ਭਾਈ ਬਚਿੱਤਰ ਸਿੰਘ


ਪਹਾੜੀ ਰਾਜਿਆਂ ਨੇ ਆਨੰਦਪੁਰ ਸ਼ਹਿਰ ਦੁਆਲੇ ਘੇਰਾ ਪਾ ਲਿਆ। ਉਨ੍ਹਾਂ ਨੇ ਮਹੀਨੇ ਤੱਕ ਘੇਰਾ ਪਾ ਛੱਡਿਆ ਪਰ ਕੁਝ ਹਾਸਲ ਨਾ ਹੋਇਆ।

ਅਖੀਰ ਉਨ੍ਹਾਂ ਨੇ ਸੋਚਿਆ ਕਿ ਕਿਸੇ ਤਰ੍ਹਾਂ ਕਿਲ੍ਹੇ ਦਾ ਦਰਵਾਜ਼ਾ ਤੋੜਿਆ ਜਾਵੇ।

ਉਨ੍ਹਾਂ ਇਕ ਹਾਥੀ ਨੂੰ ਕਾਫੀ ਭੰਗ ਅਤੇ ਸ਼ਰਾਬ ਪਿਲਾਈ। ਉਸ ਦਾ ਸਾਰਾ ਸਰੀਰ ਲੋਹੇ ਦੇ ਜ਼ਰਾਬਖਤਰਾਂ ਨਾਲ ਢੱਕ ਦਿੱਤਾ।

ਉਸ ਦੇ ਮੱਥੇ ਉੱਤੇ ਲੋਹੇ ਦੀਆਂ ਢਾਲਾਂ ਤੇ ਹੋਰ ਸ਼ਸਤਰ ਬੰਨ੍ਹ ਦਿੱਤੇ। ਹਾਥੀ ਨੂੰ ਆਪਣੀਆਂ ਪਹਾੜੀ ਫੌਜਾਂ ਦੇ ਅੱਗੇ ਲਾ ਕੇ ਦਰਵਾਜ਼ੇ ਵਲ ਧੱਕ ਦਿੱਤਾ।

ਗੁਰੂ ਸਾਹਿਬ ਨੂੰ ਜਦ ਪਤਾ ਲੱਗਾ ਕਿ ਮਸਤ ਹਾਥੀ ਕਿਲ੍ਹੇ ਦਾ ਗੇਟ ਨੂੰ ਭੰਨਣ ਵਾਸਤੇ ਆ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ ਇਕ ਪਰਖੇ ਹੋਏ ਸੂਰਬੀਰ ਭਾਈ ਬਚਿੱਤਰ ਸਿੰਘ ਦੀ ਜ਼ਿੰਮੇਵਾਰੀ ਲਾਈ ਕਿ ਉਹ ਮਸਤ ਹਾਥੀ ਦਾ ਟਾਕਰਾ ਕਰਨ।

ਭਾਈ ਬਚਿੱਤਰ ਸਿੰਘ ਅਥਾਹ ਬਲਵਾਨ, ਸੂਰਮਾ ਅਤੇ ਦਲੇਰ ਸੀ। ਗੁਰੂ ਜੀ ਨੇ ਉਸ ਨੂੰ ਇਕ ਸ਼ਕਤੀਸ਼ਾਲੀ ਘੋੜਾ ਦਿੱਤਾ ਅਤੇ ਇਕ ਨਾਗਣੀ ਬਰਛਾ ਸੌਂਪਿਆ।

ਭਾਈ ਬਚਿੱਤਰ ਸਿੰਘ ਅਕਾਲ ਪੁਰਖ ਅਤੇ ਗੁਰੂ ਜੀ ਦਾ ਨਾਂ ਲੈ ਕੇ ਕਿਲ੍ਹੇ ਵਿਚੋਂ ਬਾਹਰ ਆ ਗਿਆ।

ਮਸਤ ਹਾਥੀ ਗੇਟ ਵਲ ਝੂਮਦਾ ਆ ਰਿਹਾ ਸੀ। ਭਾਈ ਸਾਹਿਬ ਨੇ ਘੋੜੇ ਨੂੰ ਅੱਡੀ ਲਾ ਕੇ ਹਾਥੀ ਵਲ ਵਧਾਇਆ ਅਤੇ ਨੇੜੇ ਜਾ ਕੇ ਰਕਾਬਾਂ ਤੇ ਭਾਰ ਪਾ ਕੇ ਸਾਰੇ ਜ਼ੋਰ ਨਾਲ ਬਰਛਾ ਹਾਥੀ ਦੇ ਮੱਥੇ ਵਿਚ ਮਾਰਿਆ।

ਨਾਗਣੀ ਫੌਲਾਦੀ ਵਰਛਾ ਹਾਥੀ ਦੀਆਂ ਢਾਲਾਂ ਨੂੰ ਵਿੰਨ੍ਹਦਾ ਹੋਇਆ, ਉਸ ਦੇ ਮੱਥੇ ਵਿਚ ਖੁਭ ਗਿਆ। ਹਾਥੀ ਨੂੰ ਜਦ ਪੀੜ ਹੋਈ ਅਤੇ ਜਦ ਉਸ ਆਪਣੇ ਸਾਹਮਣੇ ਇਕ ਸ਼ੇਰ ਵਾਂਗ ਗੱਜਦੇ ਹੋਏ ਸਿੰਘ ਨੂੰ ਵੇਖਿਆ ਤਾਂ ਉਹ ਚੰਘਾਰਦਾ ਹੋਇਆ ਪਿਛਾਂਹ ਭੱਜ ਤੁਰਿਆ।

ਹਾਥੀ ਆਪਣੀਆਂ ਫੌਜਾਂ ਨੂੰ ਲਤਾੜਦਾ ਜਿਧਰ ਮੂੰਹ ਹੋਇਆ ਓਧਰ ਹੀ ਭੱਜਾ ਜਾ ਰਿਹਾ ਸੀ। ਉਸ ਦੇ ਪਿੱਛੇ ਗੱਜਦਾ ਹੋਇਆ ਭਾਈ ਬਚਿੱਤਰ ਸਿੰਘ ਘੋੜੇ ਤੇ ਚੜ੍ਹਿਆ ਇੰਝ ਹਾਕਰਾਂ ਮਾਰ ਰਿਹਾ ਸੀ ਜਿਵੇਂ ਉਹ ਆਪਣੇ ਖੇਤ ਵਿਚੋਂ ਕਿਸੇ ਸੂਰ ਨੂੰ ਭਜਾ ਰਿਹਾ ਹੋਵੇ।

ਓਧਰ ਸਿੱਖ ਫੌਜ ਵੀ ਤਿਆਰ ਬੈਠੀ ਸੀ, ਜਦ ਉਨ੍ਹਾਂ ਹਾਥੀ ਨੂੰ ਭੱਜਦਾ ਹੋਇਆ ਵੇਖਿਆ ਤਾਂ ਉਹ ਲਲਕਾਰੇ ਮਾਰਦੇ ਪਹਾੜੀਆਂ ਉੱਤੇ ਆ ਚੜ੍ਹੇ।

ਪਹਾੜੀਆਂ ਨੂੰ ਤਾਂ ਹੁਣ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਥੇ ਲੁਕਣ, ਚਾਰ ਚੁਫੇਰੇ ਆਪਣੀਆਂ ਜਾਨਾਂ ਬਚਾਉਂਦੇ ਭੱਜ ਗਏ।

ਕਈ ਰਾਜੇ ਮਾਰੇ ਗਏ ਅਤੇ ਅਨੇਕਾਂ ਪਹਾੜੀਏ ਜ਼ਖ਼ਮੀ ਹੋ ਗਏ।

ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਦੀ ਇਸ ਬਹਾਦਰੀ ਉੱਤੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਉਸ ਨੂੰ ਥਾਪੜਾ ਦਿੱਤਾ ਅਤੇ ਆਪਣੇ ਵਲੋਂ ਇਕ ਤਲਵਾਰ ਦੀ ਬਖ਼ਸ਼ਿਸ਼ ਕੀਤੀ।

ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਵਿਚ ਹਾਲੇ ਵੀ ਮੌਜੂਦ ਹੈ।

Disclaimer Privacy Policy Contact us About us