ਮੁਗ਼ਲ ਦਰਬਾਰ ਵਿਚ ਪੇਸ਼ੀ


ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਦਰਬਾਰ ਵਿਚ ਲਿਆਂਦਾ ਗਿਆ।

ਵਜ਼ੀਰ ਖਾਂ ਨੇ ਉਹਨਾਂ ਨੂੰ ਭਰਮ ਵਿਚ ਪਾਉਣ ਲਈ ਕਿਹਾ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਚਮਕੌਰ ਦੇ ਯੁੱਧ ਵਿਚ ਸ਼ਹੀਦ ਹੋ ਗਏ ਹਨ। ਤੁਸੀਂ ਹੁਣ ਯਤੀਮ ਹੋ ਤੇ ਕੈਦੀ ਹੋ।

ਲੇਕਿਨ ਜੇਕਰ ਤੁਸੀਂ ਮੁਸਲਮਾਣ ਬਣ ਜਾਉ ਤਾਂ ਤੁਹਾਨੂੰ ਕੈਦ ਵਿਚੋਂ ਛੱਡ ਦਿੱਤਾ ਜਾਏਗਾ ਅਤੇ ਤੁਹਾਡੇ ਗੁਜ਼ਾਰੇ ਲਈ ਸ਼ਾਹੀ ਖ਼ਜ਼ਾਨੇ ਵਿਚੋ ਧਨ ਦਿੱਤਾ ਜਾਏਗਾ।

ਪਰ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਪੁੱਤਰ ਦੁਨੀਆਂ ਦੇ ਥੋੜ੍ਹ ਚਿਰੇ ਸੁਖ ਲਈ ਆਪਣਾ ਧਰਮ ਛੱਡਣਾ ਕਦੋਂ ਮੰਨਦੇ ਸਨ? ਉਹਨਾਂ ਨੇ ਇਸ ਗੱਲ ਤੋਂ ਸਾਫ਼ ਨਾਂਹ ਕਰ ਦਿੱਤੀ।

ਵਜ਼ੀਰ ਖਾਂ ਨੇ ਬੜੀਆਂ ਧਮਕੀਆਂ ਤੇ ਡਰਾਵੇ ਦਿੱਤੇ ਪਰ ਵੀਰ ਬਾਲਕ ਰਤਾ ਨਾ ਡੋਲੇ। ਸੂਬੇਦਾਰ ਨੂੰ ਬੜਾ ਗੁੱਸਾ ਆਇਆ। ਉਸ ਨੇ ਦਰਬਾਰ ਵਿਚ ਬੈਠੇ ਮਲੇਰ ਕੋਟਲੇ ਦੇ ਸਰਦਾਰ ਸ਼ੇਰ ਮੁਹੰਮਦ ਵਲ ਵੇਖਕੇ ਕਿਹਾ-

'ਤੇਰਾ ਭਰਾ ਤੇ ਭਤੀਜਾ ਸਿੱਖਾਂ ਨੇ ਚਮਕੌਰ ਦੇ ਜੰਗ ਵਿਚ ਮਾਰ ਦਿਤੇ ਨੇ। ਮੈਂ ਇਹ ਛੋਕਰੇ ਤੇਰੇ ਹਵਾਲੇ ਕਰਦਾ ਹਾਂ। ਤੁੰ ਭਰਾ-ਭਤੀਜੇ ਦਾ ਬਦਲਾ ਲੈਣ ਲਈ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ'।

ਪਰ ਸ਼ੇਰ ਮੁਹੰਮਦ ਅਸੂਲ ਵਾਲਾ ਬੰਦਾ ਸੀ। ਉਹ ਬੋਲਿਆ-

'ਮੇਰਾ ਭਰਾ ਤੇ ਭਤੀਜਾ ਜੰਗ ਵਿਚ ਲੜਦੇ ਹੋਏ ਮਰੇ ਹਨ। ਮੈਂ ਉਹਨਾਂ ਦਾ ਬਦਲਾ ਸਿੱਖਾਂ ਨਾਲ ਮੈਦਾਨੇ ਜੰਗ ਵਿਚ ਲੜ ਕੇ ਲਵਾਂਗਾ। ਇਨ੍ਹਾਂ ਮਾਸੂਮ, ਦੂਧ ਪੀਂਦੇ ਬੱਚਿਆਂ ਦਾ ਇਸ ਵਿਚ ਕੀ ਕਸੂਰ ਹੈ ਜੋ ਮੈਂ ਇਹਨਾਂ ਨੂੰ ਕਤਲ ਕਰਾਂ? ਅਜਿਹਾ ਕਰਨਾ ਸ਼ਰ੍ਹਾ ਦੇ ਤੇ ਮਰਦਾਨਗੀ ਦੇ ਖ਼ਿਲਾਫ਼ ਹੈ। ਮੈਂ ਇਹ ਨਹੀਂ ਕਰ ਸਕਦਾ'।

ਸ਼ੇਰ ਮੁਹੰਮਦ ਦੀ ਗੱਲ ਸੁਣ ਕੇ ਵਜ਼ੀਰ ਖਾਂ ਕੱਚਾ ਪੈ ਗਿਆ। ਉਹ ਸ਼ਰਮਿੰਦਗੀ ਮਿਟਾਉਣ ਲਈ ਸਾਹਿਬਜ਼ਾਦਿਆ ਨੂੰ ਕਹਿਣ ਲੱਗਾ-

'ਭਲਾ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ?'

ਸ਼ਾਹਿਬ ਜ਼ੋਰਾਵਰ ਸਿੰਘ ਨੇ ਤਨ ਕੇ ਜਵਾਬ ਦਿੱਤਾ-

'ਅਸੀਂ ਵੀ ਪਿਤਾ ਜੀ ਵਾਂਗ ਸਿੰਘਾਂ ਦੀ ਫ਼ੌਜ ਇਕੱਠੀ ਕਰਾਂਗੇ ਤੇ ਜ਼ੁਲਮ ਦੇ ਖ਼ਿਲਾਫ਼ ਲੜਾਂਗੇ'।

'ਤੇ ਜੇ ਤੁਸੀਂ ਹਾਰ ਜਾਉ ਤਾਂ ਕੀ ਕਰੋਗੇ?' ਵਜ਼ੀਰ ਖਾਂ ਨੇ ਫੇਰ ਪੁਛਿਆ।

'ਅਸੀਂ ਮੁੜ ਫ਼ੌਜ ਇਕੱਠੀ ਕਰਾਂਗੇ ਤੇ ਲੜਾਂਗੇ... ਤੇ ਅਸੀਂ ਮੁੜ ਮੁੜ ਫ਼ੌਜ ਇਕੱਠੀ ਕਰਾਂਗੇ ਤੇ ਜ਼ੁਲਮ ਦੇ ਖ਼ਿਲਾਫ਼ ਲੜਾਂਗੇ। ਸਾਡੀ ਲੜਾਈ ਉਸ ਵੇਲੇ ਤਕ ਜਾਰੀ ਰਹੇਗੀ ਜਦ ਤਕ ਕਿ ਜ਼ੁਲਮ ਦਾ ਖ਼ਾਤਮਾ ਨਹੀਂ ਹੋ ਜਾਂਦਾ'।

ਵਜ਼ੀਰ ਖਾਂ ਨਿੱਕੇ ਨਿੱਕੇ ਬਾਲਕਾਂ ਦੀ ਨਿਡਰਤਾ ਤੇ ਹੌਂਸਲਾ ਵੇਖ ਕੇ ਦੰਗ ਰਹਿ ਗਿਆ। ਉਹਦੇ ਦਿਲ ਵਿਚ ਉਹਨਾਂ ਲਈ ਤਾਰੀਫ਼ ਤੇ ਰਹਿਮ ਦਾ ਜਜ਼ਬਾ ਜਾਗਿਆ।

ਪਰ ਉਸ ਦੇ ਦੀਵਾਨ ਸੁੱਚਾ ਨੰਦ ਨੇ ਆਪਣੇ ਜ਼ਹਿਰ ਭਰੇ ਸ਼ਬਦਾਂ ਨਾਲ ਇਸ ਤਾਰੀਫ਼ ਨੂੰ ਗੁੱਸੇ ਵਿਚ ਬਦਲ ਦਿੱਤਾ। ਤੇ ਕਹਿਣ ਲੱਗਾ-

'ਨਵਾਬ ਸਾਹਿਬ! ਸੱਪਾਂ ਦੇ ਬੱਚੇ ਸੱਪ ਹੀ ਨਿਕਲਦੇ ਹਨ। ਇਹਨਾਂ ਦੇ ਸਿਰ ਫੇਹਨਾ ਹੀ ਸਿਆਣੀ ਨੀਤੀ ਹੈ'।

ਦੀਵਾਨ ਦੀ ਗੱਲ ਤੜਕ ਕੇ ਨਵਾਬ ਵਜ਼ੀਰ ਖਾਂ ਨੇ ਹੁਕਮ ਚਾੜ੍ਹ ਦਿੱਤਾ ਕਿ ਦੋਹਾਂ ਸਾਹਿਬਜ਼ਾਦਿਆਂ ਨੂੰ ਜਿਉਂਦੇ ਕੰਧਾਂ ਵਿਚ ਚਿਣ ਦਿੱਤਾ ਜਾਏ।

Disclaimer Privacy Policy Contact us About us