ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ


ਜਦੋਂ ਗੁਰੂ ਜੀ ਆਨੰਦਪੁਰ ਤੋਂ ਨਿਕਲੇ ਸਨ ਅਤੇ ਮੁਗ਼ਲ ਤੇ ਪਹਾੜੀ ਫ਼ੌਜਾ ਨੇ ਆਪਣੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕੀਤਾ ਤਾਂ ਬੜੀ ਗੜਬੜ ਤੇ ਅਫ਼ਰਾ ਤਫ਼ਰੀ ਜਿਹੀ ਮਚ ਗਈ। ਉਸ ਵੇਲੇ ਜਿਧਰ ਕਿਸੇ ਦਾ ਮੂੰਹ ਆਇਆ, ਉਹ ਉਸੇ ਪਾਸੇ ਨਿਕਲ ਤੁਰਿਆ।

ਗੁਰੂ ਸਾਹਿਬ ਦੇ ਛੋਟੇ ਸਪੁਤਰ, ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ, ਅਤੇ ਉਨ੍ਹਾਂ ਦੇ ਦਾਦੀ ਜੀ ਗੁਰੂ ਜੀ ਤੋਂ ਵਿਛੜ ਗਏ। ਉਨ੍ਹਾਂ ਦਾ ਨੌਕਰ ਗੰਗਾ ਰਾਮ ਬ੍ਰਾਹਮਣ ਉਨ੍ਹਾਂ ਨੂੰ ਆਪਣੇ ਪਿੰਡ ਲੈ ਗਿਆ।

ਵੱਡੇ ਮਾਤਾ ਜੀ ਆਨੰਦਪੁਰ ਤੋਂ ਚਲਣ ਵੇਲੇ ਘਰ ਦਾ ਕੁਝ ਗਹਿਣਾ ਵਸਤਰ ਇਕ ਗੰਢ ਵਿਚ ਬੰਨ੍ਹ ਕੇ ਲੈ ਆਏ ਸਨ। ਉਸ ਨੂੰ ਵੇਖ ਕੇ ਗੰਗਾ ਰਾਮ ਦਾ ਮਨ ਬੇਈਮਾਨ ਹੋ ਗਿਆ।

ਰਾਤ ਨੂੰ ਉਸ ਨੇ ਚੁਪ ਕੀਤਿਆਂ ਗੰਢ ਖਿਸਕਾ ਲਈ ਤੇ ਆਪਣਾ ਪਾਪ ਲੁਕਾਉਣ ਲਈ ‘ਚੋਰ ਚੋਰ' ਦਾ ਰੌਲਾ ਪਾ ਦਿੱਤਾ।

ਮਾਤਾ ਜੀ ਗੰਗੂ ਦੇ ਖੋਟ ਨੂੰ ਤਾੜ ਗਏ ਪਰ ਸਮਾਂ ਅਵੱਲਾ ਵੇਖ ਕੇ ਧੀਰਜ ਨਾਲ ਉਹਨੂੰ ਕਹਿਣ ਲੱਗੇ-

'ਗੰਗਾ ਰਾਮ! ਇਥੇ ਚੋਰ ਤਾਂ ਕੋਈ ਆਇਆ ਨਹੀਂ, ਤੁੰ ਐਵੇਂ ਕਿਉਂ ਪਖੰਡ ਕਰਦਾ ਏਂ? ਜੇ ਤੁੰ ਗੰਢ ਚੁੱਕੀ ਏ ਤਾਂ ਚਲ, ਰੱਖ ਲੈ। ਐਵੇਂ ਰੌਲਾ ਪਾ ਕੇ ਦੁਨੀਆਂ ਤਾਂ ਨਾ ਇਕੱਠੀ ਕਰ!'

ਗੰਗੂ ਦੇ ਪਾਪ ਕੰਬਣ ਲੱਗੇ ਪਰ ਉਹ ਸੱਚਾ ਬਣਨ ਲਈ ਅੱਗੋ ਗਰਮ ਹੋ ਕੇ ਬੋਲਿਆ-

'ਵਾਹ! ਮੈਂ ਤੁਹਾਨੂੰ ਵੈਰਿਆਂ ਤੋਂ ਬਚਾ ਕੇ ਲਿਆਇਆ ਤੇ ਜਾਨ ਖ਼ਤਰੇ ਵਿਚ ਪਾ ਕੇ ਸ਼ਰਨ ਦਿੱਤੀ, ਤੇ ਤੁਸੀਂ ਮੇਰੀ ਨੇਕੀ ਦਾ ਇਹ ਬਦਲਾ ਦੇਣ ਲੱਗੇ ਕਿ ਮੈਨੂੰ ਹੀ ਚੋਰ ਬਣਾ ਰਹੇ ਹੋ, ਚੰਗਾ ਫੇਰ, ਦਿਨ ਚੜ੍ਹ ਲੈਣ ਦਿਉ, ਮੈਂ ਵੀ ਤੁਹਾਨੂੰ ਇਸ ਨਾ-ਸ਼ੁਕਰੇ ਪਣ ਦਾ ਬਦਲਾ ਲੈ ਕੇ ਦਸਦਾ ਹਾਂ'।

ਆਵਾਜ਼ਾਂ ਸੁਣ ਕੇ ਸਾਹਿਬਜ਼ਾਦੇ ਵੀ ਜਾਗ ਪਏ। ਜ਼ੋਰਾਵਰ ਸਿੰਘ ਨੇ ਗੰਗੂ ਦੀ ਧਮਕੀ ਸੁਣੀ ਤਾਂ ਜੋਸ਼ ਵਿਚ ਆ ਕੇ ਬੋਲੇ-

'ਸੱਪ ਕਿਤੋਂ ਦਾ! ਵੇਖ ਤਾਂ ਸਹੀ, ਮੈਂ ਹੁਣੇ ਤੇਰਾ ਸਿਰ ਫੇਂਹਦਾ ਹਾਂ'। ਪਰ ਮਾਤਾ ਜੀ ਸਹਿਮ ਗਏ।

ਉਹਨਾਂ ਨੂੰ ਆਪਣੀ ਤਾਂ ਫ਼ਿਕਰ ਨਹੀਂ ਸੀ ਪਰ ਸਾਹਿਬਜ਼ਾਦਿਆਂ ਦੀ ਰੱਖਿਆ ਦੀ ਚਿੰਤਾ ਸੀ। ਉਹਨਾਂ ਨੇ ਇਸ ਔਕੜ ਦੇ ਸਮੇਂ ਗੰਗੂ ਨਾਲ ਵੈਰ ਪਾਣਾ ਠੀਕ ਨਾ ਸਮਝਿਆ ਤੇ ਉਸ ਨੂੰ ਨਰਮੀ ਨਾਲ ਸਮਝਾਉਣ ਦਾ ਯਤਨ ਕੀਤਾ ਪਰ ਗੰਗੂ ਨਾ ਮੰਨਿਆ।

ਉਹ ਤਾਂ ਮਾਤਾ ਜੀ ਦਾ ਸਾਰਾ ਮਾਲ ਹਜ਼ਮ ਕਰਨਾ ਚਾਹੁੰਦਾ ਸੀ। ਨਾਲੇ ਉਹ ਆਪਣੀ ਘਰ ਵਾਲੀ ਦੇ ਕਹਿਣ ਤੇ ਡਰ ਵੀ ਗਿਆ ਸੀ ਕਿ ਜੇ ਮੁਸਲਮਾਨ ਹਾਕਮਾਂ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸ਼ਰਨ ਦੇਣ ਦਾ ਪਤਾ ਲੱਗ ਗਿਆ ਤਾਂ ਉਹ ਸਾਡਾ ਬਾਲ-ਬੱਚਾ ਘਾਣ ਕਰ ਦੇਣਗੇ।

ਇਸ ਲਈ ਉਹ ਉਹਨਾਂ ਤੋਂ ਪੱਲਾ ਛੁਡਾਉਣਾ ਚਾਹੁੰਦਾ ਸੀ। ਉਹ ਧਮਕੀਆਂ ਦਿੰਦਾ ਕਮਰੇ ਵਿਚੋਂ ਬਾਹਰ ਨਿਕਲ ਗਿਆ।

ਦਿਨ ਨਿਕਲਿਆ ਤਾਂ ਉਹ ਗੰਗੂ ਨੂੰ ਇਕ ਵਾਰ ਸਮਝਾਉਣ ਲਈ ਉਹਦੇ ਵੱਲ ਗਏ ਪਰ ਉਹ ਪਾਪੀ ਤਾਂ ਸਵੇਰੇ ਤੜਕੇ ਹੀ ਘਰੋਂ ਨਿਕਲ ਗਿਆ ਸੀ। ਉਹ ਸਿੱਧਾ ਮੁਰਿੰਡੇ ਦੇ ਕੋਤਵਾਲ ਪਾਸ ਪਹੁੰਚ ਗਿਆ ਤੇ ਸਲਾਮ ਕਰ ਕੇ ਕਹਿਣ ਲੱਗਾ-

'ਹਜ਼ੂਰ! ਮੈਂ ਆਪ ਨੂੰ ਇਕ ਜ਼ਰੂਰੀ ਇਤਲਾਹ ਦੇਣ ਆਇਆ ਹਾਂ!'

'ਕੀ ਗੱਲ ਹੈ?' ਕੋਤਵਾਲ ਨੇ ਰੁੱਖੇ ਪਣ ਨਾਲ ਪੁੱਛਿਆ।

'ਸਰਕਾਰ! ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਹਨਾਂ ਦੇ ਦੋ ਪੁੱਤਰਾਂ ਨੂੰ ਭੁਲਾਵਾ ਦੇ ਕੇ ਆਪਣੇ ਘਰ ਲੈ ਆਇਆ ਹਾਂ। ਆਪ ਆਪਣੇ ਆਦਮੀ ਭੇਜ ਕੇ ਉਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਵੋ'।

ਕੋਤਵਾਲ ਦੀਆਂ ਵਾਛਾਂ ਖਿੜ ਪਈਆਂ। ਖ਼ੁਸ਼ ਹੋ ਕੇ ਬੋਲਿਆ-

'ਵਾਹ ਪੰਡਤਾ! ਫੇਰ ਤਾਂ ਵੱਡਾ ਕਾਰਨਾਮਾ ਕੀਤਾ ਈ। ਲੈ ਮੈਂ ਹੁਣੇ ਸਿਪਾਹੀ ਭੇਜਦਾ ਹਾਂ, ਉਹਨਾਂ ਦੇ ਸਪੁਰਦ ਕਰ ਦੇ'। ਸਿਪਾਹੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਪਕੜ ਲਿਆਏ। ਕੋਤਵਾਲ ਨੇ ਉਹਨਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਕੋਲ ਪੁੱਚਾ ਦਿੱਤਾ।

ਵਜ਼ੀਰ ਖਾਂ ਦੇ ਹੁਕਮ ਨਾਲ ਤਿੰਨਾਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ।

ਮਾਤਾ ਜੀ ਆਪਣੀ ਅਧਿਆਤਮਕ ਸ਼ਕਤੀ ਦੁਆਰਾ ਹੋਣੀ ਦੀ ਝਲਕ ਵੇਖ ਰਹੇ ਸਨ। ਉਹਨਾਂ ਨੇ ਦੋਹਾਂ ਪੋਤਰਿਆਂ ਨੂੰ ਗੁਰੂ ਅਰਜਨ ਦੇਵ ਜੀ ਅਤੇ

ਗੁਰੂ ਤੇਗ ਬਹਾਦਰ ਜੀ ਦੀ ਧਰਮ ਦੀ ਖ਼ਾਤਰ ਸ਼ਹੀਦੀ ਦੀਆਂ ਗੱਲਾ ਸੁਣਾ ਕੇ ਦ੍ਰਿੜ੍ਹ ਕਰਾਇਆ ਕਿ ਜੇ ਤੁਹਾਨੂੰ ਮੁਗ਼ਲ ਧਰਮ ਬਦਲਣ ਲਈ ਲੋਭ ਜਾਂ ਡਰਾਵੇ ਦੇਵੇ ਤਾਂ ਉਸਦੇ ਰੁਹਬ ਵਿਚ ਨਹੀਂ ਆਉਣਾ।

ਦੋਵੇਂ ਸਾਹਿਬਜ਼ਾਦੇ ਪਹਿਲਾਂ ਹੀ ਬੜੇ ਉਤਸ਼ਾਹੀ ਸਨ। ਹੁਣ ਹੋਰ ਦ੍ਰਿੜ੍ਹ ਹੋ ਗਏ। ਉਹਨਾਂ ਨੇ ਮਾਤਾ ਜੀ ਨੂੰ ਭਰੋਸਾ ਦਿੱਤਾ ਕਿ ਭਾਵੇਂ ਜਾਨਾਂ ਚਲੀਆ ਜਾਣ ਪਰ ਉਹ ਧਰਮ ਛਡਣਾ ਕਬੂਲ ਨਹੀਂ ਕਰਨਗੇ ਅਤੇ ਗੁਰੂ ਘਰ ਦੇ ਜਸ ਨੂੰ ਕਲੰਕ ਨਹੀਂ ਲਾਉਣਗੇ।

Disclaimer Privacy Policy Contact us About us