ਮਾਛੀਵਾੜੇ ਦੇ ਜੰਗਲਾਂ ਵਿਚ


ਚਮਕੌਰ ਤੋਂ ਚਲ ਕੇ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲ ਦਾ ਰਾਹ ਫੜਿਆ।

ਮੁਗ਼ਲ ਸੈਨਾ ਨੇ ਜਦ ਉਹਨਾਂ ਦਾ ਪਿਛਾਂ ਕੀਤਾ ਤੇ ਉਸ ਖਲਬਲੀ ਵਿਚ ਗੁਰੂ ਜੀ ਅਪਣੇ ਤਿੰਨੇ ਸਿੱਖ- ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤੋ ਵਿਛੜ ਗਏ। ਗੁਰੂ ਜੀ ਇਕੱਲੇ ਹੀ ਰਾਤ ਦੇ ਹਨੇਰੇ ਵਿਚ ਚਲਦੇ ਗਏ।

ਕਾਲੀ ਬੋਲੀ ਰਾਤ, ਅਣਜਾਣੇ ਰਾਹ, ਪਥਰੀਲੀਆਂ ਡੰਡੀਆਂ, ਕੰਡਿਆਲੀਆਂ ਝਾੜੀਆਂ ਤੇ ਕਈ ਦਿਨਾਂ ਦੇ ਅੱਧ ਫਾਕਿਆਂ ਨਾਲ ਨਿਢਾਲ ਦਸਮੇਸ਼ ਗੁਰੂ ਜੀ।

ਚਲਦੇ ਚਲਦੇ ਆਪ ਦੇ ਪੈਰਾਂ ਦੇ ਜੋੜੇ ਟੁੱਟ ਗਏ, ਕੋਮਲ ਪੈਰ ਕੰਕਰਾਂ ਤੇ ਕੰਡਿਆਂ ਨਾਲ ਜ਼ਖ਼ਮੀ ਹੋ ਗਏ, ਸਰੀਰ ਦੇ ਬਸਤਰ ਝਾੜੀਆਂ ਨਾਲ ਅੜ ਅੜ ਕੇ ਤਾਰ ਤਾਰ ਹੋ ਗਏ ਤੇ ਉਪਰੋਂ ਠੰਢ, ਥਕਾਵਟ ਤੇ ਉਂਨੀਦਰਾ।

ਗੁਰੂ ਜੀ ਨੂੰ ਆਪਣਾ ਲਹੂ ਠੰਢਾ ਹੁੰਦਾ ਪ੍ਰਤੀਤ ਹੋਇਆ। ਆਪ ਜੀ ਨੇ ਆਲੇ ਦੁਆਲੇ ਤੱਕਿਆ।

ਟਿਮਕਦੇ ਤਾਰਿਆਂ ਦੀ ਲੋਅ ਵਿਚ ਅੱਕ ਦੀਆਂ ਝਾੜੀਆਂ ਨਜ਼ਰੀਂ ਪਈਆਂ। ਆਪ ਨੇ ਕੁਝ ਨਰਮ ਜਿਹੀਆਂ ਕਰੂੰਬਲਾਂ ਤੋੜ ਕੇ ਮੂੰਹ ਵਿਚ ਪਾ ਲਈਆਂ। ਇਸ ਨਾਲ ਸਰੀਰ ਵਿਚ ਕੁਝ ਗਰਮਾਈ ਆਈ।

ਪਰ ਨਾਲ ਹੀ ਕੁਝ ਘੂਕੀ ਵੀ ਚੜ੍ਹਦੀ ਮਹਿਸੂਸ ਹੋਈ। ਇਕ ਛਤਨਾਰੇ ਦਰਖ਼ਤ ਦੇ ਹੇਠਾਂ ਪੱਥਰ ਦਾ ਸਿਰਹਾਣਾ ਬਣਾ ਕੇ ਗੁਰੂ ਜੀ ਲੇਟ ਗਏ।

ਉਨੀਂਦਰੇ, ਥਕਾਵਟ ਦੇ ਕਾਰਨ ਅੱਤ ਦੀ ਠੰਢ ਵਿਚ ਵੀ ਆਪ ਜੀ ਦੀ ਅੱਖ ਲੱਗ ਗਈ।

ਗੁਰੂ ਜੀ ਤੋਂ ਵਿਛੜੇ ਤਿੰਨੇ ਸਿੱਖ ਆਪ ਜੀ ਦੀ ਭਾਲ ਕਰਦੇ ਉਥੇ ਆ ਪੁੱਜੇ।

ਕੀ ਵੇਖਦੇ ਹਨ ਕਿ ਦੋਹਾਂ ਜਹਾਨਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੱਥਰ ਦੀ ਸਿਲ ਦਾ ਸਿਰਹਾਣਾ ਬਣਾਈ ਨੰਗੀ ਭੋਂ ਤੇ ਲੇਟੇ ਹੋਏ ਹਨ ਤੇ ਕਿਸ ਅਵਸਥਾ ਵਿਚ! ਵਸਤਰ ਫਟੇ ਹੋਏ, ਪੈਰ ਲਹੂ ਲੁਹਾਨ ਤੇ ਸਰੀਰ ਅਡੋਲ!

ਸਿੱਖਾਂ ਦੇ ਦਿਲ ਕੰਬ ਉਠੇ। ਅੱਖਾਂ ਵਿਚ ਨੀਰ ਭਰ ਆਇਆ। ਚਰਨਾਂ ਤੇ ਮੱਥਾ ਟੇਕ ਕੇ ਕੋਲ ਬੈਠ ਗਏ ਤੇ ਹੱਥਾਂ ਨਾਲ ਸਾਹਿਬ ਜੀ ਦੇ ਪੈਰਾਂ ਦੀਆਂ ਤਲੀਆਂ ਝੱਮਣ ਲੱਗੇ।

ਗੁਰੂ ਜੀ ਦੇ ਸਰੀਰ ਵਿਚ ਕੁਝ ਗਰਮਾਈ ਆਈ। ਸਿੱਖਾਂ ਦੇ ਮਨ ਸੰਭਲੇ।

ਕੋਲ ਹੀ ਇਕ ਖੂਹ ਗਿੜਦਾ ਪਿਆ ਸੀ। ਗੁਲਾਬਾ ਨਾਂ ਦਾ ਮਸੰਦ ਇਸ ਦਾ ਮਾਲਕ ਸੀ। ਸਿੱਖ ਗੁਰੂ ਸਾਹਿਬ ਨੂੰ ਚੁੱਕ ਕੇ ਖੂਹ ਤੇ ਲੈ ਗਏ। ਗੁਲਾਬਾ ਘਰੋਂ ਦੁੱਧ ਲੈ ਆਇਆ।

ਦਿਨੇ ਸਾਹਿਬ ਜੀ ਨੇ ਇਥੇ ਆਰਾਮ ਕੀਤਾ। ਸੰਧਿਆ ਪਈ ਤਾਂ ਗੁਲਾਬਾ ਆਪ ਜੀ ਨੂੰ ਸਿੱਖਾਂ ਸਮੇਤ ਘਰ ਲੈ ਗਿਆ ਤੇ ਟਹਿਲ ਸੇਵਾ ਕਰਨ ਲੱਗਾ।

ਕੁਝ ਦਿਨ ਆਪ ਨੇ ਇਥੇ ਬਿਸਰਾਮ ਕੀਤਾ। ਆਰਾਮ ਅਤੇ ਖ਼ੁਰਾਕ ਦਾ ਸਦਕਾ ਸਾਹਿਬ ਜੀ ਛੇਤੀ ਹੀ ਮੁੜ ਨੌ-ਬਰ-ਨੌ ਹੋ ਗਏ।

Disclaimer Privacy Policy Contact us About us