੍ਹਾ ਕਰ ਰਹੇ ਹਨ?... ਉਨ੍ਹਾਂ ਦਾ ਦਿਲ ਤਾਂ ਨਹੀਂ ਹਿਲ ਗਿਆ?... ਮਸਤਕ ਤਾਂ ਨਹੀਂ ਫਿਰ ਗਿਆ...?

ਗੁਰੂ ਜੀ ਤੰਬੂ ਦੇ ਦਰਵਾਜ਼ੇ ਤੇ ਫੇਰ ਪ੍ਰਗਟ ਹੋਏ ਤੇ ਗੁਰੂ ਜੀ ਨੇ ਤੀਜੇ ਸਿਰ ਦੀ ਮੰਗ ਕਰ ਦਿਤੀ।

ਐਤਕੀਂ ਦਵਾਰਕਾ ਦੇ ਭਾਈ ਮੁਹਕਮ ਚੰਦ ਨੇ ਸੀਸ ਭੇਟਾ ਕੀਤਾ।

ਭਾਈ ਮੁਹਕਮ ਚੰਦ ਜ਼ਾਤ ਵਲੋਂ ਛੀਂਬੇ ਸਨ। ਜਦੋਂ ਉਨ੍ਹਾਂ ਉਪਰ ਤਲਵਾਰ ਵਗੀ ਤਾਂ ਲਹੂ ਦੀ ਨਦੀ ਤੰਬੂ ਦੇ ਬਾਹਰ ਤਕ ਵਹਿ ਤੁਰੀ।

ਚੌਥਾ ਸੀਸ ਭਾਈ ਸਾਹਿਬ ਚੰਦ ਨਾਈ ਨੇ ਪੇਸ਼ ਕੀਤਾ।

ਪੰਜਵਾਂ ਸੀਸ ਭਾਈ ਹਿੰਮਤ ਰਾਏ ਝਿਊਰ ਵਲੋਂ ਹੋਇਆ।

ਹੁਣ ਗੁਰੂ ਜੀ ਕੁਝ ਸਮਾਂ ਤੰਬੂ ਦੇ ਅੰਦਰ ਰਹੇ। ਸੰਗਤ ਸਾਹ ਰੋਕੀ ਤੰਬੂ ਵਲ ਵੇਖਦੀ ਰਹੀ, ਦੀਵਾਨ ਵਿਚ ਮੌਤ ਵਰਗੀ ਚੁੱਪ ਛਾਈ ਹੋਈ ਸੀ।

ਕੁੱਛੜ ਦੇ ਬਾਲ ਤਕ ਸਹਿਮੇ ਹੋਏ ਮਾਵਾਂ ਦੇ ਨਾਲ ਚੰਬੜੇ ਹੋਏ ਸਨ। ਕੋਈ ਨਹੀਂ ਜਾਣਦਾ ਸੀ ਕਿ ਹੁਣ ਕੀ ਹੋਵੇਗਾ?... ਅੱਗੋਂ ਕਿਹੜਾ ਭਾਣਾ ਵਰਤੇਗਾ?

Disclaimer Privacy Policy Contact us About us