ਭਾਈ ਡੱਲਾ


ਭਾਈ ਡੱਲਾ ਤਲਵੰਡੀ ਸਾਬੋ ਦਾ ਚੋਧਰੀ ਸੀ। ਜਦੋਂ ਗੁਰੂ ਜੀ ਤਲਵੰਡੀ ਸਾਬੋ ਪਹੁੰਚੇ ਤਾਂ ਉਹਨਾਂ ਨੇ ਨਗਰ ਦੇ ਬਾਹਰ ਡੇਰਾ ਲਾ ਦਿੱਤਾ।

ਭਾਈ ਡੱਲਾ ਨੇ ਜਦ ਗੁਰੂ ਜੀ ਦੇ ਆਉਣ ਦੀ ਖ਼ਬਰ ਸੁਣੀ ਤਾਂ ਉਹ ਆਪਣੇ ਚਾਰ ਸੌ ਸ਼ਸਤਰਧਾਰੀ ਸੂਰਮਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਇਆ ਅਤੇ ਭੇਟਾ ਰਖ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪਣਾ ਡੇਰਾ ਮੇਰੇ ਪਾਸ ਲੈ ਚਲੋ।

ਗੁਰੂ ਜੀ ਨੇ ਫ਼ੁਰਮਾਇਆ ਕਿ ਪਿੱਛੇ ਆਉਂਦੀ ਵਹੀਰ ਇਥੇ ਪਹੁੰਚ ਜਾਏ ਤਾਂ ਅਸੀਂ ਸੰਧਿਆ ਸਮੇਂ ਤੇਰੇ ਪਾਸ ਆ ਜਾਵਾਂਗੇ।

ਡੱਲਾ ਆਪਣੇ ਆਦਮੀਆਂ ਨਾਲ ਉਥੇ ਹੀ ਠਹਿਰ ਗਿਆ। ਉਸ ਨੇ ਗੁਰੂ ਜੀ ਨਾਲ ਸਾਹਿਬਜ਼ਾਦਿਆਂ ਦਾ ਅਫ਼ਸੋਸ ਕੀਤਾ ਤੇ ਕਹਿਣ ਲੱਗਾ-

'ਸੱਚੇ ਪਾਤਸ਼ਾਹ ਜੀਉ! ਪਾਪੀ ਤੁਰਕਾਂ ਨੇ ਆਪ ਨਾਲ ਬੜਾ ਕਪਟ ਤੇ ਜ਼ੁਲਮ ਕੀਤਾ ਹੈ। ਉਸ ਸਮੇਂ ਆਪ ਨੇ ਮੈਨੂੰ ਕਿਉਂ ਨਾ ਯਾਦ ਕੀਤਾ? ਮੈਂ ਆਪਣੇ ਸੂਰਮੇ ਯੋਧੇ ਲੈ ਕੇ ਆਪ ਜੀ ਦੀ ਮਦਦ ਨੂੰ ਪਹੁੰਚ ਜਾਂਦਾ ਤੇ ਆਪ ਉੱਤੇ ਏਨੇ ਕਸ਼ਟ ਨਾ ਝੁੱਲਣ ਦਿੰਦਾ'।

ਤੇ ਉਹ ਆਪਣੀ ਤੇ ਆਪਣੇ ਜੋਧਿਆਂ ਦੀ ਸੂਰਮਗਤੀ ਦੀਆਂ ਸ਼ੇਖ਼ੀਆਂ ਮਾਰਨ ਲੱਗਾ।

ਉਸ ਵੇਲੇ ਲਾਹੌਰ ਤੋਂ ਕੁਝ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ। ਉਨ੍ਹਾਂ ਵਿਚ ਕੁਝ ਸ਼ਸਤਰ ਬਣਾਉਣ ਵਾਲੇ ਕਾਰੀਗਰ ਵੀ ਸਨ।

ਉਨ੍ਹਾਂ ਨੇ ਗੁਰੂ ਜੀ ਨੂੰ ਦੋ ਨਵੀ ਢੰਗ ਦੀਆਂ ਬੜੀਆਂ ਵਧੀਆ ਬੰਦੂਕਾਂ ਭੇਟਾ ਕੀਤੀਆਂ।

ਗੁਰੂ ਜੀ ਬੰਦੂਕਾਂ ਵੇਖ ਕੇ ਬੜੇ ਪ੍ਰਸੰਨ ਹੋਏ। ਆਪ ਨੇ ਉਨ੍ਹਾਂ ਨੂੰ ਹੱਥ ਵਿਚ ਲੈ ਕੇ ਵੇਖਿਆ, ਪਰਖਿਆ ਅਤੇ ਫੇਰ ਡੱਲੇ ਵਲ ਤੱਕ ਕੇ ਬੋਲੇ-

'ਭਾਈ ਡੱਲਾ! ਆਪਣੇ ਦੋ ਜੋਧੇ ਤਾਂ ਦੇ ਜਿਹੜੇ ਸਾਡੇ ਨਿਸ਼ਾਨੇ ਦੇ ਸਾਹਮਣੇ ਖੜੇ ਹੋਣ। ਅਸੀਂ ਇਨ੍ਹਾਂ ਬੰਦੂਕਾਂ ਦੇ ਨਿਸ਼ਾਨੇ ਦੀ ਪਰਖ ਕਰਨੀ ਹੈ'।

ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਅਸਚਰਜ ਵਿਚ ਪੈ ਗਏ ਕਿ ਗੁਰੂ ਜੀ ਮਨੁੱਖਾਂ ਉਪਰ ਨਿਸ਼ਾਨਾ ਪਰਖਣਾ ਚਾਹੁੰਦੇ ਹਨ, ਡੱਲੇ ਦੇ ਆਦਮੀ ਜਿਹੜੇ ਉਸ ਦੇ ਨਾਲ ਆਏ ਸਨ, ਭੈਭੀਤ ਹੋ ਉੱਠੇ।

ਉਹ ਆਪਸ ਵਿਚ ਕੰਨਾ ਵਿਚ ਗੱਲਾਂ ਕਰਨ ਲੱਗੇ ਕਿ ਗੁਰੂ ਜੀ ਧੁਨ ਦੇ ਪੱਕੇ ਹਨ। ਜੋ ਮਨ ਵਿਚ ਆਵੇ ਕਰਕੇ ਹੀ ਰਹਿੰਦੇ ਹਨ। ਵੇਖੋ ਤਾਂ, ਕਿਹਾ ਖ਼ਿਆਲ ਆਇਆ ਨੇ! ਬੰਦੂਕ ਦੀ ਪਰਖ ਲਈ ਬੰਦੇ ਨੂੰ ਹਲਾਕ ਕਰਨਾ ਲੋੜਦੇ ਹਨ। ਕੌਣ ਉਨ੍ਹਾਂ ਦੀ ਧੁਨ ਪੂਰੀ ਕਰਨ ਵਾਸਤੇ ਆਪਣੀ ਜਾਨ ਦੇਵੇ।

ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹੋਏ ਉਹ ਇਕ ਇਕ ਕਰਕੇ ਉਥੋਂ ਖਿਸਕਣ ਲੱਗੇ। ਡੱਲਾ ਵੀ ਜੋ ਏਨੀਆਂ ਸ਼ੇਖ਼ੀਆਂ ਮਾਰਦਾ ਸੀ, ਚੁੱਪ ਵੱਟ ਕੇ ਬੈਠਾ ਰਿਹਾ।

ਗੁਰੂ ਜੀ ਨੇ ਦੁਨਾਲੀ ਬੰਦੂਕ ਵਿਚ ਗੋਲੀਆਂ ਭਰੀਆਂ ਤੇ ਗਜ ਨਾਲ ਚੰਗੀ ਤਰ੍ਹਾਂ ਠੋਕ ਕੇ ਫੇਰ ਡੱਲੇ ਨੂੰ ਕਿਹਾ, 'ਭਾਈ ਚੌਧਰੀ! ਕਰ ਨਾ ਆਪਣੇ ਦੋ ਬੰਦੇ ਸਾਹਮਣੇ! ਰਤਾ ਨਿਸ਼ਾਨਾ ਪਰਖ ਲਈਏ'।

ਪਰ ਡੱਲਾ ਬੰਦੇ ਕਿਥੋਂ ਦਿੰਦਾ? ਉਹਦੇ ਤਾਂ ਸਾਰੇ ਆਦਮੀ ਖਿਸਕ ਗਏ ਸਨ। ਉਹ ਸਿਰ ਨੀਵਾਂ ਕਰਕੇ ਚੁੱਪ ਚਾਪ ਬੈਠਾ ਰਿਹਾ।

'ਸਿੰਘਾ! ਔਹ ਪਰੇ ਦੋ ਰੰਘਰੇਟੇ ਪਿਉ ਪੁੱਤਰ ਬੈਠੇ ਹੋਏ ਹਨ। ਉਹਨਾਂ ਨੂੰ ਕਹੋ ਕਿ ਤੁਹਾਨੂੰ ਗੁਰੂ ਜੀ ਬੁਲਾਉਂਦੇ ਹਨ। ਉਹਨਾਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਤੁਹਾਡੇ ਉੱਤੇ ਪਰਖਣਾ ਹੈ। ਜਲਦੀ ਚਲੋ'।

ਉਸ ਵੇਲੇ ਦੋਵੇਂ ਪਿਉ ਪੁੱੱਤਰ ਪੱਗਾਂ ਬੰਨ੍ਹ ਰਹੇ ਸਨ। ਜਦੋਂ ਸੇਵਾਦਾਰ ਨੇ ਉਹਨਾਂ ਨੂੰ ਗੁਰੂ ਜੀ ਦਾ ਸੁਨੇਹਾ ਦਿੱਤਾ ਤਾਂ ਉਹ ਉਸੇ ਤਰ੍ਹਾਂ ਪੱਗਾਂ ਬੰਨ੍ਹਦੇ ਹੋਏ ਹੀ ਦੌੜੇ ਆਏ ਤੇ ਇਕ ਦੂਜੇ ਕੋਲੋਂ ਅੱਗੇ ਖੜੇ ਹੋਣ ਲਈ ਝਗੜਨ ਲੱਗੇ।

ਗੁਰੂ ਜੀ ਨੇ ਉਹਨਾਂ ਕਿਹਾ, 'ਸਾਨੂੰ ਇਕ ਆਦਮੀ ਦੀ ਲੋੜ ਹੈ, ਤੁਸੀਂ ਝਗੜ ਕਿਉਂ ਰਹੇ ਹੋ?'

ਉਨ੍ਹਾਂ ਵਿਚੋਂ ਪਿਉ ਬੋਲਿਆ, 'ਜੀ, ਮੈਂ ਆਪ ਦੇ ਨਿਸ਼ਾਨੇ ਦੇ ਅੱਗੇ ਖਲੋਣਾ ਚਾਹੁੰਦਾ ਹਾਂ ਪਰ ਮੇਰਾ ਪੁੱਤਰ ਝਗੜਦਾ ਹੈ ਕਿ ਨਹੀਂ, ਮੈਂ ਖਲੋਣਾ ਹੈ। ਆਪ ਕ੍ਰਿਪਾ ਕਰਕੇ ਮੈਨੂੰ ਇਹ ਸੇਵਾ ਬਖ਼ਸ਼ੋ'।

ਪਰ ਪੁੱਤਰ ਪਿਉ ਨੂੰ ਪਿੱਛੇ ਧੱਕਦਾ ਹੋਇਆ ਬੋਲਿਆ, 'ਜੀ, ਇਹ ਮੇਰੇ ਪਿਤਾ ਬਿਰਧ ਹਨ ਇਸ ਲਈ ਇਹ ਸੇਵਾ ਕਰਨੀ ਮੇਰਾ ਹੱਕ ਹੈ। ਨਾਲੇ ਮੈਂ ਇਹਨਾਂ ਤੋਂ ਪਹਿਲਾਂ ਆਪ ਦੇ ਸਾਹਮਣੇ ਪਹੁੰਚਾ ਹਾਂ'।

ਉਹ ਦੋਵੇਂ ਪਿਉ ਪੁੱਤਰ ਖਲੋ ਗਏ। ਗੁਰੂ ਜੀ ਬੰਦੂਕ ਦੀ ਨਾਲੀ ਜਿਸ ਪਾਸੇ ਕਰਨ, ਉਹ ਉਸੇ ਪਾਸੇ ਆਪਣੇ ਆਪ ਨੂੰ ਉੱਚਾ ਨੀਵਾਂ ਕਰ ਲੈਣ ਤਾਂ ਕਿ ਉਹ ਬੰਦੂਕ ਦਾ ਨਿਸ਼ਾਨਾ ਬਣ ਸਕਣ।

ਦੋਹਾਂ ਪਿਉ ਪੁੱਤਰਾਂ ਦਾ ਬੰਦੂਕ ਦੇ ਨਿਸ਼ਾਨੇ ਦੇ ਸਾਹਮਣੇ ਖਲੋਣ ਦਾ ਇਕ ਦੂਜੇ ਨਾਲੋਂ ਵਧ ਚਾਅ ਵੇਖ ਕੇ ਗੁਰੂ ਜੀ ਨੇ ਡੱਲੇ ਨੂੰ ਕਿਹਾ-

'ਚੌਧਰੀ ਡੱਲਾ! ਵੇਖਿਆ! ਸੱਚੇ ਸੂਰਮੇ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਮੌਤ ਤੋਂ ਭੈ ਨਾ ਖਾਣ। ਇਹ ਜੋਧੇ ਸਾਡੇ ਲਈ ਹਰ ਪਲ ਜਾਨਾਂ ਵਾਰਨ ਨੂੰ ਤਤਪਰ ਰਹਿੰਦੇ ਹਨ। ਤੂੰ ਆਪਣੇ ਆਦਮੀਆਂ ਦਾ ਹੌਂਸਲਾ ਵੀ ਵੇਖ ਲਿਆ ਹੈ। ਉਹ ਸਾਰੇ ਮੌਤ ਤੋਂ ਡਰਦੇ ਹੋਏ ਭੱਜ ਗਏ ਹਨ।

ਅਸੀਂ ਸਚਮੁਚ ਕਿਸੇ ਨੂੰ ਮਾਰਨਾ ਨਹੀਂ ਸੀ। ਅਸੀਂ ਤਾਂ ਕੇਵਲ ਉਹਨਾਂ ਦੇ ਹੌਂਸਲੇ ਦੀ ਪਰਖ ਕਰਦੇ ਸਾਂ। ਪਰ ਉਹ ਮੌਤ ਦਾ ਖ਼ਿਆਲ ਕਰਦੇ ਹੀ ਦਿਲ ਹਾਰ ਗਏ।

ਇਸ ਤਰ੍ਹਾਂ ਦੇ ਕਾਇਰ ਤੇ ਡਰਾਕਲ ਜੋਧੇ ਰਣ ਦੇ ਘਮਸਾਨ ਵਿਚ ਕਿਵੇਂ ਸਾਬਤ ਕਦਮ ਰਹਿ ਸਕਦੇ ਸਨ?'

ਇਹ ਬਚਨ ਸੁਣ ਕੇ ਡੱਲੇ ਦਾ ਹੰਕਾਰ ਦੂਰ ਹੋ ਗਿਆ। ਉਹ ਹੱਥ ਜੋੜ ਕੇ ਗੁਰੂ ਜੀ ਪਾਸੋਂ ਖ਼ਿਮਾਂ ਮੰਗਣ ਲੱਗਾ।

Disclaimer Privacy Policy Contact us About us