ਭਾਈ ਘਨਈਆ ਜੀ


ਆਨੰਦਪੁਰ ਨੂੰ ਬਹੁਤ ਚਿਰ ਗੁਜ਼ਰ ਜਾਣ ਤੇ ਵੀ ਕਿਲ੍ਹੇ ਵਿਚ ਘਿਰੇ ਸਿੰਘਾਂ ਦੇ ਹਥਿਆਰ ਨਾ ਸੁਟਣ ਕਰਕੇ ਮੁਗ਼ਲ ਸਿਪਾਹ ਸਾਲਾਰ ਬੜੀ ਮੁਸ਼ਕਲ ਵਿਚ ਫਸੇ ਹੋਏ ਸਨ।

ਮੁਗ਼ਲ ਸੈਨਾ ਵਿਚ ਇਹ ਗੱਲ ਧੁੰਮ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਕਰਾਮਾਤੀ ਸ਼ਕਤੀਆਂ ਦੇ ਮਾਲਕ ਹਨ। ਉਹ ਖ਼ੁਦਾ ਦੇ ਪੈਗੰਬਰ ਹਨ। ਉਹਨਾਂ ਨੂੰ ਕੋਈ ਹਾਰ ਨਹੀਂ ਦੇ ਸਕਦਾ।

ਇਸ ਨਾਲ ਮੁਗ਼ਲ ਫ਼ੌਜਾ ਵਿਚ ਹੋਰ ਘਬਰਾਹਟ ਤੇ ਬੇਦਿਲੀ ਫੈਲਣ ਲੱਗੀ।

ਦਿਨ ਭਰ ਕਿਲ੍ਹੇ ਦੇ ਸਾਹਮਣੇ ਯੁੱਧ ਹੁੰਦਾ। ਸੰਧਿਆ ਵੇਲੇ ਲੜਾਈ ਬੰਦ ਕਰ ਦਿੱਤੀ ਜਾਂਦੀ ਤੇ ਦੋਹਾਂ ਪਾਸਿਆਂ ਦੇ ਸੈਨਿਕ ਆਪਣੇ ਆਪਣੇ ਜ਼ਖ਼ਮੀ ਜਾਂ ਸ਼ਹੀਦ ਹੋਏ ਸਾਥੀਆਂ ਨੂੰ ਸੰਭਾਲਣ ਲਈ ਨਿਕਲਦੇ।

ਸਿੰਘਾਂ ਵਿਚ ਇਕ ਭਾਈ ਘਨ੍ਹਈਆਂ ਨਾਂ ਦਾ ਸਿੱਖ ਸੀ। ਉਹ ਮੋਢੇ ਤੇ ਪਾਣੀ ਦੀ ਮਸ਼ਕ ਰਖੀ ਮੈਦਾਨ ਵਿਚ ਡਿੱਗੇ ਪਏ ਜ਼ਖ਼ਮੀਆਂ ਨੂੰ ਪਾਣੀ ਪਿਆਇਆ ਕਰਦਾ, ਨਾਲੇ ਉਹਨਾਂ ਦੀ ਮਰਹਮ ਪੱਟੀ ਵੀ ਕਰ ਦਿੰਦਾ।

ਇਕ ਦਿਨ ਸਿੱਖਾਂ ਨੇ ਗੁਰੂ ਜੀ ਪਾਸ ਭਾਈ ਘਨ੍ਹਈਏ ਦੇ ਵਿਰੁੱਧ ਸ਼ਿਕਾਇਤ ਕੀਤੀ-

'ਹਜ਼ੂਰ! ਭਾਈ ਘਨ੍ਹਈਆ ਦੁਸ਼ਮਣਾਂ ਦੀ ਮਦਦ ਕਰਦੇ ਹਨ!'

'ਉਹ ਕਿਵੇਂ?' ਹਜ਼ੂਰ ਨੇ ਜਾਣਨਾ ਚਾਹਿਆ।

'ਉਹ ਆਪਣੇ ਪਾਸੇ ਦੇ ਜ਼ਖ਼ਮੀਆਂ ਦੇ ਨਾਲ ਨਾਲ ਦੁਸ਼ਮਣ ਦੇ ਘਾਇਲ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਂਦੇ ਤੇ ਉਨ੍ਹਾਂ ਦੀ ਮਰਹਮ ਪੱਟੀ ਕਰਦੇ ਹਨ। ਉਹ ਰਾਜ਼ੀ ਹੋ ਕੇ ਫੇਰ ਸਾਡੇ ਤੇ ਆ ਟੁੱਟਦੇ ਹਨ'।

ਗੁਰੂ ਜੀ ਨੇ ਭਾਈ ਘਨ੍ਹਈਏ ਤੋਂ ਪੁਛਿਆ-

'ਕਿਉਂ ਭਾਈ ਘਨ੍ਹਈਆ! ਇਹ ਸ਼ਿਕਾਇਤ ਠੀਕ ਹੈ?'

ਭਾਈ ਘਨ੍ਹਈਆ ਹੱਥ ਜੋੜ ਕੇ ਖੜਾ ਹੋ ਗਿਆ। ਉਸ ਦੀਆਂ ਅੱਖਾਂ ਵਿਚ ਨਾਮ ਦੀ ਖ਼ੁਮਾਰੀ ਭਰੀ ਸੀ ਨਿੰਮਰ ਭਾਵ ਨਾਲ ਬੋਲਿਆ-

'ਸਾਹਿਬ ਜੀਉ! ਮੈਨੂੰ ਪਤਾ ਨਹੀਂ ਲਗਦਾ ਕਿ ਦੁਸ਼ਮਣ ਕੌਣ ਹੈ ਤੇ ਦੋਸਤ ਕੌਣ ਹੈ? ਮੈਨੂੰ ਤਾਂ ਹਰ ਜੀਵ ਵਿਚ ਆਪ ਦਾ ਰੂਪ ਵਿਖਾਈ ਦਿੰਦਾ ਹੈ'।

ਗੁਰੂ ਜੀ ਇਹ ਉੱਤਰ ਸੁਣ ਕੇ ਅਤੀ ਪ੍ਰਸੰਨ ਹੋਏ।

ਪਿਆਰ ਨਾਲ ਭਾਈ ਘਨ੍ਹਈਆ ਜੀ ਦੀ ਪਿਠ ਥਾਪੜ ਕੇ ਕਹਿਣ ਲਗੇ-

'ਭਾਈ ਜੀ! ਤੁਸੀਂ ਧੰਨ ਹੋ। ਤੁਸੀਂ ਸੱਚ ਨੂੰ ਪਾ ਲਿਆ ਹੈ। ਅਕਾਲ ਪੁਰਖ ਤੁਹਾਡਾ ਸੇਵਾ ਬ੍ਰਤ ਇਸੇ ਤਰ੍ਹਾਂ ਨਿਬਾਹੀ ਜਾਏ!'

ਫਿਰ ਹਜ਼ੂਰ ਨੇ ਸਿੰਘਾਂ ਵਲ ਤੱਕ ਕੇ ਫ਼ੁਰਮਾਇਆ-

'ਭਾਈ ਘਨ੍ਹਈਆ ਨੇ ਮਾਨਵ ਪ੍ਰੇਮ ਦੀ ਅਤੀ ਉੱਤਮ ਮਿਸਾਲ ਕਾਇਮ ਕੀਤੀ ਹੈ। ਹਰ ਸਿੰਘ ਦਾ ਫ਼ਰਜ਼ ਹੈ ਕਿ ਦੀਨਾਂ, ਦੁਖੀਆਂ, ਘਾਇਲਾਂ ਆਦਿ ਦੀ ਸੇਵਾ ਕਰੇ ਭਾਵੇਂ ਉਹ ਮਿੱਤਰ ਹੋਣ ਤੇ ਭਾਵੇਂ ਸ਼ਤਰੂ'।

Disclaimer Privacy Policy Contact us About us