ਗੁਰੂ ਜੀ ਦਾ ਕਿਲ੍ਹੇ ਵਿਚੋ ਨਿਕਲਣਾ


ਕੁਝ ਦਿਨ ਹੋਰ ਜੁੱਧ ਚਲਦਾ ਰਿਹਾ। ਭਾਵੇਂ ਗੁਰੂ ਜੀ ਅਤੇ ਸਿੰਘ ਪੂਰੀ ਦ੍ਰਿੜ੍ਹਤਾ ਨਾਲ ਡਟੇ ਹੋਏ ਸਨ, ਪਰ ਭੁੱਖੇ ਸ਼ੇਰ ਵੀ ਆਖ਼ਰ ਕਦ ਤਕ ਲੜਦੇ।

ਸਿੱਖਾਂ ਨੂੰ ਆਪਣੀਆਂ ਜਾਨਾਂ ਦੀ ਤਾਂ ਪਰਵਾਹ ਨਹੀਂ ਸੀ ਪਰ ਉਹ ਚਾਹੁੰਦੇ ਸਨ ਕਿ ਗੁਰੂ ਜੀ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਲੈ ਕੇ ਕਿਸੇ ਸੁਰੱਖ਼ਤ ਸਥਾਨ ਵਲ ਨਿਕਲ ਜਾਣ। ਮਗਰੋਂ ਉਹ ਬੇ-ਫ਼ਿਕਰ ਹੋ ਕੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਮੁਗ਼ਲਾਂ ਨਾਲ ਲੜਦੇ ਸ਼ਹੀਦੀਆਂ ਪਾ ਜਾਣਗੇ।

'ਕੋਈ ਸਿੱਖ ਜਾਨ ਰਹਿੰਦਿਆਂ ਮੈਦਾਨ ਵਿਚੋਂ ਨਹੀਂ ਹਟੇਗਾ ਤੇ ਆਪ ਜੀ ਦੇ ਪਵਿਤ੍ਰ ਨਾਮ ਨੂੰ ਵੱਟਾ ਨਹੀਂ ਲਾਵੇਗਾ'। ਉਹਨਾਂ ਨੇ ਗੁਰੂ ਜੀ ਨੂੰ ਭਰੋਸਾ ਦੁਆਇਆ।

ਇਕ ਉਹ ਵੀ ਸਿੱਖ ਸਨ ਜਿਹੜੇ ਆਪਣੀਆਂ ਜਾਨਾਂ ਨੂੰ ਵੱਡਾ ਜਾਣ ਕੇ ਆਪਣੇ ਗੁਰੂ ਦਾ ਸਾਥ ਛੱਡ ਗਏ ਸਨ। ਤੇ ਇਕ ਇਹ ਸਿੱਖ ਹਨ ਜਿਹੜੇ ਆਪਣੇ ਗੁਰੂ ਤੇ ਗੁਰੂ ਪਰਵਾਰ ਦੀ ਰੱਖਿਆ ਖ਼ਾਤਰ ਆਪਣੀਆਂ ਜਾਨਾਂ ਦੀ ਬਲੀ ਦੇਣ ਤੇ ਤਤਪਰ ਹਨ।

ਅਜਿਹੇ ਵਫ਼ਾਦਾਰ ਤੇ ਜਾਨ ਵਾਰੂ ਸਾਥੀ ਬਲੀ ਤੇ ਚਾੜ੍ਹਨ ਲਈ ਨਹੀਂ ਹੁੰਦੇ। ਗੁਰੂ ਜੀ ਨੇ ਨਿਸਚਾ ਕਰ ਲਿਆ ਕਿ ਉਹ ਆਨੰਦਪੁਰ ਤੋਂ ਸਿੱਖਾਂ ਸਮੇਤ ਨਿਕਲ ਚਲਣਗੇ।

ਇਕ ਕਾਲੀ ਬੋਲੀ ਰਾਤ ਨੂੰ ਜਦੋਂ ਬੱਦਲ ਗਰਜ ਰਹੇ ਸਨ ਤੇ ਝੱਖੜ ਝੁਲਿਆ ਹੋਇਆ ਸੀ। ਗੁਰੂ ਜੀ ਉਸੇ ਵੇਲੇ ਆਪਣਾ ਸਾਰਾ ਮਾਲ ਧਨ ਤੇ ਅਮੁੱਲਾ ਸਾਹਿਤ ਘੋੜਿਆਂ ੳੱਤੇ ਲੱਦ ਕੇ ਸਾਰੇ ਸਿੰਘਾਂ ਸਣੇ ਕਿਲ੍ਹੇ ਵਿਚੋਂ ਨਿਕਲ ਤੁਰੇ।

ਪਰ ਗੁਰੂ ਜੀ ਨੂੰ ਚੋਰੀ ਚੋਰੀ ਨਿਕਲ ਜਾਣਾ ਮਨਜ਼ੂਰ ਨਹੀਂ ਸੀ। ਮੁਗ਼ਲਾਂ ਦੇ ਤੰਬੂਆਂ ਦੇ ਕੋਲੋਂ ਲੰਘਦਿਆਂ ਹੋਇਆਂ ਉਹਨਾਂ ਨੇ ਜ਼ੋਰ ਦਾ ਲਲਕਾਰਾ ਮਾਰਿਆ-

'ਗੁਰੂ ਨਿਕਲ ਚਲਿਆ ਜੇ! ਹਿੰਮਤ ਹੈ ਤਾਂ ਰੋਕ ਲਵੋ!' ਤੇ ਇਸ ਲਲਕਾਰ ਨਾਲ ਅਨੋਖਾ ਤਮਾਸ਼ਾ ਬਣਿਆ।

ਮੁਗ਼ਲ ਸੈਨਾ ਵਿਚ ਹਫੜਾ ਦਫੜੀ ਮਚ ਗਈ। ਸੈਨਾ ਨੇ ਆਪਣੇ ਹਥਿਆਰ ਸੰਭਾਲੇ ਤੇ ਆਪਣੇ ਭਾਣੇ ਗੁਰੂ ਜੀ ਉੱਤੇ ਟੁੱਟ ਪੈਣ ਲਈ ਦੌੜੀ। ਪਰ ਘੁੱਪ ਹਨੇਰੇ ਵਿਚ ਕੋਈ ਪਛਾਣ ਨਾ ਹੋਵੇ।

ਸਿਪਾਹ ਸਾਲਾਰ ਬਦ ਹਵਾਸੀ ਵਿਚ ਚੀਖ਼ ਚੀਖ਼ ਕੇ ਹੁਕਮ ਚਾੜ੍ਹਨ ਲੱਗੇ। ਤੇ ਮੁਗ਼ਲ ਸਿਪਾਹੀ ਬਦ-ਹਵਾਸੀ ਵਿਚ ਆਪਣੇ ਹੀ ਸਾਥੀਆਂ ਤੇ ਟੁੱਟ ਪਏ। ਖ਼ੂਬ ਘਮਸਾਨ ਮਚਿਆ।

ਗੁਰੂ ਜੀ ਸਿੱਖਾਂ ਸਮੇਤ ਮੁਗ਼ਲਾਂ ਦੀ ਛਾਉਣੀ ਦੇ ਪਿੱਛੋਂ ਦੀ ਨਿਕਲ ਗਏ ਤੇ ਮੁਗ਼ਲ ਫ਼ੌਜੀ ਆਪੋ ਵਿਚ ਗਲੇ ਵਢਦੇ ਰਹਿ ਗਏ।

ਦਿਨ ਨਿਕਲਣ ਤੇ ਉਨ੍ਹਾਂ ਨੂੰ ਆਪਣੀ ਮੂਰਖਤਾ ਦਾ ਪਤਾ ਲੱਗਾ। ਸ਼ਰਮ ਨਾਲ ਪਾਣੀ ਪਾਣੀ ਹੋਣ ਲੱਗੇ। ਕਸਮਾਂ ਵੀ ਤੋੜੀਆਂ ਤੇ ਆਪਣਾ ਹੀ ਘਾਣ ਕਰਵਾ ਬੈਠੇ।

ਹੁਣ ਉਹ ਸੰਭਲੇ ਤੇ ਦੰਦ ਕ੍ਰੀਚਦੇ ਗੁਰੂ ਜੀ ਦਾ ਪਿੱਛਾ ਕਰਨ ਦੌੜੇ। ਪਰ ਗੁਰੂ ਜੀ ਕਿਥੋਂ ਹੱਥ ਆਉਂਦੇ? ਉਹ ਚਮਕੌਰ ਵਲ ਨਿਕਲ ਗਏ ਸਨ।

ਪਰ ਮੁਗ਼ਲਾਂ ਦੇ ਪਿੱਛਾ ਕਰਨ ਕਰਕੇ ਸਿੱਖ ਅਤੇ ਗੁਰੂ ਪਰਵਾਰ ਸਭੇ ਇਕ ਦੂਜੇ ਤੋਂ ਨਿੱਖੜ ਗਏ। ਗੁਰੂ ਜੀ ਆਪਣੇ ਦੋ ਵੱਡੇ ਸਪੁੱਤਰਾਂ ਤੇ ਕੁਝ ਸਿੰਘਾਂ ਨਾਲ ਚਮਕੌਰ ਪਹੁੰਚ ਗਏ।

ਵੱਡੇ ਮਾਤਾ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ ਹੋਰ ਪਾਸੇ ਵਲ ਨਿਕਲ ਗਏ।

ਗੁਰੂ ਘਰ ਦਾ ਖ਼ਜ਼ਾਨਾ ਤੇ ਅਮੁੱਲਾ ਸਾਹਿਤ ਸਰਸਾ ਦਰਿਆ ਪਾਰ ਕਰਦਿਆਂ ਜਲ ਦੀ ਭੇਟਾ ਹੋ ਗਿਆ।

Disclaimer Privacy Policy Contact us About us