ਟੁੱਟੀ ਸਿੱਖੀ ਗੰਢਣੀ


ਜਦੋਂ ਸੂਬਾ ਤੇ ਉਹਦਾ ਬਚਿਆ ਖੁਚਿਆ ਲਸ਼ਕਰ ਉਥੋਂ ਚਲਾ ਗਿਆ ਤਾਂ ਗੁਰੂ ਜੀ ਟਿੱਬੀ ਤੋਂ ਹੇਠਾਂ ਉਤਰੇ ਤੇ ਸਿੰਘਾਂ ਨੂੰ ਨਾਲ ਲੈ ਕੇ ਤਲ ਦੇ ਕੰਢੇ ਤੇ ਪਹੁੰਚੇ ਜਿਥੇ ਹੁਣੇ ਹੁਣੇ ਘਮਸਾਨ ਮਚ ਕੇ ਹਟਿਆ ਸੀ।

ਆਪ ਜੀ ਇਕ ਇਕ ਕਰਕੇ ਸਭਨਾਂ ਸ਼ਹੀਦ ਸਿੰਘਾਂ ਪਾਸ ਗਏ ਤੇ ਹਰ ਇਕ ਦਾ ਮੂੰਹ ਪਿਆਰ ਨਾਲ ਆਪਣੇ ਜਾਮੇ ਦੇ ਪੱਲੇ ਨਾਲ ਸਾਫ਼ ਕਰਦੇ ਹੋਏ ਉਨ੍ਹਾਂ ਨੂੰ ਦੋਹਾਂ ਲੋਕਾਂ ਦੀਆਂ ਦਾਤਾਂ ਬਖ਼ਸ਼ਣ ਲੱਗੇ।

ਇਸ ਸਮੇਂ ਆਪ ਨੇ ਵੇਖਿਆ ਕਿ ਇਨ੍ਹਾਂ ਸ਼ਹੀਦ ਸਿੰਘਾਂ ਵਿਚ ਇਕ ਸਿੰਘ ਦੇ ਸਵਾਸ ਅਜੇ ਬਾਕੀ ਹਨ ਤੇ ਉਹ ਸਹਿਕ ਰਿਹਾ ਹੈ।

ਗੁਰੂ ਜੀ ਝਟ ਉਸ ਦੇ ਕੋਲ ਗਏ ਤੇ ਪਾਸ ਬੈਠ ਕੇ ਪਿਆਰ ਨਾਲ ਉਸ ਦਾ ਸਿਰ ਪਲੋਸਦਿਆਂ ਕਿਹਾ-

'ਮਹਾਂ ਸਿੰਘ! ਅੱਖਾਂ ਖੋਲ੍ਹੋ! ਵੇਖੋ, ਅਸੀਂ ਤੇਰੇ ਕੋਲ ਬੈਠੇ ਹਾਂ'।

ਸਾਹਿਬ ਜੀ ਦੀ ਮਿੱਠੀ ਆਵਾਜ਼ ਕੰਨੀ ਪੈਂਦਿਆਂ ਹੀ ਭਾਈ ਮਹਾਂ ਸਿੰਘ ਨੇ ਅੱਖਾਂ ਖੋਲ੍ਹ ਦਿੱਤੀਆਂ ਤੇ ਨਜ਼ਰ ਭਰ ਕੇ ਗੁਰੂ ਜੀ ਦੇ ਦਰਸ਼ਨ ਕੀਤੇ।

ਫੇਰ ਹੱਥ ਜੋੜ ਕੇ ਧਿੱਮੀ ਆਵਾਜ਼ ਵਿਚ ਕਿਹਾ, 'ਗੁਰੂ ਜੀਉ! ਅੰਤ ਸਮੇਂ ਦਰਸ਼ਨ ਦੇ ਕੇ ਆਪ ਨੇ ਮੇਰੇ ਮਨ ਦੀ ਲਾਲਸਾ ਪੂਰੀ ਕਰ ਦਿੱਤੀ ਹੈ। ਮੈਂ ਬੜਾ ਖੁਸ਼ ਹਾਂ'।

ਗੁਰੂ ਜੀ ਨੇ ਪਿਆਰ ਨਾਲ ਕਿਹਾ, 'ਭਾਈ ਮਹਾਂ ਸਿੰਘ! ਅਸੀਂ ਤੇਰੇ ਤੇ ਬੜੇ ਪ੍ਰਸੰਨ ਹਾਂ। ਜੇ ਤੂੰ ਜੀਵਨ ਚਾਹੁੰਦਾ ਏ ਤਾਂ ਮੰਗ ਲੈ, ਅਸੀਂ ਤੇਰੇ ਪ੍ਰਾਣ ਰਖ ਲੈਂਦੇ ਹਾਂ। ਜੇ ਤੂੰ ਕੁਝ ਹੋਰ ਮੰਗਣਾ ਚਾਹੁੰਦਾ ਏਂ ਤੇ ਮੰਗ ਲੈ, ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ'।

ਗੁਰੂ ਜੀ ਦੇ ਪਿਆਰ ਭਰੇ ਬਚਨ ਸੁਣ ਕੇ ਭਾਈ ਮਹਾਂ ਸਿੰਘ ਨੇ ਅਰਜੋਈ ਕੀਤੀ, 'ਸੱਚੇ ਪਾਤਸ਼ਾਹ! ਜੇ ਤੁੱਠੇ ਹੋ ਤਾਂ ਸਿੰਘਾਂ ਨੇ ਜਿਹੜਾ ਬੇਦਾਵਾ ਆਪ ਜੀ ਨੂੰ ਲਿਖ ਕੇ ਦਿੱਤਾ ਸੀ, ਉਹ ਪਾੜ ਦਿਉ ਜਿਸ ਨਾਲ ਉਹ ਆਪ ਜੀ ਦੇ ਸਿੱਖ ਤੇ ਆਪ ਉਨ੍ਹਾਂ ਦੇ ਗੁਰੂ ਬਣੇ ਰਹੋ'।

ਭਾਈ ਮਹਾਂ ਸਿੰਘ ਦੀ ਅਰਜੋਈ ਸੁਣ ਕੇ ਗੁਰੂ ਜੀ ਨੇ ਕਿਹਾ, 'ਮਹਾਂ ਸਿੰਘ! ਤੂੰ ਧੰਨ ਹੈ। ਤੇਰੇ ਮਨ ਵਿਚ ਸੁਆਰਥ ਦੀ ਥਾਂਏ ਪਰ-ਉਪਕਾਰ ਦੀ ਭਾਵਨਾ ਵਸੀ ਹੋਈ ਹੈ। ਪਰ ਜਿਹੜੀ ਸਿੱਖੀ ਜਾਨਾਂ ਪਿਆਰੀਆਂ ਕਰ ਕੇ ਗੁਰੂ ਤੋਂ ਬੇਮੁੱਖ ਹੋ ਗਈ ਸੀ, ਤੂੰ ਉਸ ਨੂੰ ਕਿਉਂ ਮੇਲਦਾ ਹੈ?'

ਮਹਾਂ ਸਿੰਘ ਨੇ ਬੇਨਤੀ ਕੀਤੀ, 'ਸੱਚੇ ਪਾਤਸ਼ਾਹ ਜੀਉ! ਪੁੱਤਰ ਭੁੱਲਾਂ ਕਰਦੇ ਰਹਿੰਦੇ ਹਨ ਪਰ ਪਿਤਾ ਉਹਨਾਂ ਦਾ ਭਲਾ ਚਾਹੁੰਦਾ ਹੋਇਆ ਉਨ੍ਹਾਂ ਨੂੰ ਸਦਾ ਬਖ਼ਸ਼ਦਾ ਆਉਂਦਾ ਹੈ। ਸੋ ਮੇਰੀ ਇਹੀ ਲਾਲਸਾ ਹੈ ਕਿ ਆਪ ਟੁੱਟੀ ਸਿੱਖੀ ਨੂੰ ਮੁੜ ਗੰਢ ਲਵੋ। ਇਸ ਤੋਂ ਬਿਨਾਂ ਮੇਰੀ ਹੋਰ ਕੋਈ ਇੱਛਾ ਨਹੀਂ ਹੈ'।

ਤਦ ਗੁਰੂ ਜੀ ਨੇ ਜੇਬ ਵਿਚੋਂ ਬੇਦਾਵੇ ਵਾਲਾ ਕਾਗ਼ਜ਼ ਕੱਢਿਆ ਤੇ ਭਾਈ ਮਹਾਂ ਸਿੰਘ ਨੂੰ ਵਿਖਾ ਕੇ ਪਾੜਦਿਆਂ ਹੋਇਆਂ ਫ਼ੁਰਮਾਇਆ, 'ਮਹਾਂ ਸਿੰਘ! ਤੂੰ ਧਰਮ ਪਰ-ਉਪਕਾਰੀ ਹੈ। ਤੇਰਾ ਗੁਰੂ-ਲੋਕ ਵਿਚ ਵਾਸਾ ਹੋਵੇਗਾ'।

ਗੁਰੂ ਜੀ ਦੇ ਬਚਨ ਕਰਦਿਆਂ ਭਾਈ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਤੇ ਗੁਰਪੁਰੀ ਨੂੰ ਸਿਧਾਰ ਗਿਆ।

ਹੁਣ ਗੁਰੂ ਜੀ ਨੇ ਬਰਾੜ ਸਿੰਘਾਂ ਨੂੰ ਹੁਕਮ ਦੇ ਕੇ ਇਕ ਵੱਡੀ ਸਾਰੀ ਚਿਥਾ ਤਿਆਰ ਕਰਵਾਈ ਤੇ ਸ਼ਹੀਦ ਸਿੰਘਾਂ ਦੀਆਂ ਲੋਥਾਂ ਦਾ ਸਸਕਾਰ ਕਰਾ ਦਿੱਤਾ।

ਮੁਸਲਮਾਨ ਸਿਪਾਹੀਆਂ ਦੀਆਂ ਲੋਥਾਂ ਕਬਰਾਂ ਪੁਟਾ ਕੇ ਦਬਾ ਦਿੱਤੀਆਂ। ਫਿਰ ਖਿਦਰਾਣੇ ਦੀ ਢਾਂਬ ਦੇ ਕੰਢੇ ਬੈਠ ਕੇ ਬਚਨ ਕੀਤੇ ਕਿ,

'ਇਥੇ ਸ਼ਹੀਦ ਸਿੰਘਾ ਦਾ ਸਸਕਾਰ ਕੀਤਾ ਗਿਆ ਹੈ, ਇਸ ਕਰਕੇ ਇਹ ਮਹਾਨ ਸ਼ਹੀਦੀ ਅਸਥਾਨ ਹੈ। ਜਿਹੜਾ ਇਸ ਨੂੰ ਸ਼ਰਧਾ ਨਾਲ ਨਮਸਕਾਰ ਕਰੇਗਾ, ਉਸ ਦਾ ਸਿਦਕ ਤੇ ਪਰਤਾਪ ਵਧੇਗਾ। ਇਥੇ ਸਾਡੇ ਸਿੰਘ ਸ਼ਹੀਦਿਆਂ ਪਾ ਕੇ ਮੁਕਤੀ ਨੂੰ ਪ੍ਰਾਪਤ ਹੋਏ ਹਨ, ਇਸ ਦਾ ਨਾਂ ਅੱਜ ਤੋਂ ‘ਮੁਕਤਸਰ' ਹੈ। ਜੋ ਨਰ ਨਾਰੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਇਥੇ ਇਸ਼ਨਾਨ ਕਰੇਗਾ, ਉਸ ਦੇ ਸਾਰੇ ਪਾਪ ਦੂਰ ਹੋਣਗੇ ਤੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ'।

Disclaimer Privacy Policy Contact us About us