ਸਿੱਖਾਂ ਨੇ ਬੇਦਾਵਾ ਲਿਖਣਾ


ਮੁਗ਼ਲ ਸੈਨਾਪਤੀ ਬੜੇ ਔਖੇ ਹੋ ਰਹੇ ਸਨ।

ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆਂ ਹੁਣ ਬਹੁਤ ਦਿਨ ਹੋ ਚੁਕੇ ਸਨ। ਇਸ ਦੌਰਾਨ ਵਿਚ ਉਹਨਾਂ ਨੇ ਅੰਨ ਦਾ ਇਕ ਦਾਣਾ ਜਾਂ ਪਾਣੀ ਦਾ ਇਕ ਤੁਪਕਾ ਕਿਲ੍ਹੇ ਦੇ ਅੰਦਰ ਨਹੀਂ ਜਾਣ ਦਿੱਤਾ।

ਇਸ ਦੇ ਬਾਵਜੂਦ ਵੀ ਸਿੰਘ ਵਧੇ ਚੜ੍ਹੇ ਜੋਸ਼ ਨਾਲ ਲੜਦੇ, ਭੁੱਖੇ ਸ਼ੇਰਾਂ ਵਾਂਗ ਉਨ੍ਹਾਂ ਤੇ ਟੁੱਟ ਟੁੱਟ ਪੈਂਦੇ।

ਮੁਗ਼ਲਾਂ ਨੂੰ ਯਕੀਨ ਹੁੰਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਸੱਚ ਮੁੱਚ ਕਰਾਮਾਤੀ ਸ਼ਕਤੀਆਂ ਹਨ। ਸਚੁਮੱਚ ਉਹ ਅਲਾਹ ਦੇ ਪੈਗੰਬਰ ਹਨ। ਉਨ੍ਹਾਂ ਨੂੰ ਹਾਰ ਦੇਣੀ ਮਨੁੱਖੀ ਤਾਕਤ ਤੋਂ ਬਾਹਰ ਹੈ।

ਹੁਣ ਉਹ ਸੋਚਣ ਲੱਗੇ ਕਿ ਜੇਕਰ ਫ਼ੌਜੀ ਤਾਕਤ ਨਾਲ ਗੁਰੂ ਨੂੰ ਜਿੱਤਿਆ ਨਹੀਂ ਜਾ ਸਕਦਾ ਤਾਂ ਕੋਈ ਰਾਜਨੀਤਕ ਚਾਲ ਚਲ ਕੇ ਵੇਖਿਆ ਜਾਵੇ।

ਆਪਸ ਵਿਚ ਸਲਾਹ ਮਸ਼ਵਰਾ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਸੁਨੇਹਾ ਘਲਿਆ ਕਿ-

'ਜੇਕਰ ਤੁਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਕੇ ਚਲੇ ਜਾਉ, ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਸਾਡੀ ਫ਼ੌਜ ਤੁਹਾਡਾ ਰਾਹ ਨਹੀਂ ਰੋਕੇਗੀ।

ਅਸੀਂ ਕੇਵਲ ਬਾਦਸ਼ਾਹ ਦੀਆਂ ਨਜ਼ਰਾਂ ਵਿਚ ਸੱਚੇ ਹੋਣਾ ਚਾਹੁੰਦੇ ਹਾਂ ਕਿ ਅਸੀਂ ਆਨੰਦਪੁਰ ਸਾਹਿਬ ਤੇ ਫ਼ਤਹ ਪਾ ਲਈ ਹੈ। ਐਵੇਂ ਵਿਅਰਥ ਵਿਚ ਸਿਪਾਹੀਆਂ ਦਾ ਲਹੂ ਕਿਉਂ ਡੋਲਿਆ ਜਾਵੇ।

ਕੁਝ ਸਮਾਂ ਪਾ ਕੇ ਤੁਸੀਂ ਮੁੜ ਆਨੰਦਪੁਰ ਪਰਤ ਆਉਣਾ'।

ਮੁਗ਼ਲ ਸੈਨਾਪਤੀਆਂ ਤੇ ਰਾਜਿਆਂ ਨੇ ਆਪਣੇ ਵਾਇਦੇ ਦਾ ਯਕੀਨ ਦੁਆਉਣ ਲਈ ਕੁਰਾਨ ਤੇ ਗੀਤਾ ਦੀਆਂ ਸਹੁੰਆਂ ਖਾਧੀਆਂ।

ਪਰ ਗੁਰੂ ਜੀ ਕੇਵਲ ਕੁਸ਼ਲ ਸੈਨਾਪਤੀ ਹੀ ਨਹੀਂ ਸਨ, ਉਹ ਰਾਜਨੀਤੀ ਦੇ ਦੂਰ ਦ੍ਰਿਸ਼ਟਾ ਵੀ ਸਨ। ਉਹ ਝੱਟ ਭਾਂਪ ਗਏ ਕਿ ਯੁੱਧ ਅਤੇ ਘੇਰੇ ਰਾਹੀਂ ਜਿੱਤ ਹੁੰਦੀ ਨਾ ਵੇਖ ਕੇ ਦੁਸ਼ਮਣ ਹੁਣ ਧੋਖੇ ਤੇ ਫ਼ਰੇਬ ਤੋਂ ਕੰਮ ਲੈਣਾ ਚਾਹੁੰਦਾ ਹੈ।

ਉਹਦੀ ਚਾਲ ਇਹ ਹੈ ਕਿ ਅਸੀਂ ਆਪਣਾ ਮਜ਼ਬੂਤ ਗੜ੍ਹ ਛੱਡ ਕੇ ਬਾਹਰ ਨਿਕਲੀਏ ਤਾਂ ਉਹ ਸਾਨੂੰ ਘੇਰ ਲਵੇ।

ਉਹਨਾਂ ਨੇ ਦੁਸ਼ਮਣ ਦੀ ਬੇਨਤੀ ਮੰਨਣ ਤੋਂ ਨਾਂਹ ਕਰ ਦਿੱਤੀ।

ਪਰ ਦੂਜੇ ਪਾਸੇ ਕਿਲ੍ਹੇ ਵਿਚ ਅੰਨ ਦਾਣਾ ਕਈ ਦਿਨਾਂ ਤੋਂ ਮੁੱਕ ਚੁੱਕਾ ਸੀ। ਲੰਗਰ ਕਈ ਦਿਨਾਂ ਤੋਂ ਮਸਤਾਨੇ ਪਏ ਸਨ।

ਕਿਲ੍ਹੇ ਅੰਦਰਲੇ ਸਿੱਖ ਕਈ ਦਿਨਾਂ ਤੋਂ ਭੁੱਖੇ ਸਨ। ਉਹਨਾਂ ਦੀ ਬਹੁਤੀ ਸੰਖਿਆ ਗੁਰੂ ਜੀ ਉੱਤੇ ਪੂਰੀ ਸ਼ਰਧਾ ਰੱਖ ਕੇ ਬੈਠੀ ਸੀ ਤੇ ਧਰਮ ਦੀ ਖ਼ਾਤਰ ਜਾਨਾਂ ਵਾਰ ਦੇਣ ਤੇ ਦ੍ਰਿੜ੍ਹ ਸੀ।

ਪਰ ਕੁਝ ਸਿੱਖ ਅਜਿਹੇ ਵੀ ਸਨ ਜਿਨ੍ਹਾਂ ਦੇ ਹਿਰਦੇ ਡੋਲ ਗਏ ਸਨ, ਜਿਹੜੇ ਇਸ ਲੰਮੇ ਯੁੱਧ ਤੇ ਲੰਮੇ ਫਾਕਿਆਂ ਤੋਂ ਘਬਰਾ ਉੱਠੇ, ਜਿਨ੍ਹਾਂ ਨੂੰ ਧਰਮ ਦੀ ਖ਼ਾਤਰ ਸ਼ਹੀਦੀ ਪਾਉਣ ਨਾਲੋਂ ਆਪਣੀਆਂ ਜਾਨਾਂ ਪਿਆਰਿਆਂ ਲੱਗਣ ਲੱਗ ਪਈਆਂ ਸਨ।

ਉਹਨਾਂ ਸਿੱਖਾਂ ਨੇ ਗੁਰੂ ਜੀ ਤੇ ਜ਼ੋਰ ਪਾਇਆ ਕਿ ਉਹ ਮੁਗ਼ਲਾਂ ਦੀ ਪੇਸ਼ਕਸ਼ ਦਾ ਫ਼ਾਇਦਾ ਉਠਾ ਕੇ ਆਨੰਦਪੁਰ ਤੋਂ ਨਿਕਲ ਚਲਣ।

ਪਰ ਗੁਰੂ ਜੀ ਨਾ ਮੰਨੇ।

ਗੁਰੂ ਜੀ ਮੁਗ਼ਲਾਂ ਦੀ ਮੱਕਾਰੀ ਨੂੰ ਜਾਣਦੇ ਸਨ।

ਪਰ ਡੋਲੇ ਹੋਏ ਸਿੱਖ ਫੇਰ ਵੀ ਨਿਕਲ ਚਲਣ ਤੇ ਜ਼ੋਰ ਦੇਈ ਜਾਂਦੇ।

ਤਦ ਗੁਰੂ ਜੀ ਨੇ ਉਹਨਾਂ ਨੂੰ ਕਿਹਾ-

'ਜੇ ਤੁਸੀਂ ਸਾਥੋਂ ਬੇਮੁੱਖ ਹੋ ਕੇ ਜਾਣਾ ਹੀ ਚਾਹੁੰਦੇ ਹੋ ਤਾਂ ਸਾਨੂੰ ਬੇਦਾਵਾ ਲਿਖ ਕੇ ਦੇ ਜਾਵੋ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ!'

ਨਾਸ਼ਵਾਨ ਸਰੀਰਾਂ ਦੇ ਮੋਹ ਵਿਚ ਫਸੇ ਹੋਏ ਸਿੱਖਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਤੇ ਗੁਰੂ ਜੀ ਨੂੰ ਅਤੇ ਆਪਣੇ ਸਾਥੀ ਸਿੰਘਾਂ ਨੂੰ ਛੱਡ ਕੇ ਆਨੰਦਪੁਰ ਸਾਹਿਬ ਤੋਂ ਨਿਕਲ ਗਏ।

Disclaimer Privacy Policy Contact us About us