ਪੰਜ ਪਿਆਰੇ


ਫੇਰ ਜਿਹੜਾ ਭਾਣਾ ਵਰਤਿਆ, ਉਸ ਨੂੰ ਲੋਕਾਂ ਨੂੰ ਦੰਗ ਕਰ ਦਿੱਤਾ। ਕੀ ਵੇਖਦੇ ਹਨ ਕਿ ਗੁਰੂ ਜੀ ਇਕ ਵਾਰ ਫੇਰ ਸ਼ਾਮਿਆਨੇ ਦੇ ਦਵਾਰ ਤੇ ਪ੍ਰਗਟ ਹੋਏ ਹਨ। ਪਰ ਹੁਣ ਉਹਨਾਂ ਦੇ ਮੁੱਖ ਤੇ ਜੋਸ਼ ਦੀ ਸੁਰਖ਼ੀ ਨਹੀਂ ਹੈ, ਰੋਹ ਦੀ ਸਖ਼ਤੀ ਨਹੀਂ ਹੈ,

ਹੱਥ ਵਿਚ ਲਹੂ ਲਿੱਬੜੀ ਕ੍ਰਿਪਾਨ ਨਹੀਂ ਹੈ.. ਇਸ ਦੀ ਥਾਂ ਉਹਨਾਂ ਦੇ ਮੁਖੜੇ ਤੇ ਗਰਵ ਦੀ ਚਮਕ ਹੈ, ਅੱਖਾਂ ਵਿਚ ਕੋਮਲਤਾ ਹੈ ਤੇ ਬੁਲ੍ਹਾਂ ਤੇ ਮਿੱਠੀ ਮੁਸਕਣੀ ਹੈ... ਤੇ ਕ੍ਰਿਪਾਨ ਮਿਆਨ ਵਿਚ ਬੰਦ ਹੈ। ਸਿੱਖਾਂ ਦੇ ਸਾਹ ਵਿਚ ਸਾਹ ਆਇਆ।

'ਸ਼ੁਕਰ ਹੈ, ਗੁਰੂ ਜੀ ਆਪਣੇ ਆਪ ਵਿਚ ਆ ਗਏ ਹਨ!' ਸੰਗਤ ਨੇ ਸੋਚਿਆ।

ਪਰ ਅਸਲ ਕੌਤਕ ਤਾਂ ਅਜੇ ਸੰਗਤ ਨੇ ਵੇਖਣਾ ਸੀ।

ਗੁਰੂ ਜੀ ਪਲ ਕੁ ਭਰ ਤੰਬੂ ਦੇ ਦਵਾਰ ਅੱਗੇ ਖੜੇ ਰਹੇ, ਫੇਰ ਮਸਤਾਨੀ ਚਾਲ ਨਾਲ ਚਲਦੇ ਦੀਵਾਨ ਅਸਥਾਨ ਵਲ ਵੱਧੇ।

ਉਸ ਵੇਲੇ ਉਨ੍ਹਾਂ ਦੇ ਪਿੱਛੇ ਉਹ ਪੰਜੇ ਸਿੱਖ ਜਿਨ੍ਹਾਂ ਨੇ ਸੀਸ ਭੇਟਾ ਕੀਤੇ ਸਨ, ਜੀਊਂਦੇ ਜਾਗਦੇ ਤੇ ਸਹੀ ਸਲਾਮਤ ਤੰਬੂ ਦੇ ਬਾਹਰ ਪ੍ਰਗਟ ਹੋਏ ਅਤੇ ਕਹੇ ਸਜੀਲੇ ਰੂਪ ਵਿਚ!

ਸਿਰ ਤੇ ਲਿਸ਼ ਲਿਸ਼ ਕਰਦੇ ਕੇਸਰੀ ਦਸਤਾਰੇ, ਗਲ ਵਿਚ ਚਮਕਦੇ ਪੀਲੇ ਚੋਗੇ, ਚੋਗਿਆਂ ਨਾਲ ਬੱਝੇ ਦੁੱਧ ਚਿੱਟੇ ਕਮਰ-ਕੱਸੇ ਅਤੇ ਤੇੜ ਗੋਡਿਆਂ ਤਕ ਲੰਮੇ ਬਰਫ਼ ਚਿੱਟੇ ਕਛਹਿਰੇ...।

ਦਾਹੜੇ ਉਨ੍ਹਾਂ ਦੇ ਖੁਲ੍ਹੇ ਸਨ ਤੇ ਵੀਣੀਆਂ ਵਿਚ ਲੋਹੇ ਦੇ ਚਮਕਦੇ ਕੜੇ ਸਜੇ ਸਨ। ਉਨ੍ਹਾਂ ਦੇ ਚਿਹਰੇ ਦਗ ਦਗ ਕਰ ਰਹੇ ਸਨ ਤੇ ਅੱਖਾਂ ਚਮਕ ਰਹੀਆਂ ਸਨ ਤੇ ਬੁਲ੍ਹ ਫਰਕ ਰਹੇ ਸਨ, ਬਾਣੀ ਦਾ ਪਾਠ ਕਰਦੇ ਹੋਏ।

ਗੁਰੂ ਜੀ ਦੇ ਮਗਰ ਚਲਦੇ ਉਹ ਵੀ ਦੀਵਾਨ ਅਸਥਾਨ ਤਕ ਆ ਗਏ।

ਤਦ ਗੁਰੂ ਜੀ ਨੇ ਸੰਗਤ ਨੂੰ ਦਸਿਆ-

'ਇਹ ਪੰਜ ਪਿਆਰੇ ਹਨ!'

Disclaimer Privacy Policy Contact us About us