ਮੁਕਤਸਰ ਦਾ ਯੁੱਧ


ਦੀਨੇ ਟਿਕਿਆਂ ਗੁਰੂ ਜੀ ਨੂੰ ਸਰਹਿੰਦ ਤੋਂ ਚੜ੍ਹੇ ਲਸ਼ਕਰ ਦੀ ਸੂਹ ਲੱਗ ਗਈ। ਗੁਰੂ ਜੀ ਨੇ ਆਬ ਦੇ ਨੇੜੇ ਯੁੱਧ ਕਰਨਾ ਯੋਗ ਨਾ ਸਮਝਿਆ ਕਿਉਂ ਜੋ ਇਸ ਨਾਲ ਲੋਕਾਂ ਨੂੰ ਕਸ਼ਟ ਝੇਲਣੇ ਪੈਣੇ ਸਨ।

ਇਸ ਲਈ ਆਪ ਨੇ ਜੰਗਲ ਵਲ ਅਗਾਂਹ ਜਾ ਕੇ ਕਿਸੇ ਢੁੱਕਵੀ ਜਗ੍ਹਾ ਮੋਰਚੇ ਲਾਣ ਦਾ ਨਿਸਚਾ ਕੀਤਾ। ਇਹ ਵਿਚਾਰ ਕਰਕੇ ਆਪ ਦੀਨੇ ਤੋਂ ਚਲ ਪਏ।

ਦੀਨੇ ਤੋਂ ਚਲ ਕੇ ਆਪ ਜਲਾਲ ਪਿੰਡ ਗਏ। ਫਿਰ ਭਗਤੇ ਹੁੰਦੇ ਹੋਏ ਕੋਟ ਕਪੂਰੇ ਪਹੁੰਚੇ। ਇਥੇ ਇਕ ਉੱਚੀ ਥਾਂ ਤੇ ਗੜ੍ਹੀ ਬਣੀ ਹੋਈ ਸੀ। ਗੜ੍ਹੀ ਦਾ ਮਾਲਕ ਕਪੂਰਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ।

ਗੁਰੂ ਜੀ ਨੇ ਕਿਹਾ, 'ਚੋਧਰੀ ਕਪੂਰੇ! ਤੁਰਕ ਦਲ ਸਾਡਾ ਪਿੱਛਾ ਕਰਦਾ ਆ ਰਿਹਾ ਹੈ, ਜੇ ਤੂੰ ਭਲਾ ਆਪਣੀ ਗੜ੍ਹੀ ਸਾਨੂੰ ਦੇ ਦੇਵੇਂ ਤਾਂ ਅਸੀ ਇਸ ਦੀ ਮੋਰਚਾਬੰਦੀ ਕਰ ਲਈਏ ਤੇ ਤੁਰਕਾਂ ਨਾਲ ਯੁੱਧ ਕਰਕੇ ਉਨ੍ਹਾਂ ਦਾ ਨਾਸ ਕਰ ਦੇਈਏ। ਤੇਰਾ ਰਾਜ ਅਸੀਂ ਸਤਲੁਜ ਤਕ ਕਰ ਦਿਆਂਗੇ'।

ਕਪੂਰਾ ਇਹ ਸੁਣ ਕੇ ਘਬਰਾ ਗਿਆ। ਭੜੀ ਦੀਨਤਾ ਨਾਲ ਕਹਿਣ ਲੱਗਾ, 'ਸੱਚੇ ਪਾਤਸ਼ਾਹ! ਜੇ ਮੈਂ ਗੜ੍ਹੀ ਆਪ ਨੂੰ ਦੇਵਾਂ ਤਾਂ ਮੁਗ਼ਲ ਮੇਰੇ ਵੈਰ ਬਣ ਜਾਣਗੇ'।

ਕਪੂਰੇ ਦੀ ਕਾਇਰਤਾ ਵੇਖ ਕੇ ਗੁਰੂ ਜੀ ਹੱਸ ਕੇ ਬੋਲੇ, 'ਚੋਧਰੀ! ਜਿਨ੍ਹਾਂ ਮੁਗ਼ਲਾਂ ਤੋਂ ਤੂੰ ਡਰਦਾ ਹੈ, ਉਨ੍ਹਾਂ ਦੇ ਹੱਥੋਂ ਹੀ ਤੇਰੀ ਮੌਤ ਹੋਵੇਗੀ। ਉਹ ਤੈਨੂੰ ਫਾਹੇ ਲਾਣਗੇ। ਤੇਰਾ ਕੋਟ ਉਜੜ ਜਾਵੇਗਾ'।

ਇਸ ਸਮੇਂ ਇਕ ਸੂਹੀਆਂ ਸਿੰਘ ਨੇ ਹਾਜ਼ਰ ਹੋ ਕੇ ਖ਼ਬਰ ਦਿੱਤੀ ਕਿ ਸੂਬਾ ਸਰਹਿੰਦ ਦਾ ਲਸ਼ਕਰ ਮਾਰੋ ਮਾਰ ਕਰਦਾ ਨੇੜੇ ਆ ਪਹੁੰਚਾ ਹੈ। ਕਪੂਰੇ ਨੇ ਆਪਣੀ ਭੁੱਲ ਤੇ ਪਸਚਾਤਾਪ ਵਜੋਂ ਆਪਣਾ ਇਕ ਸੇਵਕ ਖਾਨਾ ਗੁਰੂ ਜੀ ਦੇ ਨਾਲ ਭੇਜਿਆ ਕਿ ਉਹਨਾਂ ਨੂੰ ਖਿਦਰਾਣੇ ਦੀ ਢਾਬ ਤਕ ਪੁਚਾ ਦੇਵੇ। ਇਹ ਜਗ੍ਹਾ ਉਚਾਈ ਤੇ ਹੋਣ ਕਰਕੇ ਮੋਰਚਾ ਬੰਦੀ ਲਈ ਬੜਾ ਯੋਗ ਸੀ।

ਗੁਰੂ ਜੀ ਅਜੇ ਖਿਦਰਾਣੇ ਦੇ ਰਸਤੇ ਵਿਚ ਸਨ ਕਿ ਮਾਝੇ ਦੇ ਸਿੰਘਾਂ ਦਾ ਇਕ ਜੱਥਾ ਉਧਰ ਆ ਪਹੁੰਚਾ। ਇਸ ਜਥੇ ਵਿਚ ਉਹ ਸਿੰਘ ਸਨ ਜਿਹੜੇ ਮਾਲਵੇ ਤੇ ਦੁਆਬੇ ਦੇ ਹੋਰ ਸੈਂਕੜੇ ਸਿੰਘਾਂ ਵਾਂਗ ਆਨੰਦਪੁਰ ਦੇ ਅਖ਼ੀਰਲੇ ਦਿਨਾਂ ਵਿਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਆਨੰਦਪੁਰੋ ਨਿਕਲ ਆਏ ਸਨ।

ਜਦੋਂ ਇਹ ਸਿੰਘ ਘਰਾਂ ਵਿਚ ਪਹੁੰਚੇ ਸਨ ਤਾਂ ਇਨ੍ਹਾਂ ਦੇ ਪਰਵਾਰਾਂ ਨੇ ਇਨ੍ਹਾਂ ਨੂੰ ਮੂੰਹ ਨਹੀਂ ਸੀ ਲਾਇਆ ਅਤੇ ਇਨ੍ਹਾਂ ਨੂੰ ਫਿਟਕਾਰਾਂ ਪਾਈਆਂ ਸਨ ਕਿ ਤੁਸੀਂ ਗੁਰੂ ਜੀ ਤੋਂ ਬੇ-ਮੁਖ ਹੋਕੇ ਆਏ। ਸਾਡੇ ਲਈ ਤੁਸੀ ਮਰ ਗਏ ਹੋ। ਤੁਸੀਂ ਸਾਡੇ ਪਿਤਾ, ਪਤੀ, ਭਰਾ, ਪੁਤਰ ਕੁਝ ਨਹੀਂ ਹੋ।

ਇਹ ਫਿਟਕਾਰ ਖਾਕੇ ਉਹ ਸਖ਼ਤ ਪ੍ਰੇਸ਼ਾਨ ਹੋਏ ਤੇ ਮੁੜ ਸਤਿਗੁਰਾਂ ਦੀ ਸ਼ਰਨ ਆਉਣ ਲਈ ਤਿਆਰ ਹੋਏ।

ਹੁਣ ਜਦੋਂ ਉਹਨਾਂ ਨੇ ਨਵਾਬ ਸਰਹਿੰਦ ਦੀ ਫ਼ੌਜ ਵਲੋਂ ਗੁਰੂ ਜੀ ਉੱਤੇ ਚੜ੍ਹਾਈ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੂੰ ਆਪਣੇ ਕਲੰਕ ਧੋਣ ਦਾ ਸੁੰਦਰ ਅਵਸਰ ਮਿਲ ਗਿਆ।

ਇਸ ਲਈ ਉਹ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਈ ਮਹਾਂ ਸਿੰਘਾਂ ਦੀ ਅਗਵਾਈ ਵਿਚ ਸਤਿਗੁਰਾਂ ਦੇ ਮਗਰ ਚਲ ਪਏ। ਰਸਤੇ ਵਿਚ ਹੋਰ ਵੀ ਅਨੇਕਾਂ ਸੂਰਮੇ ਗਭਰੂ ਉਨ੍ਹਾਂ ਦੇ ਨਾਲ ਮਿਲਦੇ ਗਏ ਅਤੇ ਇਨ੍ਹਾਂ ਦੀ ਗਿਣਤੀ ਕਈ ਸੌ ਤਕ ਪਹੁੰਚ ਗਈ।

ਇਹ ਕੁਝ ਕਰਦਾ ਹੋਇਆ ਸਿਰਲਥ ਸੂਰਮਿਆਂ ਦਾ ਇਹ ਦਲ ਖਿਦਰਾਣੇ ਦੇ ਸਰ ਕੋਲ ਪਹੁੰਚ ਗਿਆ। ਸਰ ਸੁੱਕਾ ਪਿਆ ਸੀ। ਭਾਈ ਮਹਾਂ ਸਿੰਘ ਸਮਝ ਗਏ ਕਿ ਸਤਿਗੁਰੂ ਜੀ ਤਲਾ ਨੂੰ ਸੁੱਕਾ ਵੇਖ ਕੇ ਅਗਲੇ ਛੰਤ ਵਲ ਚਲੇ ਗਏ ਹਨ। ਉਨ੍ਹਾਂ ਨੇ ਆਪਣੇ ਦਲ ਨੂੰ ਉਥੇ ਰੋਕ ਲਿਆ ਤੇ ਆਖਿਆ, ਇਹ ਮੌਕਾ ਜੇ ਸੱਚੀ ਸੇਵਾ ਦਾ ਇਥੇ ਹੀ ਮੋਰਚੇ ਗੱਡ ਦਿਉ ਤੇ ਵੈਰੀ ਦਲ ਨੂੰ ਇਥੇ ਹੀ ਰੋਕ ਲਵੋ।

ਵੈਰੀ ਨੇ ਗੁਰੂ ਜੀ ਦਾ ਪਿੱਛਾ ਕਰਨਾ ਹੈ ਤੇ ਪਾਣੀ ਦੀ ਖ਼ਾਤਰ ਛੰਭ ਵਲ ਵਧਣਾ ਹੈ। ਅਸੀਂ ਇਥੇ ਰੋਕ ਕੀਤੀ ਤਾਂ ਉਹ ਜਾਣੇਗਾ ਕਿ ਗੁਰੂ ਜੀ ਇਥੇ ਹੀ ਅਟਕੇ ਹਨ। ਇਸ ਤਰ੍ਹਾਂ ਘਮਸਾਨ ਇਥੇ ਮਚ ਜਾਏਗਾ ਤੇ ਗੁਰੂ ਜੀ ਨੂੰ ਅਗਾਂਹ ਜਾਣ ਦਾ ਸਮਾਂ ਮਿਲ ਜਾਏਗਾ।

ਸਭਨਾਂ ਸਿੰਘਾਂ ਨੇ ਇਸ ਸਲਾਹ ਨੂੰ ਪਸੰਦ ਕੀਤਾ। ਸੋ ਗੁਰਮਤਾ ਸੋਧ ਕੇ ਉਥੇ ਡੇਰੇ ਲਾ ਲਏ। ਉਸ ਜਗ੍ਹਾ ਬੇਰੀਆਂ ਦਾ ਘਣਾ ਬਨ ਸੀ। ਸਿੰਘਾਂ ਨੇ ਬੇਰੀਆਂ ਉਪਰ ਵੱਡੇ ਵੱਡੇ ਚਾਦਰੇ ਪਾ ਕੇ ਅਜਿਹੀ ਸ਼ਕਲ ਕਰ ਦਿੱਤੀ ਕਿ ਦੂਰੋਂ ਸੈਨਾ ਦੇ ਤੰਬੂਆਂ ਦਾ ਭੁਲੇਖਾ ਲੱਗੇ। ਇਸ ਦੇ ਨਾਲ ਹੀ ਭਾਈ ਮਹਾਂ ਸਿੰਘ ਨੇ ਦਸ ਦਸ ਸਿੰਘਾਂ ਦਾ ਜੱਥਾ ਬਣਾ ਕੇ ਉਪਰ ਇਕ ਇਕ ਜਥੇਦਾਰ ਥਾਪ ਦਿੱਤਾ ਤੇ ਅੱਡ ਅੱਡ ਦਾਅ ਪੇਚ ਖੇਡਣ ਤੇ ਵਧਣ ਹਟਣ ਦੇ ਸਾਰੇ ਢੰਗ ਸਮਝਾ ਦਿੱਤੇ।

ਜਦੋਂ ਟਾਂਗੂ ਨੇ ਉੱਚੇ ਦਰਖ਼ਤ ਤੋਂ ਵੇਖ ਕੇ ਵੈਰੀ ਦਲ ਦੇ ਆ ਜਾਣ ਦੀ ਖ਼ਬਰ ਦਿੱਤੀ ਤਾਂ ਇਧਰੋਂ ਬੰਦੂਕਾਂ ਦੀ ਬਾੜ ਛੱਡੀ ਗਈ। ਇਸ ਬਾੜ ਦਾ ਮਨੋਰਥ ਦੁਸ਼ਮਨ ਦਾ ਧਿਆਨ ਆਪਣੇ ਵਲ ਖਿੱਚ ਲੈਣਾ ਸੀ।

ਸਿੰਘਾਂ ਦਾ ਮਤ ਇਹ ਸੀ ਕਿ ਅਸੀਂ ਵੈਰੀ ਨੂੰ ਆਪਣੇ ਨਾਲ ਜੰਗ ਵਿਚ ਉਲਝਾ ਲਈਏ। ਵਸ ਚਲੇ ਤਾਂ ਮਾਰ ਲਈਏ ਤੇ ਜੇ ਮਰ ਜਾਈਏ ਤਾਂ ਵੈਰੀ ਦਲ ਦਾ ਐਨਾ ਨੁਕਸਾਨ ਕਰ ਦੇਈਏ ਕਿ ਅੱਗੇ ਵਧਣ ਜੋਗਾ ਨਾ ਰਹੇ।

ਸਿੰਘਾਂ ਦੀ ਚਾਲ ਸਫਲ ਹੋਈ। ਬੰਦੂਕਾਂ ਦੀ ਆਵਾਜ਼ ਸੁਣ ਕੇ ਸੂਬਾ ਸਰਹਿੰਦ ਨੇ ਇਸ ਪਾਸੇ ਰੁਖ ਕਰਕੇ ਹਮਲੇ ਦਾ ਹੁਕਮ ਦੇ ਦਿੱਤਾ।

ਸਿੰਘ ਬੇਰੀਆਂ ਦੇ ਓਹਲੇ ਲੁਕੇ ਹੋਏ ਸਨ, ਵੈਰੀਆਂ ਦੇ ਨੇੜੇ ਆਉਣ ਤੇ ਉਨ੍ਹਾਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਇਸ ਨਾਲ ਦੁਸ਼ਮਣ ਦੇ ਹਰਾਵਲ ਦਸਤੇ ਨੂੰ ਭਾਰੀ ਹਾਨੀ ਪੁਜੀ। ਇਸ ਤੇ ਵੈਰੀ ਦੇ ਮਗਰਲੇ ਦਸਤਿਆਂ ਨੇ ਅੱਗੇ ਹੋ ਕੇ ਗੋਲੀਆਂ ਦੀ ਬਾੜ ਛੱਡੀ।

ਪਰ ਸਿੰਘਾਂ ਨੂੰ ਬੇਰੀਆਂ ਤੇ ਝੰਗੀਆਂ ਦੇ ਕੁਦਰਤੀ ਮੋਰਚੇ ਕੰਮ ਆਏ। ਉਹ ਵੈਰੀਆਂ ਦੀਆਂ ਗੋਲੀਆਂ ਤੋਂ ਬਚੇ ਰਹੇ ਤੇ ਆਪ ਉਨ੍ਹਾਂ ਤੇ ਬੰਦੂਕਾਂ ਦੀ ਬਾੜ ਛੱਡਦੇ ਰਹੇ।

ਸਤਿਗੁਰੂ ਜੀ ਉਸ ਥਾਂ ਤੋਂ ਥੋੜ੍ਹਾ ਹੀ ਅੱਗੇ ਇਕ ਟਿੱਬੀ ਪਾਸ ਠਹਿਰੇ ਹੋਏ ਸਨ। ਭਾਈ ਦਰਸ਼ਨ ਸਿੰਘ ਨੇ ਬੰਦੂਕਾਂ ਦੀ ਆਵਾਜ਼ ਸੁਣ ਕੇ ਕਿਹਾ, 'ਸੱਚੇ ਪਾਤਸ਼ਾਹ! ਵੈਰੀ ਨੇ ਹੱਲਾ ਬੋਲ ਦਿੱਤਾ'।

ਸਹਿਬ ਜੀ ਬੋਲੇ, 'ਹਾਂ ਮਿਤਰਾਂ! ਹੱਲਾ ਬੋਲ ਦਿੱਤਾ ਤੇ ਖ਼ਾਲਸੇ ਨੇ ਵੀ ਮੋਰਚਾ ਗੱਡ ਦਿੱਤਾ ਹੈ। ਆਉ, ਉਪਰ ਟਿੱਬੀ ਤੇ ਚਲਦੇ ਹਾਂ'।

ਇਹ ਆਖ ਕੇ ਗੁਰੂ ਜੀ ਟਿੱਬੀ ਉਪਰ ਚੜ੍ਹ ਗਏ ਤੇ ਸਭ ਤੋਂ ਉੱਚੀ ਜਗ੍ਹਾ ਤੇ ਬੀਰਾਜਮਾਣ ਹੋ ਕੇ ਕਮਾਨ ਤਾਨ ਲਈ ਤੇ ਸੇਧਾਂ ਬੰਨ੍ਹ ਬੰਨ੍ਹ ਕੇ ਲੱਗੇ ਤੀਰ ਬਰਸਾਉਣ। ਨਾਲ ਹੀ ਆਪ ਨੇ ਆਪਣੇ ਬੰਦੂਕਚੀ ਟਿਕਾਣਿਆਂ ਤੇ ਖੜੇ ਕਰ ਦਿੱਤੇ ਜਿਹੜੇ ਨਿਸ਼ਾਨੇ ਸਾਧ ਕੇ ਗੋਲੀਆਂ ਛੱਡਣ ਲੱਗੇ।

ਤੁਰਕਾਂ ਤੇ ਇਹ ਗ਼ੈਬੀ ਮਾਰ ਪੈਣ ਲੱਗੀ ਜਿਹੜੀ ਉਹਨਾਂ ਦੇ ਸਰਦਾਰਾਂ ਨੂੰ ਫੁੰਡਣ ਤੇ ਪਟਕਾਉਣ ਲੱਗੀ।

ਤਦ ਸੂਬੇ ਵਜ਼ੀਰ ਖਾਂ ਨੇ ਪੈਂਤੜਾ ਬਦਲਿਆ ਤੇ ਫੌਜ ਨੂੰ ਛੋਟੇ ਛੋਟੇ ਦਸਤਿਆਂ ਵਿਚ ਵੰਡ ਦਿੱਤਾ। ਫੇਰ ਵੀ ਬੇਰੀਆਂ ਵਿਚ ਲੁਕੇ ਹੋਏ ਸਿੰਘਾਂ ਨੇ ਵੈਰੀ ਨੂੰ ਉਹ ਮਾਰ ਮਾਰੀ ਕਿ ਉਹ ਘਬਰਾ ਉੱਠਿਆ ਪਰ ਆਪਣੀ ਭਾਰੀ ਗਿਣਤੀ ਦੇ ਬਲ ਨਾਲ ਉਹ ਤਲ ਦੇ ਨੇੜੇ ਪਹੁੰਚ ਗਿਆ।

ਹੁਣ ਹੱਥੋ ਹੱਥ ਯੁੱਧ ਹੋਣ ਲੱਗਾ। ਸਿੰਘ ਤਲਵਾਰਾਂ ਸੂਤ ਕੇ ਦੁਸ਼ਮਣ ਤੇ ਟੁੱਟ ਪਏ ਤੇ ਇਕ ਇਕ ਸਿੰਘ ਕਈ ਕਈ ਤੁਰਕਾਂ ਨੂੰ ਮਾਰਦਾ ਹੋਇਆ ਸ਼ਹਿਦੀ ਪਾਣ ਲੱਗਾ।

ਅਖ਼ੀਰ ਤੇਰ੍ਹਾਂ ਸਿੰਘ ਬਾਕੀ ਰਹਿ ਗਏ। ਉਹ ਬੇਰੀਆਂ ਵਿਚੋਂ ਕਿਰਪਾਨਾਂ ਸੂਤ ਕੇ ਬਾਹਰ ਨਿਕਲੇ ਤੇ ਵੈਰੀ ਦਲ ਦੇ ਅੰਦਰ ਧੱਸ ਕੇ ਮਾਰ ਕਾਟ ਮਚਾਉਣ ਲਗੇ। ਉਨ੍ਹਾਂ ਨੇ ਵੈਰੀ ਦੀਆਂ ਸਫ਼ਾਂ ਵਿਚ ਖਲਬਲੀ ਮਚਾ ਦਿੱਤੀ।

ਅਖ਼ੀਰ ਅਸੰਖਾਂ ਵੈਰੀਆਂ ਨੂੰ ਮਾਰਕੇ ਉਹ ਸਾਰੇ ਸੂਰਮਗਤੀ ਨਾਲ ਸ਼ਹੀਦੀਆਂ ਪਾ ਗਏ ਤੇ ਮੁਕਤੀ ਨੂੰ ਪ੍ਰਾਪਤ ਹੋਏ।

ਇਸੇ ਕਰਕੇ ਗੁਰੂ ਜੀ ਨੇ ਖਿਦਰਾਣੇ ਦੀ ਢਾਬ ਨੂੰ ‘ਮੁਕਤਸਰ' ਦਾ ਨਾਂ ਬਖ਼ਸ਼ਿਆ। ਮਗਰੋਂ ਇਸ ਥਾਂ ਤੇ ਇਸ ਨਾਂ ਦਾ ਨਗਰ ਵਸਿਆ।

ਨਵਾਬ ਦੀ ਫ਼ੌਜ ਦੇ ਹੌਂਸਲੇ ਪਸਤ ਹੋ ਗਏ ਸਨ। ਨਵਾਬ ਨੇ ਸਿੰਘਾਂ ਸਾਰਿਆਂ ਨੂੰ ਸ਼ਹੀਦ ਹੋਇਆ ਜਾਣਿਆ। ਫ਼ੌਜ ਨੂੰ ਘਬਰਾਈ ਵੇਖ ਕੇ ਉਸ ਨੂੰ ਹੋਰ ਅੱਗੇ ਜਾਣ ਦੀ ਹਿੰਮਤ ਨਾ ਹੋਈ ਤੇ ਉਸ ਆਪਣੇ ਲਸ਼ਕਰ ਨੂੰ ਵਾਪਸੀ ਦਾ ਹੁਕਮ ਦੇ ਦਿੱਤਾ।

Disclaimer Privacy Policy Contact us About us