ਆਨੰਦਪੁਰ ਸਾਹਿਬ ਤੇ ਹਮਲਾ


ਇਕ ਦਿਨ ਗੁਰੂ ਜੀ ਜਦ ਸ਼ਿਕਾਰ ਖੇਡਣ ਗਏ ਸਨ ਤਾਂ ਪਹਾੜੀ ਰਾਜਿਆਂ ਨੇ ਉਨ੍ਹਾਂ ਉੱਤੇ ਅਚਨਚੇਤ ਹਮਲਾ ਕਰ ਦਿੱਤਾ।

ਗੁਰੂ ਜੀ ਨਾਲ ਬੇਸ਼ਕ ਬਹੁਤ ਥੋੜ੍ਹੇ ਸੂਰਬੀਰ ਸਨ, ਪਰ ਉਹ ਐਸੀ ਬਹਾਦਰੀ ਨਾਲ ਲੜੇ ਕਿ ਪਹਾੜੀਆਂ ਨੂੰ ਕੇਵਲ ਹਾਰ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ, ਬਲਕਿ ਇਕ ਪਹਾੜੀ ਰਾਜਾ ਮਾਰਿਆ ਵੀ ਗਿਆ।

ਇਸ ਹਾਰ ਤੋਂ ਪਹਾੜੀ ਰਾਜੇ ਏਨੇ ਭੈਭੀਤ ਹੋਏ ਕਿ ਉਨ੍ਹਾਂ ਔਰੰਗਜ਼ੇਬ ਪਾਸੋਂ ਸਹਾਇਤਾ ਲੈਣ ਦਾ ਇਰਾਦਾ ਬਣਾਇਆ।

ਇਸ ਕਾਰਜ ਲਈ ਉਹ ਸਰਹੰਦ ਦੇ ਨਵਾਬ ਪਾਸ ਗਏ। ਨਵਾਬ ਨੇ ਝੱਟ ਬਾਦਸ਼ਾਹ ਪਾਸੋਂ ਮਨਜ਼ੂਰੀ ਲੈ ਲਈ

ਅਤੇ ਦੀਨਾ ਬੇਗ ਤੇ ਪੈਂਦੇ ਖਾਨ ਦੀ ਕਮਾਂਡ ਹੇਠ ਦਸ ਹਜ਼ਾਰ ਫੌਜ ਆਨੰਦਪੁਰ ਨੂੰ ਫ਼ਤਹਿ ਕਰਨ ਵਾਸਤੇ ਤੋਰ ਦਿੱਤੀ। ਪਹਾੜੀ ਰਾਜੇ ਵੀ ਸ਼ਾਹੀ ਫੌਜ ਵਿਚ ਸ਼ਾਮਲ ਹੋ ਗਏ।

ਜਦ ਇਹ ਫੌਜ ਆਨੰਦਪੁਰ ਦੇ ਨੇੜੇ ਪੁੱਜੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੱਖ ਫੌਜ ਨੇ ਇਸ ਦਾ ਡਟਵਾਂ ਮੁਕਾਬਲਾ ਕੀਤਾ।

ਇਸ ਲੜਾਈ ਵਿਚ ਪੈਂਦੇ ਖਾਨ ਗੁਰੂ ਜੀ ਹੱਥੋਂ ਮਾਰਿਆ ਗਿਆ ਅਤੇ ਪਹਾੜੀ ਫੌਜ ਮੈਦਾਨ ਛੱਡ ਕੇ ਭੱਜ ਗਈ।

ਗੁਰੂ ਜੀ ਦੀ ਇਸ ਜਿੱਤ ਦੀਆਂ ਸਾਰੇ ਦੇਸ਼ ਵਿਚ ਧੁੰਮਾਂ ਮੱਚ ਗਈਆਂ, ਪਰ ਪਹਾੜੀ ਰਾਜੇ ਅਧਮੋਏ ਸੱਪ ਵਾਂਗ ਵਿਸ ਘੋਲਣ ਲੱਗੇ।

ਕੁਝ ਸਮੇਂ ਬਾਅਦ ਉਨ੍ਹਾਂ ਰੰਘੜਾਂ ਅਤੇ ਗੁੱਜਰਾਂ ਨੂੰ ਨਾਲ ਲੈ ਕੇ ਫਿਰ ਆਨੰਦਪੁਰ ਤੇ ਧਾਵਾ ਬੋਲ ਦਿੱਤਾ।

ਪਰ ਮੈਦਾਨੀ ਲੜਾਈ ਵਿਚ ਉਨ੍ਹਾਂ ਨੂੰ ਬਹੁਤ ਮਾਰ ਪਈ ਅਤੇ ਰੰਘੜ ਅਤੇ ਗੁਜਰ ਮੈਦਾਨ ਛਡ ਕੇ ਭੱਜ ਗਏ। ਦੀਨਾ ਬੇਗ ਵੀ ਸਖ਼ਤ ਜ਼ਖ਼ਮੀ ਹੋ ਗਿਆ।

Disclaimer Privacy Policy Contact us About us