ਜ਼ਫ਼ਰਨਾਮਾ


ਗੁਰੂ ਜੀ ਨੇ ਫ਼ਾਰਸੀ ਬੈਂਤਾਂ ਵਿਚ ਔਰੰਗਜ਼ੇਬ ਨੂੰ ਇਕ ਲੰਮਾ ਪੱਤਰ ਲਿਖਿਆ।

ਇਸ ਪੱਤਰ ਨੂੰ ਆਪ ਜੀ ਨੇ ‘ਜ਼ਫ਼ਰਨਾਮਾ' ਦਾ ਨਾਂ ਦਿਤਾ।

ਇਹ ਇਸ ਕਰਕੇ ਕਿ ਐਨੇ ਦੁੱਖ, ਕਸ਼ਟ ਤੇ ਮੁਸੀਬਤਾਂ ਆਉਣ ਤੇ ਆਪ ਆਪਣੇ ਆਦਰਸ਼ ਤੋਂ ਪਿੱਛੇ ਨਹੀਂ ਹਟੇ ਸਗੋਂ ਉਹਨਾਂ ਤੇ ਕਾਬੂ ਪਾ ਕੇ ਉਸੇ ਪਹਿਲੇ ਜੋਸ਼ ਤੇ ਉਤਸ਼ਾਹ ਨਾਲ ਅੱਗੇ ਵੱਧਦੇ ਗਏ।

ਜਿਸ ਸਮੇਂ ਗੁਰੂ ਜੀ ਆਨੰਦਪੁਰ ਸਾਹਿਬ ਟਿਕੇ ਹੋਏ ਸਨ ਤੇ ਸ਼ਾਹੀ ਫ਼ੌਜਾਂ ਨੇ ਕਿਲ੍ਹੇ ਨੂੰ ਘੇਰਿਆ ਹੋਇਆ ਸੀ ਤਾਂ ਔਰੰਗਜ਼ੇਬ ਨੇ ਦੱਖਣ ਤੋਂ ਗੁਰੂ ਜੀ ਨੂੰ ਦੋ ਖ਼ਤ ਲਿਖੇ ਸਨ ਕਿ ਤੁਸੀਂ ਮੈਨੂੰ ਆ ਕੇ ਮਿਲੋ ਤਾਂ ਕਿ ਇਕ ਦੂਜੇ ਦੇ ਨਜ਼ਰੀਏ ਨੂੰ ਜਾਣਿਆ ਜਾਏ।

ਉਸ ਨੇ ਕਸਮਾਂ ਖਾਂ ਕੇ ਗੁਰੂ ਜੀ ਨੂੰ ਯਕੀਨ ਦੁਆਇਆ ਸੀ ਕਿ ਜੇ ਤੁਸੀਂ ਕਿਲ੍ਹਾ ਖ਼ਾਲੀ ਕਰਕੇ ਚਲੇ ਜਾਉ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਦਿੱਤਾ ਜਾਏਗਾ ਤੇ ਸ਼ਾਹੀ ਫ਼ੌਜਾਂ ਤੁਹਾਡੇ ਰਾਹ ਵਿਚ ਕੋਈ ਰੋਕ ਨਹੀਂ ਪਾਣਗੀਆਂ।

ਪਰ ਇਹ ਸਭ ਕਸਮਾਂ ਤੇ ਵਾਇਦੇ ਪੂਰੀ ਬੇਸ਼ਰਮੀ ਨਾਲ ਤੋੜ ਦਿੱਤੇ ਗਏ ਸਨ। ਗੁਰੂ ਜੀ ਨੂੰ ਉਹਨਾਂ ਖ਼ਤਾਂ ਦਾ ਜਵਾਬ ਦੇਣ ਦਾ ਅਜੇ ਤਕ ਅਵਸਰ ਨਹੀਂ ਮਿਲ ਸਕਿਆ ਸੀ।

ਹੁਣ ਆਪ ਨੂੰ ਔਰੰਗਜ਼ੇਬ ਦਾ ਇਕ ਹੋਰ ਖ਼ਤ ਆਇਆ ਸੀ ਜਿਸ ਵਿਚ ਆਪ ਜੀ ਨੂੰ ਫਿਰ ਦੱਖਣ ਆ ਕੇ ਮਿਲਣ ਦਾ ਸੱਦਾ ਦਿੱਤਾ ਗਿਆ ਸੀ।

ਗੁਰੂ ਜੀ ਨੇ ਇਹਨਾਂ ਤਿੰਨਾਂ ਖ਼ਤਾਂ ਨੂੰ ਸਾਹਮਣੇ ਰੱਖ ਕੇ ਫ਼ਾਰਸੀ ਕਵਿਤਾ ਵਿਚ ਔਰੰਜਜ਼ੇਬ ਨੂੰ ਜਵਾਬ ਲਿਖ ਕੇ ਭੇਜਿਆ। ਇਸ ਵਿਚ ਆਪ ਜੀ ਨੇ ਪੂਰੀ ਨਿਰਭੈਤਾ ਨਾਲ ਲਿਖਿਆ-

'ਮੈਂ ਤੇ ਇਤਬਾਰ ਨਹੀਂ ਕਰ ਸਕਦਾ। ਤੂੰ ਜਿਹੜੀਆਂ ਕਸਮਾਂ ਖੁਦਾ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਖਾਧੀਆਂ ਸਨ, ਉਹ ਸਾਰੀ ਕਸਮਾਂ ਤੋੜ ਦਿੱਤੀਆਂ ਗਈਆਂ।

ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਤੈਨੂੰ ਖ਼ੁਦਾ ਦਾ ਪਤਾ ਹੀ ਨਹੀਂ ਹੈ ਅਤੇ ਹਜ਼ਰਤ ਸਾਹਿਬ ਦੀ ਤੇਰੇ ਦਿਲ ਵਿਚ ਕੋਈ ਤਾਅਸੀਜ਼ ਅਤੇ ਡਰ ਖ਼ੌਫ਼ ਨਹੀਂ ਹੈ। ਤੂੰ ਦਗ਼ਾਬਾਜ਼ ਤੇ ਫ਼ਰੇਬੀ ਤੇ ਝੂਠਾ ਨਿਕਲਿਆ ਹੈ।

ਤੂੰ ਬਾਦਸ਼ਾਹ ਦਾ ਬਾਦਸ਼ਾਹ, ਸ਼ਹਿਨਸ਼ਾਹ ਹੈਂ। ਤੁੰ ਇਕ ਉੱਚਾ ਸਿਪਾਹ ਸਾਲਾਰ ਵੀ ਹੈਂ ਪਰ ਦੀਨ ਈਮਾਨ ਤੇ ਇਖ਼ਲਾਕ ਤੇਰੇ ਨੇੜੇ ਨਹੀਂ ਫਟਕਿਆ। ਤੇਰੇ ਦਿਲ ਵਿਚ ਹੋਰ ਹੈ ਤੇ ਜ਼ਬਾਨ ਉਪਰ ਕੁਝ ਹੋਰ।

ਇਹ ਫ਼ਰੇਬ ਤੇ ਬਦਨੀਤੀ ਦੀ ਇੰਤਹਾ ਹੈ। ਤੁੰ ਪਰਜਾ ਨੂੰ ਬਿਨਾਂ ਕਿਸੇ ਕਸੂਰ ਦੇ ਬੇਰਹਿਮੀ ਤੇ ਬੇਕਿਰਕੀ ਨਾਲ ਲਤਾੜਦਾ ਪਿਆ ਹੈਂ। ਤੂੰ ਜ਼ੋਰੀਂ ਉਹਨਾਂ ਦਾ ਧਰਮ ਬਦਲਾ ਰਿਹਾ ਹੈ।

ਯਾਦ ਰਖ, ਇਹ ਖ਼ੁਦਾ ਨੂੰ ਪਸੰਦ ਨਹੀਂ। ਜੇ ਤੁੰ ਖ਼ੁਦਾ ਨੂੰ ਭੁਲਾ ਕੇ ਇਸ ਤਰ੍ਹਾਂ ਜ਼ੋਰ ਜ਼ੁਲਮ ਕਰਦਾ ਰਹੇਗਾ ਤਾਂ ਜ਼ਰੂਰ ਹੀ ਉਪਰੋਂ ਉਸ ਦੀ ਗ਼ੈਬੀ ਤਲਵਾਰ ਤੇਰੇ ਸਿਰ ਤੇ ਪਵੇਗੀ।

ਜਿਸ ਜ਼ੋਰੀ ਇਸਲਾਮ ਵਿਚ ਲਿਆਉਣ ਨੂੰ ਤੂੰ ਮਜ਼ਹਬ ਦੀ ਖਿਦਮਤ ਤੇ ਖ਼ੁਦਾ ਦੇ ਹਜ਼ੂਰ ਸਵਾਬ ਖ਼ਿਆਲ ਕਰਦਾ ਹੈਂ, ਇਹ ਬਦਤਰੀਨ ਗੁਨਾਹ ਹੈਂ।

ਦੀਨਾਂ ਦੁਖੀਆਂ ਤੇ ਨਿਆਸਰਿਆਂ ਦੀ ਰਖਿਆ ਕਰਨ ਵਾਲਾ ਖ਼ੁਦਾ ਤੇਰੇ ਇਸ ਜ਼ੁਲਮ ਤੇ ਬਦੀ ਦੀ ਤੈਨੂੰ ਜ਼ਰੂਰ ਸਜ਼ਾ ਦੇਵੇਗਾ। ਤੂੰ ਆਪਣੇ ਹੱਥੀਂ ਆਪਣੀ ਸਲਤਨਤ ਦੀਆਂ ਜੜ੍ਹਾਂ ਵਢਦਾ ਪਿਆ ਹੈਂ।

ਤੇਰੀਆਂ ਕਸਮਾਂ ਤੇ ਆਪਣੇ ਵਾਇਦੇ ਭੁਲਾ ਕੇ ਤੇਰੇ ਫ਼ੌਜਦਾਰ ਲੱਖਾਂ ਦੀ ਗਿਣਤੀ ਵਿਚ ਫ਼ੌਜਾਂ ਲੈ ਕੇ ਮੇਰੇ ਪਿਛੇ ਪੈ ਗਏ। ਮੇਰੇ ਚਾਲ੍ਹੀ ਸਿੰਘਾਂ ਨੇ ਕੱਚੀਆਂ ਕੰਧਾਂ ਦਾ ਉਹਲਾ ਲੈ ਕੇ ਤੇਰੇ ਲੱਖਾਂ ਦੇ ਲਸ਼ਕਰ ਦਾ ਡੱਟ ਕੇ ਟਾਕਰਾ ਕੀਤਾ ਤੇ ਅਨੇਕਾਂ ਨੂੰ ਝਟਕਾਇਆ।

ਮੈਂ ਉਹਨਾਂ ਲੱਖਾਂ ਸਿਪਾਹੀਆਂ ਦੇ ਘੇਰੇ ਵਿਚੋਂ ਦੀ ਸਾਫ਼ ਨਿਕਲ ਆਇਆ। ਤੇਰੇ ਨੀਚ ਤੇ ਬੇਅਸੂਲੇ ਫ਼ੌਜਿਆਂ ਨੇ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਹਨ।

ਪਰ ਕੀ ਹੋਇਆ, ਮੇਰਾ ਭੁੰਝਗੀ ਖ਼ਾਲਸਾ ਅਜੇ ਜੀਊਂਦਾ ਹੈ, ਉਹ ਇਹਨਾਂ ਸਾਰੇ ਜ਼ੁਲਮਾਂ ਤੇ ਜ਼ਿਆਦਤੀਆਂ ਦੇ ਗਿਣ ਗਿਣ ਕੇ ਬਦਲੇ ਲਵੇਗਾ'।

ਜ਼ਫ਼ਰਨਾਮਾ ਲਿਖ ਕੇ ਸਾਹਿਬ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਸਪੁਰਦ ਕੀਤਾ ਅਤੇ ਆਗਿਆ ਕੀਤੀ ਕਿ ਤੁਸੀਂ ਦੋਵੇਂ ਅਹਿਦੀਏ ਦੇ ਵੇਸ ਵਿਚ ਦੱਖਣ ਨੂੰ ਜਾਉ ਤੇ ਇਹ ਖ਼ਤ ਆਪਣੇ ਹੱਥੀਂ ਔਰੰਗਜ਼ੇਬ ਨੂੰ ਸੋਂਪੋ।

ਗੁਰੂ ਜੀ ਦਾ ਹੁਕਮ ਪਾ ਕੇ ਭਾਈ ਦਇਆ ਸਿੰਘ ਨੇ ਖ਼ਤ ਆਪਣੇ ਦਸਤਾਰੇ ਵਿਚ ਬੰਨ੍ਹ ਲਿਆ ਤੇ ਭਾਈ ਧਰਮ ਸਿੰਘ ਨੂੰ ਨਾਲ ਲੈ ਕੇ ਦੀਨੇ ਤੋਂ ਚਲ ਪਏ।

ਪਹਿਲਾਂ ਉਹ ਦਿੱਲੀ ਗਏ। ਉਥੋਂ ਆਗਰਾ ਗਵਾਲੀਅਰ ਤੇ ਉਜੈਨ ਹੁੰਦੇ ਹੋਏ ਬੁਰਹਾਨਪੁਰ ਪਹੁੰਚੇ। ਹਰ ਜਗ੍ਹਾ ਸੰਗਤਾਂ ਨੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਅਤੇ ਜਿੰਨਾਲੋੜ ਸੀ, ਧਨ ਇਕੱਤਰ ਕਰਕੇ ਦਿੱਤਾ।

ਬੁਰਹਾਨਪੁਰੋਂ ਚਲ ਕੇ ਉਹ ਔਰੰਗਾਬਾਦ ਪੁਜੇ। ਉਥੇ ਪਤਾ ਲਗਾ ਕਿ ਔਰੰਗਜ਼ੇਬ ਅਹਿਮਦ ਨਗਰ ਠਹਿਰਿਆ ਹੋਇਆ ਹੈ।

ਤਦ ਉਹ ਅਹਿਮਦ ਨਗਰ ਜਾ ਪਹੁੰਚੇ। ਉਥੇ ਇਕ ਗੁਰਸਿੱਖ ਭਾਈ ਜੇਠਾ ਸਿੰਘ ਰਹਿੰਦਾ ਸੀ। ਉਹ ਉਹਨਾਂ ਨੂੰ ਆਪਣੇ ਘਰ ਲੈ ਗਿਆ ਤੇ ਭੋਜਨ ਆਦਿ ਦੀ ਸੇਵਾ ਕੀਤੀ ਤੇ ਆਪਣੇ ਗ੍ਰਹਿ ਵਿਖੇ ਹੀ ਡੇਰਾ ਕਰਵਾਇਆ।

ਭਾਈ ਦਇਆ ਸਿੰਘ ਨੇ ਉਸ ਨੂੰ ਆਪਣੇ ਅਹਿਮਦ ਨਗਰ ਆਉਣ ਦਾ ਮਨੋਰਥ ਦਸਿਆ। ਇਹ ਸੁਣ ਕੇ ਭਾਈ ਜੇਠਾ ਸਿੰਘ ਨੇ ਕਿਹਾ, 'ਬਾਦਸ਼ਾਹ ਤਕ ਪਹੁੰਚ ਕਰਨੀ ਬੜੀ ਮੁਸ਼ਕਲ ਹੈ ਪਰ ਖ਼ੈਰ, ਕੋਈ ਰਾਹ ਕਢਦੇ ਹਾਂ'।

ਦੂਸਰੇ ਦਿਨ ਭਾਈ ਜੇਠਾ ਸਿੰਘ ਨੇ ਅਹਿਮਦ ਨਗਰ ਵਿਚ ਵਸਦੇ ਸਾਰੇ ਸਿੱਖਾਂ ਨੂੰ ਆਪਣੇ ਘਰ ਇਕੱਤਰ ਕੀਤਾ ਅਤੇ ਉਨ੍ਹਾਂ ਨਾਲ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਮਿਲਾ ਕੇ ਉਨ੍ਹਾਂ ਦੇ ਆਉਣ ਦਾ ਕਾਰਨ ਦਸਿਆ।

ਗੁਰੂ ਜੀ ਦਾ ਹੁਕਮ ਜਾਣ ਕੇ ਸਾਰੇ ਸਿੱਖ ਉਨ੍ਹਾਂ ਦਾ ਖ਼ਤ ਔਰੰਗਜ਼ੇਬ ਤਕ ਪੁਚਾਉਣ ਦੇ ਉਪਾਅ ਸੋਚਣ ਲੱਗੇ।

ਅਖ਼ੀਰ ਉਨ੍ਹਾਂ ਨੇ ਇਕ ਸ਼ਾਹੀ ਅਹਿਲਕਾਰ ਨਾਲ ਵਾਕਫ਼ੀ ਗੰਢ ਕੇ ਬਾਦਸ਼ਾਹ ਨੂੰ ਗੁਰੂ ਜੀ ਦੇ ਖ਼ਤ ਆਉਣ ਦਾ ਸੁਨੇਹਾ ਦਿੱਤਾ।

ਇਸ ਤੇ ਬਾਦਸ਼ਾਹ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਬੁਲਾ ਭੇਜਿਆ । ਉਹਨਾਂ ਨੇ ਗੁਰੂ ਜੀ ਦਾ ਖ਼ਤ ਬਾਦਸ਼ਾਹ ਨੂੰ ਪੇਸ਼ ਕੀਤਾ।

ਗੁਰੂ ਜੀ ਦਾ ਖ਼ਤ ਪੜ੍ਹ ਕੇ ਔਰੰਗਜ਼ੇਬ ਦੇ ਦਿਲ ਤੇ ਬੜਾ ਡੂੰਘਾ ਅਸਰ ਪਿਆ। ਦੱਖਣ ਦੀ ਮੁਹਿੰਮ ਦੀ ਅਸਫਲਤਾ ਕਰਕੇ ਉਹ ਪਹਿਲੇ ਹੀ ਟੁੱਟਾ ਹੋਇਆ ਸੀ, ਗੁਰੂ ਜੀ ਦੇ ਖ਼ਤ ਨਾਲ ਉਸ ਦੇ ਅੰਦਰ ਉਨ੍ਹਾਂ ਨਾਲ ਹੋਈ ਸਖ਼ਤੀ ਲਈ ਬੜਾ ਪਛਤਾਵਾ ਜਾਗਿਆ।

ਉਸ ਨੇ ਉਸੇ ਵੇਲੇ ਦਿੱਲੀ ਤੇ ਪੰਜਾਬ ਦੇ ਸਾਰੇ ਸੂਬੇਦਾਰਾਂ ਨੂੰ ਹੁਕਮ ਕਰ ਭੇਜਿਆ ਕਿ ਗੁਰੂ ਜੀ ਦੇ ਖ਼ਿਲਾਫ਼ ਸਾਰੀਆਂ ਫ਼ੌਜੀ ਕਾਰਵਾਈਆਂ ਫ਼ੌਰਨ ਬੰਦ ਕਰ ਦਿੱਤੀਆਂ ਜਾਣ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਦਿੱਤੀ ਜਾਏ। ਉਹ ਜਿਥੇ ਚਾਹੁਣ ਉਨ੍ਹਾਂ ਨੂੰ ਉਥੇ ਰਹਿਣ ਅਤੇ ਆਉਣ ਜਾਣ ਦਿੱਤਾ ਜਾਏ। ਸਗੋਂ ਲੋੜ ਅਨੁਸਾਰ ਸਹੂਲਤਾਂ ਮੁਹਈਆਂ ਕੀਤੀਆਂ ਜਾਣ।

ਉਸ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਹਿਫ਼ਾਜ਼ਤ ਤੇ ਸੁੱਰਖਿਥਾ ਨਾਲ ਵਾਪਸ ਜਾਣ ਦਾ ਪਰਵਾਨਾ ਦਿੱਤਾ ਤੇ ਇੱਜ਼ਤ ਨਾਲ ਵਾਪਸ ਭੇਜਿਆ।

ਪਰ ਬਾਦਸ਼ਾਹ ਦਾ ਹੁਕਮ ਪਹੁੰਚਣ ਤੋਂ ਪਹਿਲਾਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਜੀ ਦੇ ਖ਼ਿਲਾਫ਼ ਲਸ਼ਕਰ ਚੜ੍ਹਾ ਦਿੱਤਾ।

Disclaimer Privacy Policy Contact us About us