ਦੱਖਣ ਵੱਲ ਜਾਣਾ


ਜਦੋਂ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਫ਼ਰਨਾਮਾ ਭੇਜ ਕੇ ਉਸ ਨੂੰ ਉਸ ਦੇ ਗੁਨਾਹਾਂ ਦਾ ਅਹਿਸਾਸ ਕਰਾਇਆ ਸੀ ਤਾਂ ਉਸ ਨੇ ਕੁਝ ਸਮੇਂ ਬਾਅਦ ਗੁਰੂ ਜੀ ਨੂੰ ਦੱਖਣ ਆ ਕੇ ਮਿਲਣ ਦਾ ਸੱਦਾ ਦਿੱਤਾ ਸੀ ਕਿ ਆਹਮੋ ਸਾਹਮਣੇ ਗੱਲ ਬਾਤ ਹੋ ਸਕੇ।

ਗੁਰੂ ਜੀ ਨੇ ਮਹਿਸੂਸ ਕੀਤਾ ਸੀ ਕਿ ਔਰੰਗਜ਼ੇਬ ਆਪਣੇ ਵਰਤਾਰੇ ਤੇ ਪਛਤਾਵਾ ਕਰਨਾ ਚਾਹੁੰਦਾ ਹੈ। ਆਪ ਨੇ ਇਸ ਵਿਚਾਰ ਨਾਲ ਦੱਖਣ ਜਾ ਕੇ ਉਸ ਨੂੰ ਮਿਲਣ ਦਾ ਨਿਸਚਾ ਕੀਤਾ ਕਿ ਜੇ ਔਰੰਗਜ਼ੇਬ ਦਾ ਮਨ ਬਦਲਿਆ ਜਾ ਸਕੇ ਤਾਂ ਹਿੰਦੂ ਜਾਤੀ ਦੀਆਂ ਮੁਸੀਬਤਾਂ ਦਾ ਅੰਤ ਹੋ ਸਕੇਗਾ ਤੇ ਸਿੱਖੀ ਦਾ ਅਮਨ ਚੈਨ ਨਾਲ ਪ੍ਰਚਾਰ ਹੋ ਸਕੇਗਾ।

ਇਸ ਖ਼ਿਆਲ ਨਾਲ ਆਪ ਕੁਛ ਸਿੱਖਾਂ ਨੂੰ ਲੈ ਕੇ ਦੱਖਣ ਵੱਲ ਚਲ ਪਏ।

ਪਰ ਜਦੋਂ ਆਪ ਰਾਜਪੂਤਾਨੇ ਦੇ ਉਦੇਪੁਰ ਇਲਾਕੇ ਦੇ ਨਗਰ ਬਘੌਰ ਪੁਜੇ ਤਾਂ ਆਪ ਨੂੰ ਖ਼ਬਰ ਮਿਲੀ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪੁੱਤਰਾਂ ਵਿਚਾਲੇ ਤਖ਼ਤ ਲਈ ਝਗੜਾ ਸ਼ੁਰੂ ਹੋ ਗਿਆ ਹੈ।

ਔਰੰਗਜ਼ੇਬ ਦੇ ਛੋਟੇ ਪੁੱਤਰ ਤਾਰਾ ਆਜ਼ਮ ਨੇ ਤਖ਼ਤ ਤੇ ਕਬਜ਼ਾ ਕਰ ਲਿਆ, ਕਿਉਂਕਿ ਵੱਡਾ ਪੁੱਤਰ ਬਹਾਦਰ ਸ਼ਾਹ ਅਫਗਾਨਿਸਤਾਨ ਦੀ ਮੁਹਿੰਮ ਤੇ ਗਿਆ ਹੋਇਆ ਸੀ।

ਭਾਈ ਨੰਦ ਲਾਲ ਦੇ ਕਹਿਣ ਉੱਤੇ ਅਤੇ ਬਹਾਦਰ ਸ਼ਾਹ ਵਲੋਂ ਬੇਨਤੀ ਕਰਨ ਤੇ ਗੁਰੂ ਜੀ ਨੇ ਇਸ ਤਖ਼ਤ ਨਸ਼ੀਨੀ ਦੀ ਲੜਾਈ ਵਿਚ ਬਹਾਦਰ ਸ਼ਾਹ ਦੀ ਮਦਦ ਕਰਕੇ ਉਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ।

ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਆਗਰੇ ਮਿਲਣ ਦੀ ਬੇਨਤੀ ਕੀਤੀ ਅਤੇ ਗੁਰੂ ਜੀ ਦੇ ਪਹੁੰਚਣ ਤੇ ਉਨ੍ਹਾਂ ਦਾ ਬਹੁਤ ਆਦਰ ਮਾਣ ਕੀਤਾ।

ਗੁਰੂ ਜੀ ਆਗਰੇ ਵਿਚ ਹੀ ਸਨ ਤੇ ਬਾਦਸ਼ਾਹ ਨਾਲ ਉਹਨਾਂ ਦੀ ਗੱਲ ਬਾਤ ਚਲ ਰਹੀ ਸੀ ਕਿ ਬਹਾਦਰ ਸ਼ਾਹ ਨੂੰ ਦੱਖਣ ਵਿਚ ਆਪਣੇ ਭਰਾ ਕਾਮ ਬਖ਼ਸ਼ ਦੇ ਬਗ਼ਾਵਤ ਕਰਨ ਦੀ ਖ਼ਬਰ ਮਿਲੀ।

ਉਸ ਨੂੰ ਇਹ ਬਗ਼ਾਵਤ ਦਬਾਉਣ ਲਈ ਜਲਦੀ ਦੱਖਣ ਜਾਣਾ ਪਿਆ। ਉਸ ਨੇ ਗੁਰੂ ਜੀ ਨੂੰ ਵੀ ਨਾਲ ਚਲਣ ਦੀ ਬੇਨਤੀ ਕੀਤੀ।

ਗੁਰੂ ਜੀ ਇਸ ਵਿਚਾਰ ਨਾਲ ਕਿ ਮੁਗ਼ਲ ਬਾਦਸ਼ਾਹ ਦੇ ਮਨ ਵਿਚ ਸਾਰੇ ਧਰਮਾਂ ਨੂੰ ਇਕੋ ਜਿਹਾ ਜਾਣਨ ਤੇ ਮੰਨਣ ਦੇ ਭਾਵ ਦ੍ਰਿੜ੍ਹ ਕਰਾਉਣ ਦਾ ਹੋਰ ਮੌਕਾ ਮਿਲੇਗਾ। ਦੱਖਣ ਜਾਣ ਨੂੰ ਤਿਆਰ ਹੋ ਗਏ।

Disclaimer Privacy Policy Contact us About us