ਉੱਚ ਦਾ ਪੀਰ


ਪਰ ਗੁਰੂ ਜੀ ਵਰਗੀ ਮਹਾਨ ਤੇ ਤੇਜੱਸਵੀ ਸ਼ਖ਼ਸੀਅਤ ਇਕ ਛੋਟੇ ਜਿਹੇ ਕਸਬੇ ਦੇ ਛੋਟੇ ਜਿਹੇ ਚੁਬਾਰੇ ਵਿਚ ਕਿਵੇਂ ਲੁਕੀ ਰਹਿ ਸਕਦੀ ਸੀ?

ਛੇਤੀ ਹੀ ਆਲੇ ਦੁਆਲੇ ਦੇ ਲੋਕਾਂ ਨੂੰ ਉਹਨਾਂ ਦੀ ਸੋਅ ਲੱਗ ਗਈ।

ਸ਼ਰਧਾਲੂ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਟੁੱਟ ਪਈਆਂ। ਇਸ ਨਾਲ ਮੁਗ਼ਲ ਸੂਹੀਆਂ ਨੂੰ ਵੀ ਗੁਰੂ ਜੀ ਦੀ ਸੋਅ ਲੱਗ ਗਈ ਤੇ ਝਟ ਹੀ ਮੁਗ਼ਲ ਫੌਜ ਇਧਰ ਨੂੰ ਹਿੱਲ ਪਈ।

ਗੁਲਾਬਾ ਡਰਨ ਲੱਗਾ।

ਇਸੇ ਸਮੇਂ ਨਬੀ ਖਾਂ ਤੇ ਗਨੀ ਖਾਂ ਨਾਂ ਦੇ ਦੋ ਪਠਾਨ ਭਰਾ ਜਿਹੜੇ ਗੁਰੂ ਜੀ ਦੇ ਬੜੇ ਸ਼ਰਧਾਲੂ ਸਨ, ਗੁਰੂ ਜੀ ਦੇ ਇਥੇ ਠਹਿਰਨ ਦਾ ਸਮਾਚਾਰ ਸੁਣ ਕੇ ਦਰਸ਼ਨਾਂ ਲਈ ਹਾਜ਼ਰ ਹੋਏ।

ਸ਼ਾਹੀ ਫੌਜ ਦੀ ਆਵੰਦ ਦੀ ਸੋਅ ਉਨ੍ਹਾਂ ਨੂੰ ਮਿਲੀ ਸੀ। ਉਨ੍ਹਾਂ ਨੇ ਗੁਰੂ ਜੀ ਨੂੰ ਉਥੋਂ ਕੱਢ ਲੈ ਚਲਣ ਲਈ ਆਪਣੀ ਖ਼ਿਦਮਤ ਪੇਸ਼ ਕੀਤੀ।

ਮਾਈ ਗੁਰਦਈ ਉਸੇ ਦਿਨ ਆਪਣੇ ਹੱਥ ਦਾ ਕੱਤਿਆ ਸੁੰਦਰ ਖੱਦਰ ਸਾਹਿਬ ਜੀ ਦੀ ਭੇਟਾ ਕਰ ਗਈ ਸੀ। ਉਸ ਖੱਦਰ ਨੂੰ ਨੀਲਾ ਰੰਗਵਾ ਕੇ ਵਸਤਰ ਤਿਆਰ ਕੀਤੇ ਗਏ। ਨੀਲੇ ਵਸਤਰ ਮੁਸਲਮਾਨ ਦਰਵੇਸ਼ਾਂ ਦਾ ਖ਼ਾਸ ਪਹਿਰਾਵਾ ਸੀ।

ਗੁਰੂ ਜੀ ਨੇ ਉਹ ਨੀਲੇ ਵਸਤਰ ਪਹਿਨ ਲਏ ਤੇ ਸੁੰਦਰ ਕੇਸ ਪਿਛਾਂਹ ਵਲ ਖਿਲਾਰ ਲਏ ਤੇ ਇਸ ਤਰ੍ਹਾਂ ਇਕ ਮੁਸਲਮਾਨ ਪੀਰ ਦਾ ਰੂਪ ਧਾਰਨ ਕਰ ਲਿਆ।

ਫੇਰ ਇਕ ਪਲੰਘ ਲਿਆਂਦਾ ਗਿਆ। ਸਹਿਬ ਜੀ ਪਲੰਘ ਉਪਰ ਬਿਰਾਜਮਾਨ ਹੋ ਗਏ। ਦੋਹਾਂ ਪਠਾਨਾਂ ਤੇ ਦੋ ਸਿੱਖਾਂ ਨੇ ਰਲ ਕੇ ਪਲੰਘ ਉਠਾ ਲਿਆ।

ਭਾਈ ਧਰਮ ਸਿੰਘ ਗੁਰੂ ਸਾਹਿਬ ਨੂੰ ਚੌਰ ਕਰਨ ਲੱਗਾ ਤੇ ਇਸ ਪ੍ਰਕਾਰ ਉਹ ਲੋਕ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕੇ ਉਥੋਂ ਲੈ ਤੁਰੇ।

ਮੁਗ਼ਲ ਫ਼ੌਜ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਗੁਰੂ ਜੀ ਨੂੰ ਪਕੜਨ ਲਈ ਚਾਰੇ ਪਾਸੇ ਭੌਂ ਰਹੀਆਂ ਸਨ। ਸ਼ਾਹੀ ਫ਼ੌਜਦਾਰ ਗੁਰੂ ਜੀ ਨੂੰ ਪਕੜਨ ਲਈ ਉਤਾਵਲੇ ਸਨ। ਬਾਦਸ਼ਾਹ ਔਰੰਗਜ਼ੇਬ ਗੁਰੂ ਜੀ ਨੂੰ ਪਕੜਨ ਲਈ ਹੁਕਮ ਤੇ ਹੁਕਮ ਚਾੜ੍ਹ ਰਿਹਾ ਸੀ।

ਪਰ ਗੁਰੂ ਜੀ ਉੱਚ ਦੇ ਪੀਰ ਬਣੇ ਮੁਗ਼ਲ ਚੌਂਕੀਆਂ ਦੇ ਫ਼ੌਜੀਆਂ ਦੀਆਂ ਅੱਖਾਂ ਵਿਚ ਘੱਟਾ ਪਾਂਦੇ ਆਪਣੀ ਮੰਜ਼ਲ ਵਲ ਵਧੀ ਜਾ ਰਹੇ ਸਨ।

ਕਿਸੇ ਚੌਕੀ ਦੇ ਸਿਪਾਹੀ ਰੋਕ ਕੇ ਪੁੱਛ ਗਿਛ ਕਰਦੇ। ਦੋਵੇਂ ਪਠਾਨ ਝਟ ਘੜਿਆ ਘੜਾਇਆ ਉੱਤਰ ਦਿੰਦੇ।

'ਇਹ ਉੱਚ ਦੇ ਪੀਰ ਹਨ। ਅਸੀਂ ਇਨ੍ਹਾਂ ਦੇ ਸੇਵਕ ਹਾਂ। ਪੀਰ ਸਾਹਿਬ ਆਪਣੇ ਮੁਰਸ਼ਦਾਂ ਨੂੰ ਦਰਸ਼ਣ ਦੇਣ ਜਾ ਰਹੇ ਹਨ'।

ਪੀਰਾਂ ਤੇ ਅੰਨ੍ਹੀ ਸ਼ਰਧਾ ਰੱਖਣ ਵਾਲੇ ਮੁਗ਼ਲ ਫੌਜੀ ਗੁਰੂ ਜੀ ਅੱਗੇ ਸਿਜਦੇ ਵਿਚ ਝੁਕ ਜਾਂਦੇ ਤੇ ਸੇਵਕ ਪਲੰਘ ਲੈ ਕੇ ਅੱਗੇ ਵਧ ਜਾਂਦੇ।

Disclaimer Privacy Policy Contact us About us