ਨਵੀਂ ਬੀੜ ਸਾਹਿਬ ਲਿਖਵਾਉਣੀ


ਤਲਵੰਡੀ ਸਾਬੋ ਵਿਚ ਇਕ ਦਿਨ ਗੁਰੂ ਜੀ ਨੇ ਬਚਨ ਕੀਤਾ ਕਿ ਪੰਜ ਸਿੰਘ ਕਰਤਾਰਪੁਰ ਵਿਖੇ ਬਾਬਾ ਧੀਰ ਮਲ ਜੀ ਪਾਸ ਜਾਵੋ ਅਤੇ ਉਨ੍ਹਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਆਵੋ।

ਗੁਰੂ ਜੀ ਦੀ ਆਗਿਆ ਹੋਣ ਤੇ ਪੰਜ ਸਿੰਘ ਤਿਆਰੇ ਕੱਸ ਕੇ ਕਰਤਾਰਪੁਰ ਨੂੰ ਚਲ ਪਏ। ਉਥੇ ਪਹੁੰਚ ਕੇ ਉਨ੍ਹਾਂ ਨੇ ਬਾਬਾ ਧੀਰ ਮਲ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਪਾਸ ਭੇਜਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬੀੜ ਮੰਗੀ ਹੈ।

ਗੁਰੂ ਜੀ ਨੇ ਉਸ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੜਾਉਣੀ ਹੈ ਅਤੇ ਸੰਗਤਾਂ ਨੂੰ ਬਾਣੀ ਦੇ ਅਰਥ ਕਰਕੇ ਸੁਣਾਉਣੇ ਹਨ।

ਪਰ ਬਾਬਾ ਧੀਰ ਮਲ ਨੇ ਸਿੱਖਾਂ ਦੀ ਬੇਨਤੀ ਠੁਕਰਾ ਦਿੱਤੀ ਤੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਦੇਣੀ। ਗੋਬਿੰਦ ਸਿੰਘ ਗੁਰ-ਗੱਦੀ ਤੇ ਬੈਠੇ ਹਨ, ਉਹ ਆਪਣੇ ਬਲ ਨਾਲ ਨਵੀਂ ਬੀੜ ਉਚਾਰਨ ਕਰ ਲੈਣ।

ਬਾਬਾ ਧੀਰ ਮਲ ਦਾ ਉੱਤਰ ਲੈ ਕੇ ਸਿੱਖ ਵਾਪਸ ਦਮਦਮੇ ਪਹੁੰਚੇ ਤੇ ਗੁਰੂ ਜੀ ਨੂੰ ਸਾਰੀ ਗੱਲ ਦਸੀ।

ਗੁਰੂ ਜੀ ਬੋਲੇ, 'ਅੱਛਾ! ਜੇ ਬਾਬਾ ਜੀ ਸਾਨੂੰ ਨਵੀਂ ਬੀੜ ਉਚਾਰ ਲੈਣ ਲਈ ਆਖਦੇ ਹਨ ਤਾਂ ਅਸੀਂ ਉਚਾਰਨ ਹੀ ਕਰ ਲੈਂਦੇ ਹਾਂ'।

ਇਸ ਪ੍ਰਕਾਰ ਬਚਨ ਕਰਕੇ ਆਪ ਜੀ ਨੇ ਅਰਦਾਸਾ ਸੋਧਿਆ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਉਨ੍ਹਾਂ ਪਾਸੋਂ ਕਰਤਾਰਪੁਰ ਵਾਲੀ ਗੁਰੂ ਗ੍ਰੰਥ ਸਾਹਿਬ ਵਾਲੀ ਬੀੜ ਦੇ ਅਨੁਸਾਰ ਨਵੀਂ ਬੀੜ ਤਿਆਰ ਕਰਵਾਉਣੀ ਸ਼ੁਰੂ ਕਰ ਦਿੱਤੀ।

ਆਪ ਆਪਣੀ ਯਾਦ ਸ਼ਕਤੀ ਅਤੇ ਬ੍ਰਹਮ ਬਲ ਦੁਆਰਾ ਦੋ ਪਹਿਰ ਰੋਜ਼ ਗੁਰਬਾਣੀ ਦਾ ਉਚਾਰਨ ਕਰਦੇ ਤੇ ਭਾਈ ਮਨੀ ਸਿੰਘ ਉਸਨੂੰ ਲਿਖਦੇ ਜਾਂਦੇ।

ਇਸ ਪ੍ਰਕਾਰ ਪੰਜਾਂ ਮਹੀਨਿਆਂ ਵਿਚ ਸਾਰੀ ਬੀੜ ਸੰਪੂਰਨ ਹੋ ਗਈ। ਇਸ ਵਿਚ ਰਾਗਾਂ ਦੇ ਕ੍ਰਮ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰੀ ਹੋਈ ਬਾਣੀ ਵੀ ਦਰਜ ਕਰਾ ਦਿੱਤੀ।

ਜਿਹੜੀ ਬਾਣੀ ਗੁਰੂ ਜੀ ਰੋਜ਼ ਲਿਖਵਾਉਂਦੇ, ਉਹ ਰੋਜ਼ ਸਵਾ ਪਹਿਰ ਉਸ ਦੇ ਅਰਥ ਕਰਕੇ ਸੰਗਤਾਂ ਨੂੰ ਸਮਝਾਉਂਦੇ। ਇਸ ਤਰ੍ਹਾਂ ਪੰਜਾਂ ਮਹੀਨਿਆਂ ਵਿਚ ਲਿਖਾਈ ਦੇ ਨਾਲ ਨਾਲ ਗੁਰਬਾਣੀ ਦੀ ਕਥਾ ਤੇ ਵਿਆਖਿਆ ਵੀ ਸੰਪੂਰਨ ਹੋ ਗਈ।

ਕਥਾ ਦੇ ਭੋਗ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਵਿਚ ਵਰਤਾਈ ਗਈ। ਉਪਰੰਤ ਅਤੁੱਟ ਲੰਗਰ ਲਾਇਆ ਗਿਆ। ਭਾਰੀ ਗਿਣਤੀ ਵਿਚ ਸੰਗਤਾਂ ਜੁੜੀਆਂ ਤੇ ਵੱਡਾ ਭਾਰਾ ਉਤਸਵ ਹੋਇਆ।

Disclaimer Privacy Policy Contact us About us