ਬੁਰਾਈ ਨਾਲ ਟੱਕਰ


ਸੈਨਾਪਤੀ ਨੇ ਇਹ ਸ਼ਬਦ ਕਹੇ ਹੀ ਸਨ ਕਿ ਇਲਾਕੇ ਦੇ ਹਾਕਮ ਦੇ ਸਿਪਾਹੀ ਉਧਰੋਂ ਲੰਘਦੇ ਵਿਖਾਈ ਦਿੱਤੇ।

ਬਾਲਕਾਂ ਨੂੰ ਵੇਖ ਕੇ ਉਹ ਉਨ੍ਹਾਂ ਦੇ ਕੋਲ ਆ ਗਏ ਤੇ ਬੜੇ ਰੁਹਬ ਨਾਲ ਕਹਿਣ ਲੱਗੇ,

'ਮੁੰਡਿਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਅਦਬ ਨਾਲ ਖੜੇ ਹੋ ਜਾਉ, ਜਦੋਂ ਸਵਾਰੀ ਲੰਘੇ ਤਾਂ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ!' ਇਹ ਕਹਿ ਕੇ ਚੋਬਦਾਰ ਅੱਗੇ ਲੰਘ ਗਏ।

ਮੁੰਡਿਆਂ ਨੇ ਆਪਣੇ ਸੈਨਾਪਤੀ ਵਲ ਵੇਖਿਆ। ਸੈਨਾਪਤੀ ਗੰਭੀਰ ਖੜਾ ਸੀ। ਉਸ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਸੂਹਾ ਹੋ ਰਿਹਾ ਸੀ।

ਉਸ ਨੇ ਸਾਰੇ ਬਾਲਕਾਂ ਨੂੰ ਆਪਣੇ ਨੇੜੇ ਬੁਲਾਇਆ ਤੇ ਬੜੀ ਗੰਭੀਰ ਆਵਾਜ਼ ਵਿਚ ਕਹਿਣ ਲੱਗਾ,

'ਸਾਥੀਓ! ਮੈਂ ਹੁਣੇ ਤੁਹਾਨੂੰ ਜੋ ਗੱਲ ਕਹੀ ਸੀ, ਉਸ ਦੇ ਪਰਤਾਵੇ ਦਾ ਮੌਕਾ ਆ ਬਣਿਆ ਹੈ। ਅਸੀਂ ਕਿਸੇ ਨਵਾਬ ਨੂੰ ਸਲਾਮਾਂ ਨਹੀਂ ਕਰਨੀਆਂ। ਤੁਸੀਂ ਪਾਲ ਬਣਾ ਕੇ ਖੜੇ ਹੋ ਜਾਓ ਤੇ ਜਦੋਂ ਨਵਾਬ ਦੀ ਸਵਾਰੀ ਲੰਘਣ ਲੱਗੇ ਤਾਂ ਉਸ ਦਾ ਮੂੰਹ ਚਿੜਾ ਕੇ ਫੋਰਨ ਖੇਤਾਂ ਵਿਚੋਂ ਹਰਨਾਂ ਹੋ ਜਾਣਾ। ਖ਼ਬਰਦਾਰ! ਢਰਨਾ ਨਹੀਂ!'

ਬਾਲਕਾਂ ਦੇ ਚਿਹਰੇ ਖ਼ੁਸ਼ੀ ਨਾਲ ਚਮਕ ਉੱਠੇ ਜਿਵੇਂ ਕੋਈ ਨਵੀਂ ਖੇਡ ਹੱਥ ਆਈ ਹੋਵੇ। ਉਨ੍ਹਾਂ ਨੇ ਜੋਸ਼ ਨਾਲ ਬਾਹਵਾਂ ਉਲਾਰੀਆਂ ਤੇ ਫ਼ਤਹ ਦੇ ਨਾਆਰੇ ਲਾਏ।

ਉਹ ਦ੍ਰਿੜ੍ਹਤਾ ਤੇ ਨਿਡਰਤਾ ਦੇ ਭਾਵ ਚਿਹਰਿਆਂ ਤੇ ਲਈ ਨਵਾਬ ਦਾ ਰਾਹ ਵੇਖਣ ਲੱਗੇ। ਉਨ੍ਹਾਂ ਦਾ ਸੈਨਾਪਤੀ ਉਨ੍ਹਾਂ ਦੇ ਹੌਂਸਲੇ ਤੇ ਨਿਡਰਤਾ ਦੀ ਪ੍ਰੀਖਿਆ ਲੈਣ ਲੱਗਾ ਸੀ, ਤੇ ਉਨ੍ਹਾਂ ਦਾ ਦ੍ਰਿੜ੍ਹ ਨਿਸਚਾ ਸੀ ਕਿ ਉਹ ਇਸ ਪ੍ਰੀਖਿਆ ਵਿਚ ਪੂਰੇ ਉਤਰਨਗੇ।

ਨਵਾਬ ਦੀ ਸਵਾਰੀ ਆ ਪਹੁੰਚੀ। ਉਹ ਆਪਣੀਆਂ ਬੇਗਮਾਂ ਤੇ ਦਾਸੀਆਂ ਨਾਲ ਦਰਿਆ ਦੇ ਕੰਢੇ ਸੈਰ ਲਈ ਨਿਕਲਿਆ ਸੀ।

ਰੇਤੇ ਉਪਰ ਬਾਲਕਾਂ ਪਾਲ ਬੰਨ੍ਹ ਕੇ ਖਲੋਤਾ ਵੇਖ ਕੇ ਉਹ ਦਿਲ ਵਿਚ ਖੁਸ਼ ਹੋਇਆ ਕਿ ਇਹ ਮੈਨੂੰ ਝੁਕ ਝੁਕ ਕੇ ਸਲਾਮਾਂ ਕਰਨਗੇ ਤੇ ਬੇਗਮਾਂ ਤੇ ਦਾਸੀਆਂ ਦੀਆਂ ਨਜ਼ਰਾਂ ਵਿਚ ਮੇਰਾ ਵਕਾਰ ਹੋਰ ਵਧੇਗਾ।

ਉਹ ਹੰਕਾਰ ਨਾਲ ਧੌਣ ਅਕੜਾ ਕੇ ਬਾਲਕਾਂ ਦੇ ਕੋਲੋਂ ਦੀ ਲੰਘਿਆ।

ਇਸੇ ਵੇਲੇ ਸੈਨਾਪਤੀ ਨੇ ਇਕ ਗੁਪਤ ਇਸ਼ਾਰਾ ਕੀਤਾ। ਬਾਲਕਾਂ ਦੀਆਂ ਸਿਰੀਆਂ ਅਗਾਹ ਨੂੰ ਨਿਕਲੀਆਂ ਤੇ ਨਵਾਬ ਉੱਤੇ ਟਿਚਕਾਰ ਭਰੀ ਹੋ ਹੋ ਦੀ ਵਰਖਾ ਸ਼ੁਰੂ ਹੋ ਗਈ।

ਨਵਾਬ ਹੱਕਾ ਬੱਕਾ ਰਹਿ ਗਿਆ। ਬਾਲਕ ਹਰਨਾਂ ਵਾਂਗ ਕਲਾਂਚਾਂ ਭਰਦੇ ਖੇਤਾਂ ਵਿਚੋਂ ਦੀ ਐਹ ਜਾ ਐਹ ਜਾ, ਕਿਤੇ ਦੇ ਕਿਤੇ ਨਿਕਲ ਗਏ।

ਮਾਮਾ ਕ੍ਰਿਪਾਲ ਦਾਸ ਜੀ ਇਕ ਰੁੱਖ ਦੇ ਉਹਲੇ ਖੜੇ ਇਹ ਸਭ ਕੁਝ ਵੇਖ ਰਹੇ ਸਨ। ਉਹ ਘਬਰਾ ਗਏ ਤੇ ਨਵਾਬ ਦੇ ਸਿਪਾਹੀਆਂ ਤੋਂ ਬਚਦੇ ਬਚਾਂਦੇ ਘਰ ਨੂੰ ਪਰਤ ਪਏ।

Disclaimer Privacy Policy Contact us About us