ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ


ਵੱਡੇ ਵੀਰ ਨੂੰ ਸੂਰਮਗਤੀ ਨਾਲ ਸ਼ਹੀਦ ਹੋਇਆ ਵੇਖ ਕੇ ਛੋਟੇ ਵੀਰ ਜੁਝਾਰ ਸਿੰਘ ਦਾ ਲਹੂ ਉਬਾਲੇ ਖਾਣ ਲੱਗਾ।

ਉਸ ਨੇ ਹੱੱਥ ਜੋੜ ਕੇ ਪਿਤਾ ਪਾਸ ਬੇਨਤੀ ਕੀਤੀ ਕਿ ਉਸਨੂੰ ਵੀ ਵੱਡੇ ਵੀਰ ਵਾਂਗ ਵੈਰੀਆਂ ਨਾਲ ਜੂਝਣ ਦੀ ਆਗਿਆ ਦਿੱਤੀ ਜਾਏ।

ਮਹਾਨ ਪਿਤਾ ਦਸਮੇਸ਼ ਜੀ ਦੀਆਂ ਅੱਖਾਂ ਵਿਚ ਖੁਸ਼ੀ ਦੇ ਅਥਰੂ ਆ ਗਏ। ਉਨ੍ਹਾਂ ਨੇ ਬੜੀ ਪ੍ਰਸੰਨਤਾ ਨਾਲ ਪੁੱਤਰ ਨੂੰ ਆਗਿਆ ਦੇ ਦਿੱਤੀ ਤੇ ਵੱਡੇ ਸਾਹਿਬਜ਼ਾਦੇ ਵਾਂਗ ਛੋਟੇ ਸਹਿਬਜ਼ਾਦਾ ਜੀ ਨੂੰ ਵੀ ਆਪਣੇ ਹੱਥੀਂ ਸ਼ਸਤਰ ਸਜਾ ਕੇ ਰਣ ਖੇਤਰ ਵਲ ਤੋਰਿਆ।

ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਉਹਨਾਂ ਦੇ ਨਾਲ ਸਨ। ਤਿੰਨ ਸਿੰਘ ਹੋਰ ਸਾਥ ਸਨ।

ਬਾਬਾ ਜੁਝਾਰ ਸਿੰਘ ਗੜ੍ਹੀ ਤੋਂ ਉਤਰੇ ਤੇ ਹਵੇਲੀ ਦੇ ਬੂਹੇ ਤੇ ਪਹੁੰਚੇ। ਉਸ ਸਮੇਂ ਉਨ੍ਹਾਂ ਨੂੰ ਬੜੀ ਤਰੇਹ ਮਹਿਸੂਸ ਹੋਈ।

ਰਣ ਵਿਚ ਜੂਝਣ ਤੋਂ ਪਹਿਲਾ ਤਰੇਹ ਮਿਟਾ ਲੈਣ ਦੇ ਵਿਚਾਰ ਨਾਲ ਉਹ ਵਾਪਸ ਮੁੜੇ।

ਜਦੋਂ ਗੁਰੂ ਜੀ ਨੇ ਉਹਨਾਂ ਨੂੰ ਵਾਪਸ ਪਰਤਦਿਆਂ ਤਕਿਆ ਤਾਂ ਉਹਨਾਂ ਦੇ ਚਿਹਰੇ ਤੇ ਪ੍ਰਸ਼ਨਾਤਮਕ ਦ੍ਰਿਸ਼ਟੀ ਪਾਈ ਤੇ ਪੁਛਿਆ-

'ਬਰਖੁਰਦਾਰ! ਕੀ ਤੇਰਾ ਜੋਸ਼ ਠੰਡਾ ਪੈ ਗਿਆ ਹੈ ਜੋ ਵਾਪਸ ਆ ਗਿਆ ਹੈ? ਕੀ ਲੋਹੇ ਦੀ ਖੜਕਾਰ ਸੁਣ ਕੇ ਤੇਰਾ ਹੌਂਸਲਾ ਢਹਿ ਗਿਆ ਹੈ?'

ਸ਼ਾਹਿਬਜ਼ਾਦਾ ਜੁਝਾਰ ਸਿੰਘ ਨੇ ਉੱਤਰ ਦਿੱਤਾ, 'ਜੀ ਮੈਂ ਜਲ ਦੀਆਂ ਕੁਝ ਬੂੰਦਾਂ ਨਾਲ ਆਪਣਾ ਗਲਾ ਤਰ ਕਰਨ ਆਇਆ ਹਾਂ'।

ਇਹ ਸੁਣ ਕੇ ਪਿਤਾ ਦੇ ਚਿਹਰੇ ਤੇ ਸਖ਼ਤੀ ਆ ਗਈ। ਕਠੋਰ ਆਵਾਜ਼ ਵਿਚ ਬੋਲੇ-

'ਬਰਖੁਰਦਾਰ! ਸ਼ਾਡੇ ਕੋਲੋਂ ਜਲ ਦੀ ਮੰਗ ਨਾ ਕਰ। ਜਾਉ, ਦੁਸ਼ਮਣ ਦੇ ਲਹੂ ਨਾਲ ਆਪਣੀ ਪਿਆਸ ਬੁਝਾਉ। ਤੇਰਾ ਵੀਰ ਸਵਰਗ ਵਿਚ ਤੇਰੀ ਉਡੀਕ ਕਰ ਰਿਹਾ ਹੈ। ਤੈਨੂੰ ਕੇਵਲ ਉਥੇ ਹੀ ਜਲ ਮਿਲੇਗਾ'।

ਪਿਤਾ ਦੇ ਬਚਨ ਪੂਰੇ ਹੋਣ ਤੋਂ ਪਹਿਲਾਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਤੇਜ਼ੀ ਨਾਲ ਵਾਪਸ ਮੁੜੇ ਤੇ ਬਿਫਰੇ ਹੋਏ ਸ਼ੇਰ ਵਾਂਗ ਗਰਜਦੇ ਰਣਖੇਤਰ ਵਿਚ ਪਹੁੰਚੇ।

ਉਹ ਅੱਤ ਦੇ ਜੋਸ਼ ਵਿਚ ਭਰੇ ਵੈਰੀ ਦਲ ਉੱਤੇ ਟੁੱਟ ਪਏ। ਉਹਨਾਂ ਦੀ ਫੁਰਤੀ, ਤੇਜ਼ੀ ਤੇ ਬੀਰਤਾ ਵੇਖ ਕੇ ਵੱਡੇ ਵੱਡੇ ਤੀਸ ਮਾਰ ਖਾਂ ਫ਼ੌਜਦਾਰ ਵੀ ਹੈਰਾਨ ਰਹਿ ਗਏ ਤੇ ਉਹਨਾਂ ਦੀ ਮਾਰ ਤੋਂ ਬਚਣ ਲਈ ਇਧਰ ਉਧਰ ਖਿੰਡ ਗਏ।

ਫਿਰ ਉਨ੍ਹਾਂ ਨੇ ਸਲਾਹ ਕੀਤੀ ਕਿ ਇਸ ਬਾਲ ਸੂਰਮੇ ਨੂੰ ਕਿਸੇ ਤਰ੍ਹਾਂ ਜੀਊਂਦਿਆਂ ਫੜਿਆ ਜਾਏ ਪਰ ਜੁਝਾਰ ਸਿੰਘ ਤਾਂ ਉਸ ਵੇਲੇ ਸਾਖਸ਼ਾਤ ਜਮ ਦਾ ਰੂਪ ਬਣੇ ਹੋਏ ਸਨ, ਉਹ ਕਦੋਂ ਉਹਨਾਂ ਦੇ ਕਾਬੂ ਆਉਂਦੇ ਸਨ?

ਸੋ ਜਿਹੜਾ ਵੀ ਉਹਨਾਂ ਨੂੰ ਫੜਨ ਲਈ ਅੱਗੇ ਵਧਿਆ, ਉਹਨਾਂ ਦੀ ਤਲਵਾਰ ਨਾਲ ਟੋਟੇ ਟੋਟੇ ਹੋ ਗਿਆ।

ਜਦੋਂ ਜੁਝਾਰ ਸਿੰਘ ਨੂੰ ਜੀਊਂਦਾ ਫੜਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ ਤਾਂ ਇਸ ਤੋਂ ਗੁੱਸਾ ਖਾ ਕੇ ਵੈਰੀ ਦਲ ਦੀ ਇਕ ਤਕੜੀ ਟੁਕੜੀ ਨੇ ਉਹਨਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਬੁਜ਼ਦਿਲਾਂ ਵਾਂਗ ਸਾਰੇ ਇਕੱਠੇ ਹੀ ਉਨ੍ਹਾਂ ਤੇ ਟੁਟ ਪਏ।

ਵੈਰੀਆਂ ਦੀ ਇਸ ਨੀਚਤਾ ਨੂੰ ਵੇਖ ਕੇ ਬਾਬਾ ਜੁਝਾਰ ਸਿੰਘ ਨੂੰ ਹੋਰ ਰੋਹ ਚੜ੍ਹਿਆ। ਉਹ ਦੂਣੇ ਜੋਸ਼ ਨਾਲ ਸ਼ਤਰੂ ਦਾ ਘਾਣ ਕਰਨ ਲੱਗੇ।

ਪਰ ਇਕੱਲਾ ਬਾਲਕ ਕਿੰਨਾ ਕੁ ਚਿਰ ਐਡੇ ਵੱਡੇ ਦਲ ਦਾ ਟਾਕਰਾ ਕਰ ਸਕਦਾ ਸੀ?

ਉਨ੍ਹਾਂ ਦੇ ਨਾਲ ਦੇ ਪੰਜੇ ਸਿੰਘ ਬੀਰਤਾ ਨਾਲ ਲੜਦੇ ਸ਼ਹੀਦ ਹੋ ਚੁਕੇ ਸਨ।

ਬਾਬਾ ਜੁਝਾਰ ਸਿੰਘ ਵੀ ਅਖ਼ੀਰ ਜ਼ਖ਼ਮਾਂ ਤੇ ਥਕਾਵਟ ਨਾਲ ਚੂਰ ਹੋ ਕੇ ਧਰਤੀ ਤੇ ਡਿੱਗ ਪਏ। ਦੁਸ਼ਮਣਾਂ ਨੇ ਅੱਤ ਦੀ ਨੀਚਤਾ ਵਿਖਾਉਂਦਿਆਂ ਹੋਇਆਂ ਡਿਗੇ ਹੋਏ ਬਾਲਕ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।

ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਸੂਰਗਮਤੀ ਨਾਲ ਰਣ ਭੂਮੀ ਵਿਚ ਸ਼ਹੀਦ ਹੋ ਗਏ ਤੇ ਸੰਸਾਰ ਇਤਿਹਾਸ ਵਿਚ ਬੀਰਤਾ ਦੀ ਇਕ ਅਦੁਤੀ ਮਿਸਾਲ ਕਾਇਮ ਕਰ ਗਏ।

Disclaimer Privacy Policy Contact us About us