ਬਹਾਦਰ ਦੀਪ ਕੌਰ


ਗੁਰੂ ਜੀ ਨੇ ਅੰਮ੍ਰਿਤ ਛਕਾਉਣ ਵਿਚ ਇਸਤਰੀ ਮਰਦ ਦਰਮਿਆਨ ਕੋਈ ਭਿੰਨ ਭੇਤ ਨਾ ਰਖਿਆ। ਜਿਹੜੇ ਮਰਦ ਅੰਮ੍ਰਿਤ ਛੱਕਦੇ ਸਨ ਉਨ੍ਹਾਂ ਦੇ ਨਾਂ ਪਿਛੇ ਸਿੰਘ ਲੱਗ ਜਾਂਦਾ ਸੀ ਅਤੇ ਇਸਤਰੀਆਂ ਦੇ ਨਾਂ ਪਿਛੇ ਕੌਰ ਲੱਗ ਜਾਂਦਾ ਸੀ।

ਅੰਮ੍ਰਿਤ ਛੱਕ ਕੇ ਅਬਲਾ ਅਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਨੀਆਂ ਬਣ ਜਾਂਦੀਆਂ ਸਨ। ਸਿੱਖ ਇਤਿਹਾਸ ਵਿਚ ਅਜਿਹੀਆਂ ਬਹਾਦਰ ਇਸਤਰੀਆਂ ਦੀਆਂ ਹਜ਼ਾਰਾਂ ਉਦਾਹਰਣਾਂ ਮਿਲਦੀਆਂ ਸਨ।

ਜਦ ਆਨੰਦਪੁਰ ਵਿਚ ਅੰਮ੍ਰਿਤ ਦਾ ਪ੍ਰਵਾਹ ਚਲ ਰਿਹਾ ਸੀ ਤਾਂ ਉਸ ਸਮੇਂ ਮਾਝੇ ਦੀ ਸੰਗਤ ਦਾ ਇਕ ਜੱਥਾ ਆਨੰਦਪੁਰ ਵਲ ਜਾ ਰਿਹਾ ਸੀ।

ਉਸ ਜੱਥੇ ਦੇ ਨਾਲ ਇਕ ਦੀਪ ਕੌਰ ਨਾਮੀਂ ਬੀਬੀ ਵੀ ਸੀ। ਇਹ ਜੱਥਾ ਪਿੰਡ ਤਲੱਬਣ ਲਾਗੇ ਇਕ ਖੂਹ ਤੇ ਬਹਿ ਕੇ ਜਲ ਪਾਣੀ ਛੱਕਣ ਲੱਗ ਪਿਆ।

ਪਰ ਉਸ ਬੀਬੀ ਨੂੰ ਕਿਉਂਕਿ ਪਿਆਸ ਨਹੀਂ ਸੀ ਉਹ ਨਾਮ ਦਾ ਸਿਮਰਨ ਕਰਦੀ ਹੌਲੀ ਹੌਲੀ ਅੱਗੇ ਤੁਰੀ ਗਈ। ਉਸ ਨੇ ਸੋਚਿਆ ਕਿ ਉਸ ਦੇ ਸਾਥੀ ਤੇਜ਼ ਤੁਰਨ ਵਾਲੇ ਹਨ, ਉਹ ਝੱਟ ਹੀ ਉਸ ਨੂੰ ਆ ਮਿਲਣਗੇ।

ਪਰ ਹਾਲੇ ਉਹ ਥੋੜਾ ਹੀ ਦੂਰ ਅੱਗੇ ਗਈ ਸੀ ਕਿ ਚਾਰ ਮੁਸਲਮਾਨ ਲੁਟੇਰਿਆਂ ਨੇ ਉਸ ਨੂੰ ਇਕੱਲੀ ਸਮਝ ਕੇ ਆ ਦਬੋਚਿਆ।

ਉਹ ਡਰੀ ਨਹੀਂ, ਉਸ ਝੱਟ ਆਪਣੇ ਹੱਥ ਤੋਂ ਇਕ ਕੰਗਣ ਲਾਹ ਕੇ ਪਰ੍ਹਾਂ ਸੁੱਟਿਆ ਤਾਂ ਜਦ ਇਕ ਲੁਟੇਰਾ ਉਸ ਕੰਗਣ ਨੂੰ ਫੜਨ ਲੱਗਾ ਤਾਂ ਉਸ ਅੱਖ ਦੇ ਫੇਰ ਵਿਚ ਤਲਵਾਰ ਕੱਢ ਕੇ ਉਸ ਦੀ ਧੌਣ ਲਾਹ ਦਿੱਤੀ।

ਦੂਸਰੇ ਲੁਟੇਰੇ ਇਕ ਦਮ ਭੈਭੀਤ ਹੋ ਗਏ। ਉਹ ਆਪਣੀਆਂ ਡੱਬਾਂ ਵਿਚੋਂ ਹਾਲੇ ਛੁਰੇ ਕੱਢਣ ਹੀ ਲੱਗੇ ਸਨ ਕਿ ਉਸ ਦੋ ਹੋਰ ਲੁਟੇਰਿਆਂ ਨੂੰ ਪਾਰ ਬੁਲਾਇਆ।

ਚੌਥਾ ਜਦ ਭੱਜਣ ਲੱਗਾ ਤਾਂ ਉਸ ਉਤੇ ਵੀ ਉਸ ਜ਼ੋਰ ਦੀ ਵਾਰ ਕੀਤਾ, ਪਰ ਉਹ ਬੱਚ ਗਿਆ ਅਤੇ ਬੀਬੀ ਦੀਪ ਕੌਰ ਨਾਲ ਹੱਥੋਪਾਈ ਹੋ ਗਿਆ ਅਤੇ ਉਸ ਦੇ ਤਲਵਾਰ ਵਾਲੇ ਹੱਥ ਨੂੰ ਉਸ ਥੰਮ੍ਹ ਲਿਆ।

ਪਰ ਬੀਬੀ ਦੀਪ ਕੌਰ ਵਿਚ ਅੰਮ੍ਰਿਤ ਦੀ ਇਲਾਹੀ ਸ਼ਕਤੀ ਚੰਡੀ ਦਾ ਰੂਪ ਧਾਰ ਗਈ ਸੀ, ਉਸ ਨੇ ਅੱਖ ਦੇ ਫੇਰ ਵਿਚ ਉਸ ਨੂੰ ਥੱਲੇ ਸੁੱਟ ਕੇ ਉਸ ਦੀ ਹਿੱਕ ਉੱਤੇ ਬੈਠ ਕੇ ਤਲਵਾਰ ਉਸ ਦੀ ਛਾਤੀ ਵਿਚ ਖੋਭ ਦਿੱਤੀ।

ਕੁਝ ਦੇਰ ਬਾਅਦ ਉਸ ਦੇ ਜਥੇ ਵਾਲੇ ਸਾਥੀ ਵੀ ਆ ਗਏ। ਬੀਬੀ ਦੀ ਇਸ ਬਹਾਦਰੀ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ।

ਕਈ ਤਾਂ ਧੰਨ ਸਿੱਖੀ ਧੰਨ ਸਿੱਖੀ ਕਹਿਣ ਲੱਗੇ, ਪਰ ਕਈ ਨੱਕ ਮੂੰਹ ਚੜਾਉਣ ਲੱਗੇ ਕਿ ਇਕ ਇਸਤਰੀ ਦਾ ਕੀ ਕੰਮ ਹੈ ਮਰਦਾਂ ਨਾਲ ਲੜਨ ਦਾ, ਇਹ ਪਰਾਏ ਮਰਦ ਨਾਲ ਲੱਗ ਕੇ ਭਿੱਟੀ ਗਈ ਹੈ। ਇਸ ਲਈ ਹੁਣ ਇਹ ਪਵਿੱਤਰ ਨਹੀਂ ਰਹੀ।

ਸਾਰੀ ਸੰਗਤ ਆਨੰਦਪੁਰ ਸਾਹਿਬ ਪੁੱਜ ਗਈ, ਓਥੇ ਉਨ੍ਹਾਂ ਬੀਬੀ ਦੀਪ ਕੌਰ ਬਾਰੇ ਸਾਰੀ ਕਹਾਣੀ ਗੁਰੂ ਸਾਹਿਬ ਨੂੰ ਦੱਸੀ।

ਕਈਆਂ ਨੇ ਗੁਰੂ ਸਾਹਿਬ ਅੱਗੇ ਇਤਰਾਜ਼ ਵੀ ਪੇਸ਼ ਕੀਤਾ ਕਿ ਇਹ ਤੁਰਕ ਦੀ ਹਿੱਕ ਤੇ ਚੜ੍ਹਨ ਕਰਕੇ ਭਿੱਟੀ ਗਈ ਹੈ, ਇਸ ਲਈ ਇਹ ਹੁਣ ਸਿੱਖਾਂ ਦੇ ਘਰ ਵਿਚ ਰਹਿਣ ਦੇ ਯੋਗ ਨਹੀਂ ਰਹੀ।

ਗੁਰੂ ਜੀ ਪਹਿਲਾਂ ਕੁਝ ਰੋਹ ਵਿਚ ਆਏ ਫਿਰ ਹੱਸ ਕੇ ਕਹਿਣ ਲੱਗੇ, 'ਇਹ ਬਹਾਦਰ ਸਿੰਘਣੀ ਨਹੀਂ ਭਿੱਟੀ ਗਈ, ਅਸਲ ਵਿਚ ਤੁਹਾਡੇ ਭਿੱਟੇ ਹੋਏ ਖਿਆਲ ਹੀ ਹਾਲੇ ਤੱਕ ਖਤਮ ਨਹੀਂ ਹੋਏ।

ਅੰਮ੍ਰਿਤ ਛੱਕ ਕੇ ਵੀ ਤੁਸੀਂ ਉਨ੍ਹਾਂ ਬੁਜ਼ਦਿਲ ਅਤੇ ਕਾਇਰਾਂ ਵਾਲੇ ਖਿਆਲ ਰੱਖਦੇ ਹੋ ਜਿਸ ਕਰਕੇ ਹਿੰਦੁਸਤਾਨ ਹੁਣ ਤੱਕ ਗੁਲਾਮ ਬਣਿਆ ਹੈ।

ਬੀਬੀ ਦੀਪ ਕੌਰ ਨੇ ਜੋ ਕੁਝ ਕੀਤਾ ਹੈ ਹਰ ਸਿੱਖ ਦੀ ਪੁੱਤਰੀ ਨੂੰ ਏਸੇ ਤਰ੍ਹਾਂ ਕਰਨਾ ਚਾਹੀਦਾ ਹੈ।

ਇਸ ਨੇ ਆਪਣੀ ਇੱਜ਼ਤ, ਜਾਨ ਅਤੇ ਪੱਤ ਨੂੰ ਬਚਾ ਕੇ ਆਪਣੇ ਆਪ ਨੂੰ ਏਨਾ ਉੱਚਾ ਕਰ ਲਿਆ ਹੈ ਕਿ ਇਸ ਤੱਕ ਕਿਸੇ ਪ੍ਰਕਾਰ ਦੀ ਭਿੱਟ ਪਹੁੰਚ ਹੀ ਨਹੀਂ ਸਕਦੀ। ਇਹ ਬੀਬੀ ਧੰਨ ਹੈ, ਇਸ ਸਾਡੀਆਂ ਹੋਰ ਪੁੱਤਰੀਆਂ ਵਾਸਤੇ ਚਾਨਣ ਮੁਨਾਰਾ ਬਣੇਗੀ'।

Disclaimer Privacy Policy Contact us About us