ਆਪੇ ਗੁਰ ਚੇਲਾ


ਹੁਣ ਗੁਰੂ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਇ ਦੀ ਥਾਂ ਗੋਬਿੰਦ ਸਿੰਘ ਨਾਮ ਧਾਰਨ ਕੀਤਾ।

ਇਸ ਪ੍ਰਕਾਰ ਆਪ ਨੇ ਸੰਗਤ ਨੂੰ ਦਸਿਆ ਕਿ ਪੰਜ ਪਿਆਰੇ ਸੰਗਤ ਵਿਚ ਸਰਵ ਉਪਰ ਮੰਨੇ ਜਾਣਗੇ।

ਫੇਰ ਗੁਰੂ ਜੀ ਨੇ ਸੰਗਤ ਨੂੰ ਦਸਿਆ ਕਿ ਜਿਹੜਾ ਪ੍ਰਾਣੀ ਅੰਮ੍ਰਿਤ ਛਕੇਗਾ, ਉਸ ਦੇ ਅੰਦਰ ਸਵਾ ਲੱਖ ਨਾਲ ਲੜਨ ਦੀ ਸ਼ਕਤੀ ਆ ਜਾਏਗੀ ਤੇ ਮੌਤ ਦਾ ਭੈ ਨੱਸ ਜਾਏਗਾ।

ਤੁਸੀਂ ਦੀਨਾਂ, ਅਨਾਥਾਂ, ਜ਼ਾਬਰਾਂ ਹਥੋਂ ਸਤਾਏ ਨਿਤਾਣਿਆਂ ਤੇ ਨਿਆਸਰਿਆਂ ਦੀ ਬਾਂਹ ਫੜਨੀ ਹੈ। ਜ਼ਬਰ ਹੁੰਦਾ ਵੇਖ ਕੇ ਦੜ ਨਹੀਂ ਵੱਟਣੀ, ਸਗੋਂ ਅੱਗੇ ਹੋ ਕੇ ਉਸ ਦਾ ਟਾਕਰਾ ਕਰਨਾ ਹੈ।

ਕਿਸੇ ਦਾ ਡਰ ਨਹੀਂ ਮੰਨਣਾ, ਧਰਮ ਨਹੀਂ ਛੱਡਣਾ ਭਾਵੇਂ ਜਾਣ ਦੇਣੀ ਪਏ।

ਤੁਸੀ ਇਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤਾ ਦੀ ਪੂਜਾ ਨਹੀਂ ਕਰਨੀ, ਕਿਸੇ ਮੂਰਤੀ ਅੱਗੇ ਮੱਥਾ ਨਹੀਂ ਟੇਕਣਾ।

ਰੋਜ਼ ਗੁਰਬਾਣੀ ਦਾ ਪਾਠ ਕਰਨਾ ਤੇ ਪੰਜਾਂ ਕਕਾਰਾਂ ਦੀ ਰਹਿਤ ਰਖਣੀ। ਇਹ ਤੁਹਾਡੀ ਪੰਜ ਕਕਾਰੀ ਵਰਦੀ ਹੈ।

ਤੁਹਾਡਾ ਆਚਰਣ ਉੱਚਾ-ਸੁੱਚਾ ਤੇ ਪਵਿੱਤਰ ਹੋਵੇਗਾ। ਕਿਸੇ ਦਾ ਹੱਕ ਨਹੀਂ ਮਾਰਨਾ, ਪਰਾਈ ਇਸਤਰੀ ਦਾ ਸੰਗ ਨਹੀਂ ਕਰਨਾ। ਬੁਰੇ ਕੰਮਾਂ ਤੋਂ ਬਚਣਾ ਤੇ ਨੇਕ ਕੰਮਾਂ ਲਈ ਤਤਪਰ ਰਹਿਣਾ।

ਤਮਾਕੂ, ਸ਼ਰਾਬ, ਭੰਗ, ਪੋਸਤ ਆਦਿ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਇਸ ਰਹਿਤ ਤੇ ਪੂਰੀ ਦ੍ਰਿੜਤਾ ਨਾਲ ਚਲਣਾ।

ਇਸ ਪ੍ਰਕਾਰ ਉਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕਿਹਾ ਕਿ ਤੁਸੀਂ ਮੇਰਾ ਖ਼ਾਸ ਰੂਪ ਖਾਲਸਾ ਹੋ, ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ।

ਮੈਂ ਤੁਹਾਡਾ ਗੁਰੂ ਹਾਂ, ਤੁਸੀਂ ਇਕੱਠੇ ਤੌਰ ਤੇ ਮੇਰੇ ਗੁਰੂ ਹੋ। ਜਿਥੇ ਕਿਤੇ ਪੰਥ ਨੂੰ ਕੋਈ ਸਮੱਸਿਆ ਆਵੇ, ਪੰਜ ਪਿਆਰੇ ਮਿਲ ਬੈਠ ਕੇ ਉਸ ਦਾ ਨਿਰਣਾ ਕਰਨਗੇ। ਉਹ ਗੁਰੂ ਦਾ ਨਿਰਣਾ ਹੋਵੇਗਾ।

ਸੰਗਤ ਵਿਚ ਬੈਠੇ ਸਿੱਖਾਂ ਨੂੰ ਪਛਤਾਵਾ ਹੋਣ ਲੱਗਾ ਕਿ ਉਹਨਾਂ ਨੇ ਕਿਉਂ ਨਾ ਆਪਣਾ ਆਪ ਗੁਰੂ ਜੀ ਦੇ ਅੱਗੇ ਅਰਪਣ ਕੀਤਾ। ਉਹ ਕਿਉਂ ਡਰ ਗਏ। ਗੁਰੂ ਜੀ ਤਾਂ ਕੇਵਲ ਸਾਡੀ ਪ੍ਰੀਖਿਆ ਲੈ ਰਹੇ ਸਨ।

ਪਰ ਜਦੋਂ ਗੁਰੂ ਜੀ ਨੇ ਸਰਬਤ ਸੰਗਤ ਨੂੰ ਅੰਮ੍ਰਿਤ ਛਕਣ ਦਾ ਸੱਦਾ ਦਿੱਤਾ ਤਦ ਤਾਂ ਸਭੇ ਮਾਈ ਭਾਈ ਅੰਮ੍ਰਿਤ ਛਕਣ ਤੇ ਸਿੰਘ ਬਣਨ ਲਈ ਉਲ੍ਹਰ ਪਏ।

ਉਸ ਦਿਨ ਵੀਹ ਹਜ਼ਾਰ ਤੋਂ ਵਧ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਇਵੇਂ ਜ਼ਾਤ ਪਾਤ ਦੇ ਚੱਕਰ ਅਤੇ ਜਨਮ ਮਰਨ ਦੇ ਭੈ ਤੋਂ ਆਜ਼ਾਦ ਹੋ ਕੇ ਸਿੰਘ ਭਾਵ ਸ਼ੇਰ ਮਰਦ ਬਣ ਗਏ।

Disclaimer Privacy Policy Contact us About us