ਜੰਗ ਚਮਕੌਰ ਸਾਹਿਬ


ਚਮਕੌਰ ਸਾਹਿਬ ਪਹੁੰਚ ਕੇ ਗੁਰੂ ਜੀ ਨੇ ਇਕ ਕੱਚੀ ਹਵੇਲੀ ਵਿਚ ਡੇਰਾ ਕੀਤਾ। ਇਹ ਹਵੇਲੀ ਗੜ੍ਹੀ ਦੀ ਸ਼ਕਲ ਦੀ ਬਣੀ ਹੋਈ ਸੀ।

ਗੁਰੂ ਜੀ ਨੇ ਮਸਾਂ ਥੋੜ੍ਹਾ ਆਰਾਮ ਕੀਤਾ ਸੀ ਕਿ ਪਤਾ ਲੱਗਾ, ਮੁਗ਼ਲ ਫ਼ੌਜ ਵੀ ਪਿੱਛਾ ਕਰਦੀ ਹੋਈ ਚਮਕੌਰ ਵਲ ਵਧ ਰਹੀ ਹੈ। ਗੁਰੂ ਜੀ ਨੇ ਜਲਦੀ ਨਾਲ ਹਵੇਲੀ ਵਿਚ ਜ਼ਰੂਰੀ ਮੋਰਚਾ ਬੰਦੀ ਕਰ ਲਈ।

ਮੁਗ਼ਲ ਫ਼ੌਜ ਚਮਕੌਰ ਪਹੁੰਚ ਗਈ। ਉਸ ਨੇ ਗੜੀ ਨੂੰ ਘੇਰਾ ਪਾ ਲਿਆ। ਯੁੱਧ ਸ਼ੁਰੂ ਹੋਇਆ।

ਇਹ ਯੁੱਧ ਵੀ ਬੜਾ ਅਨੋਖਾ ਸੀ। ਇਕ ਪਾਸੇ ਵੀਹ ਹਜ਼ਾਰ ਤੋਂ ਵਧ ਮੁਗ਼ਲ ਫ਼ੌਜ ਸੀ ਤੇ ਨਾਲ ਪਹਾੜੀ ਸੈਨਾ ਸੀ ਅਤੇ ਦੂਜੇ ਪਾਸੇ ਗਿਣਤੀ ਦੇ ਕੁਝ ਸਿੰਘ ਜੋਧੇ ਸਨ, ਉਹ ਵੀ ਹਫ਼ਤਿਆਂ ਦੇ ਫਾਕਿਆਂ ਨਾਲ ਸਿੱਥਲ, ਕਮਜ਼ੋਰ ਤੇ ਨਿਢਾਲ।

ਪਰ ਗੁਰੂ ਜੀ ਨੇ ਉਹਨਾਂ ਦੇ ਅੰਦਰ ਅਜਿਹੀ ਰੂਹ ਭਰੀ ਹੋਈ ਸੀ ਕਿ ਉਹ ਵੈਰੀ ਦੇ ਟਿੱਡੀ ਦਲ ਨੂੰ ਵੇਖ ਕੇ ਵੀ ਰਤਾ ਨਹੀਂ ਘਬਰਾਏ ਬਲਕਿ ਪੂਰੇ ਜੋਸ਼ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ।

ਗੁਰੂ ਜੀ ਨੇ ਪਹਿਲਾਂ ਸਿੰਘਾਂ ਨੂੰ ਥਾਪੜਾ ਦੇ ਕੇ ਰਣ ਭੂਮੀ ਵਿਚ ਭੇਜਿਆ। ਧਰਮ ਦੀ ਰਖਿਆ ਦੇ ਜੋਸ਼ ਵਿਚ ਭਰੇ ਹੋਏ ਉਹ ਸੂਰਬੀਰ ਯੋਧੇ ਏਨੇ ਰੋਹ ਤੇ ਬੀਰਤਾ ਨਾਲ ਲੜੇ ਕਿ ਦੁਸ਼ਮਣ ਵੀ ਵਾਹ ਵਾਹ ਕਰ ਉੱਠੇ।

ਅਣਗਿਣਤ ਵੈਰੀਆਂ ਨੂੰ ਪਾਰ ਬੁਲਾਉਂਦੇ ਹੋਏ ਉਹ ਸੂਰਮੇ ਲੜਦੇ ਲੜਦੇ ਸ਼ਹੀਦ ਹੋ ਗਏ।

ਤੇ ਇਸ ਪ੍ਰਕਾਰ ਪੰਜ ਪੰਜ ਦੋ ਦੋ ਤੇ ਇਕ ਇਕ ਕਰਕੇ ਸਿੰਘ ਆਪਣੀ ਆਹੂਤੀ ਦਿੰਦੇ ਗਏ।

Disclaimer Privacy Policy Contact us About us