ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ


ਸਿੰਘਾਂ ਨੂੰ ਇਵੇਂ ਬਲੀਦਾਨ ਦਿੰਦਿਆਂ ਵੇਖ ਕੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੋਂ ਨਾ ਰਿਹਾ ਗਿਆ।

ਉਹ ਸਵੇਰ ਤੋਂ ਗੁਰੂ ਜੀ ਦੇ ਨਾਲ ਬੈਠੇ ਵੈਰੀਆਂ ਉੱਤੇ ਤੀਰਾਂ ਦੀ ਵਰਖਾ ਕਰ ਰਹੇ ਸਨ। ਹੁਣ ਉਹਨਾਂ ਦੀ ਪ੍ਰਬਲ ਇੱਛਾ ਹੋਈ ਕਿ ਗੜ੍ਹੀ ਤੋਂ ਬਾਹਰ ਜਾ ਕੇ ਵੈਰਿਆਂ ਨੂੰ ਦੋ ਦੋ ਹੱਥ ਵਿਖਾਉਣ।

ਉਹਨਾਂ ਨੇ ਪਿਤਾ ਜੀ ਪਾਸੋਂ ਰਣ ਭੂਮੀ ਵਿਚ ਜਾਣ ਦੀ ਆਗਿਆ ਮੰਗੀ।

ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਤੇ ਬੇਮਿਸਾਲ ਘਟਨਾ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਸ਼ਸਤਰ ਸਜਾ ਕੇ ਯੁੱਧ ਭੂਮੀ ਵਿਚ ਭੇਜਿਆ ਹੋਵੇ।

ਗੁਰੂ ਜੀ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਬੀਰ ਸਪੁੱਤਰ ਦਾ ਮੂੰਹ ਚੁੰਮ ਕੇ ਤੇ ਥਾਪੀ ਦੇ ਕੇ ਉਸ ਨੂੰ ਮੈਦਾਨੇ ਜੰਗ ਵਲ ਤੋਰਿਆ। ਪੰਜ ਸਿੰਘ ਉਹਨਾਂ ਦੇ ਨਾਲ ਸਨ।

ਰਣ ਭੂਮੀ ਵਿਚ ਪਹੁੰਚਦਿਆਂ ਹੀ ਇਹਨਾਂ ਸੂਰਮੀਆਂ ਨੇ ਤਰਥੱਲੀ ਮਚਾ ਦਿੱਤੀ। ਬਾਬਾ ਅਜੀਤ ਸਿੰਘ ਨੇ ਤੀਰਾਂ ਦੀ ਉਹ ਬੁਛਾੜ ਕੀਤੀ ਕਿ ਬੈਰੀ ਘਬਰਾ ਕੇ ਪਿਛਾਂਹ ਨੂੰ ਨੱਸ ਤੁਰੇ।

ਪਰ ਜਦੋਂ ਉਹਨਾਂ ਦਾ ਭੱਥਾ ਤੀਰਾਂ ਤੋਂ ਖ਼ਾਲੀ ਹੋ ਗਿਆ ਤਾਂ ਵੈਰੀ ਦਲ ਫੇਰ ਪਰਤ ਪਿਆ ਤੇ ਉਹਨਾਂ ਨੂੰ ਚਾਰੇ ਪਾਸਿਉਂ ਘੇਰ ਕੇ ਵਾਰ ਕਰਨ ਲੱਗਾ।

ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨੇ ਮਿਆਨ ਵਿਚੋਂ ਕ੍ਰਿਪਾਨ ਕੱਢ ਲਈ ਤੇ ਲੱਗੇ ਵੈਰੀਆਂ ਦੀਆ ਲੋਥਾਂ ਦੇ ਢੇਰ ਲਾਉਣ।

ਇਕ ਬਾਲਕ ਦੀ ਅਜਿਹੀ ਅਦੁੱਤੀ ਬੀਰਤਾ ਵੇਖ ਕੇ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਵੀ ਅਸ਼ ਅਸ਼ ਕਰ ਉੱਠਿਆ।

ਪਰ ਆਪਣੀ ਫ਼ੌਜ ਦੀ ਖੈ ਹੁੰਦੀ ਵੇਖ ਕੇ ਉਹ ਰੋਹ ਵਿਚ ਆ ਗਿਆ। ਉਸ ਨੇ ਲਲਕਾਰਾ ਮਾਰਿਆ- 'ਫੜ ਲਉ, ਇਸ ਨੂੰ ਜੀਉਂਦੇ'।

ਸੂਬੇ ਦੀ ਲਲਕਾਰ ਤੇ ਵੈਰੀਆਂ ਦਾ ਇਕ ਪੂਰਾ ਦਸਤਾ ਬਾਬਾ ਅਜੀਤ ਸਿੰਘ ਜੀ ਉੱਤੇ ਟੁੱਟ ਪਿਆ ਉਹ ਵੀ ਅੱਗੋਂ ਕਰਾਰੇ ਹੱਥ ਵਿਖਾਉਣ ਲੱਗੇ।

ਪਰ ਇਸ ਸਮੇਂ ਉਹਨਾਂ ਦੀ ਕ੍ਰਿਪਾਨ ਦੋ ਟੋਟੇ ਹੋ ਗਈ। ਉਹਨਾਂ ਨੇ ਨੇਜ਼ਾ ਸੰਭਾਲਿਆ ਪਰ ਉਹ ਵੀ ਲੜਦੇ ਲੜਦੇ ਟੁੱਟ ਗਿਆ।

ਉਹਨਾਂ ਨੂੰ ਸ਼ਸਤਰ ਹੀਣ ਹੋਇਆ ਵੇਖ ਕੇ ਵੈਰੀਆਂ ਦਾ ਹੌਂਸਲਾ ਵਧ ਗਿਆ ਤੇ ਉਹ ਵੱਧ ਵੱਧ ਕੇ ਉਹਨਾਂ ਤੇ ਵਾਰ ਕਰਨ ਲੱਗੇ।

ਕੁਝ ਚਿਰ ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਨੀਚ ਤੇ ਬੁਜ਼ਦਿਲਾਂ ਦੇ ਵਾਰ ਆਪਣੀ ਢਾਲ ਤੇ ਰੋਕਦੇ ਰਹੇ ਪਰ ਅਖ਼ੀਰ ਬੀਰਤਾ ਨਾਲ ਵਾਰਾਂ ਨੂੰ ਸਹਿੰਦੇ ਸ਼ਹੀਦ ਹੋ ਗਏ।

ਗੁਰੂ ਜੀ ਉਪਰ ਗੜ੍ਹੀ ਵਿਚ ਬੈਠੇ ਇਹ ਅਦੁੱਤੀ ਦ੍ਰਿਸ਼ ਵੇਖ ਰਹੇ ਸਨ। ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਸਾਹਿਬਜ਼ਾਦਾ ਨੇ ਸੂਰਬੀਰਤਾ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ।

Disclaimer Privacy Policy Contact us About us