ਬੰਦਾ ਬਹਾਦਰ


ਗੁਰੂ ਜੀ ਬਾਦਸ਼ਾਹ ਦੇ ਲਸ਼ਕਰ ਨਾਲ ਨਹੀਂ, ਸੁਤੰਤਰ ਰੂਪ ਵਿਚ ਯਾਤਰਾ ਕਰ ਰਹੇ ਸਨ। ਰਸਤੇ ਵਿਚ ਉਹ ਜਿਥੇ ਕਿਤੇ ਸਿੱਖਾਂ ਦਾ ਵਾਸਾ ਹੁੰਦਾ, ਉਥੇ ਠਹਿਰ ਜਾਂਦੇ ਤੇ ਅੰਮ੍ਰਿਤ ਦੀ ਦਾਤ ਵਰਤਾਂਦੇ। ਨਾਲ ਨਾਲ ਗੁਰਮਤ ਦਾ ਪ੍ਰਚਾਰ ਹੁੰਦਾ ਤੇ ਭਾਰੀ ਸੰਖਿਆ ਵਿਚ ਲੋਕ ਸਿਖ ਮਤ ਦੇ ਧਾਰਨੀ ਬਣਦੇ।

ਚਲਦੇ ਚਲਦੇ ਆਪ ਗੁਦਾਵਰੀ ਨਦੀ ਦੇ ਕੰਢੇ ਵਸੇ ਹੋਏ ਨਾਦੇੜ ਨਗਰ ਵਿਚ ਪਹੁੰਚੇ। ਇਹ ਬੜਾ ਰਮਣੀਕ ਸਥਾਨ ਸੀ। ਗੁਰੂ ਜੀ ਕੁਝ ਸਮੇਂ ਲਈ ਇਥੇ ਰੁਕ ਗਏ।

ਇਥੇ ਗੁਰੂ ਜੀ ਨੇ ਮਾਧੋ ਦਾਸ ਬੈਰਾਗੀ ਨਾਂ ਦੇ ਇਕ ਸਾਧੂ ਬਾਰੇ ਬੜੀਆਂ ਅਨੋਖੀਆਂ ਗੱਲਾਂ ਸੁਣੀਆਂ। ਲੋਕਾਂ ਵਿਚ ਮਸ਼ਹੂਰ ਸੀ ਕਿ ਮਾਧੋ ਦਾਸ ਕਰਾਮਾਤੀ ਸ਼ਕਤੀਆਂ ਦਾ ਮਾਲਕ ਹੈ ਤੇ ਉਸ ਨੇ ਰਿੱਧੀਆਂ, ਸਿੱਧੀਆਂ ਤੇ ਭੂਤਾਂ ਬੀਰਾਂ ਨੂੰ ਵਸ ਕੀਤਾ ਹੋਇਆ ਹੈ।

ਅਸਲ ਵਿਚ ਮਾਧੋ ਦਾਸ ਕਸ਼ਮੀਰ ਦੇ ਇਲਾਕੇ ਪੁਣਛ ਜ਼ਿਲੇ ਦਾ ਇਕ ਰਾਜਪੂਤ ਸੀ। ਉਸ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ। ਉਸ ਦਾ ਅਸਲ ਨਾਂ ਲਛਮਣ ਦਾਸ ਸੀ।

ਇਕ ਦਿਨ ਲਛਮਣ ਦਾਸ ਨੇ ਜੰਗਲ ਵਿਚ ਇਕ ਹਿਰਨੀ ਦਾ ਸ਼ਿਕਾਰ ਕੀਤਾ। ਉਹ ਹਿਰਨੀ ਗਰਭਵਤੀ ਸੀ। ਤੀਰ ਲਗਣ ਨਾਲ ਹਿਰਨੀ ਮਰ ਗਈ ਤੇ ਉਸ ਦੇ ਪੇਟ ਵਿਚੋਂ ਦੋ ਬੱਚੇ ਬਾਹਰ ਨਿਕਲ ਆਏ।

ਉਹ ਹਰਨੋਟੇ ਵੀ ਲਛਮਣ ਦਾਸ ਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਦਾ ਉਸ ਦੇ ਮਨ ਤੇ ਐਨਾ ਅਸਰ ਹੋਇਆ ਕਿ ਉਸ ਨੇ ਨਾ ਕੇਵਲ ਸ਼ਿਕਾਰ ਖੇਡਣਾ ਛੱਡ ਦਿੱਤਾ ਬਲਕਿ ਦੁਨੀਆਂ ਹੀ ਤਿਆਗ ਦਿੱਤੀ ਤੇ ਤਿਆਗੀ ਬਣ ਗਿਆ।

ਉਹ ਗੁਦਾਵਰੀ ਦੇ ਕੰਢੇ ਤੇ ਆ ਕੇ ਤਪ ਕਰਨ ਲਗਾ ਤੇ ਇਥੇ ਹੀ ਕੁਟੀਆ ਪਾ ਕੇ ਰਹਿਣ ਲਗਾ। ਆਪਣਾ ਨਾਂ ਮਾਧੋ ਦਾਸ ਬੈਰਾਗੀ ਰਖ ਲਿਆ।

ਗੁਰੂ ਜੀ ਨੇ ਮਾਧੋ ਦਾਸ ਦੀ ਵਾਰਤਾ ਸੁਣੀ ਤਾਂ ਉਹਨਾਂ ਦੀ ਉਸ ਨੂੰ ਵੇਖਣ ਤੇ ਪਰਖਣ ਦੀ ਇੱਛਾ ਹੋਈ। ਉਹ ਕੁਝ ਸਿੱਖਾ ਨਾਲ ਉਸ ਦੇ ਡੇਰੇ ਤੇ ਪਹੁੰਚੇ।

ਮਾਧੋ ਦਾਸ ਉਸ ਮਸੇਂ ਤਪ ਕਰਨ ਲਈ ਬਾਹਰ ਗਿਆ ਹੋਇਆ ਸੀ। ਉਸ ਦੇ ਚੇਲੇ ਉਸ ਲਈ ਭੋਜਨ ਆਦਿ ਤਿਆਰ ਕਰ ਰਹੇ ਸਨ।

ਗੁਰੂ ਜੀ ਕੁਟਿਆ ਵਿਚ ਜਾ ਕੇ ਬੈਰਾਗੀ ਦੇ ਪਲੰਘ ਉਪਰ ਲੇਟ ਗਏ ਤੇ ਚੇਲਿਆਂ ਨੂੰ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ, ਭੋਜਨ ਛਕਾਉ।

ਚੇਲੇ ਗੁਰੂ ਜੀ ਦੇ ਇਸ ਪ੍ਰਕਾਰ ਦੇ ਆਦੇਸ਼ ਦੇਣ ਤੇ ਬੜੇ ਤੜਫੇ। ਪਰ ਗੁਰੂ ਜੀ ਦਾ ਤੇਜ ਵੇਖ ਕੇ ਕੁਝ ਬੋਲ ਨਾ ਸਕੇ। ਅਤੇ ਉਹਨਾਂ ਨੇ ਗੁਰੂ ਜੀ ਨੂੰ ਭੋਜਨ ਦੇਣ ਤੋਂ ਨਾਂਹ ਕਰ ਦਿੱਤੀ।

ਤਦ ਗੁਰੂ ਜੀ ਦੀ ਆਗਿਆ ਤੇ ਸਿੱਖਾਂ ਨੇ ਦੋ ਬਕਰੇ ਲਿਆ ਕੇ ਝਟਕਾਏ।

ਚੇਲਿਆਂ ਨੇ ਜਦੋਂ ਮਾਧੋ ਦਾਸ ਨੂੰ ਸਾਰੀ ਵਾਰਤਾ ਦਸੀ ਤਾਂ ਬੈਰਾਗੀ ਸਾਧੂ ਲੋਹਾ ਲਾਖਾ ਹੋ ਉਠਿਆ। ਗੁੱਸੇ ਵਿਚ ਭਰਿਆ ਉਹ ਕੁਟਿਆ ਦੇ ਅੰਦਰ ਵੜਿਆ ਕਿ ਇਸ ਜ਼ਬਰਦਸਤੀ ਦੇ ਪ੍ਰਾਹੁਣੇ ਨੂੰ ਉਸ ਦੀ ਗੁਸਤਾਖ਼ੀ ਦਾ ਮਜ਼ਾ ਚਖਾਏ।

ਪਰ ਜਿਉਂ ਹੀ ਉਸ ਦੀ ਨਜ਼ਰ ਗੁਰੂ ਜੀ ਦੇ ਗੰਭੀਰ, ਨੂਰਾਨੀ ਜਿਹਰੇ ਤੇ ਪਈ, ਉਸ ਦਾ ਗੁੱਸਾ ਆਪੋ ਤੋਂ ਆਪ ਠੰਢਾ ਹੋ ਗਿਆ। ਉਸ ਨੂੰ ਆਪਣੀਆਂ ਕਰਾਮਾਤੀ ਸ਼ਕਤੀਆਂ ਵੀ ਭੁੱਲ ਗਈਆਂ।

ਬੜੇ ਠਰੰਮੇ ਨਾਲ ਗੁਰੂ ਜੀ ਤੋਂ ਪੁਛਣ ਲਗਾ, 'ਆਪ ਕੌਣ ਹੋ? ਇਥੇ ਕਿਸ ਮਤਲਬ ਲਈ ਆਏ ਹੋ?'

ਗੁਰੂ ਜੀ ਬੈਰਾਗੀ ਦੀ ਗੱਲ ਸੁਣ ਕੇ ਮੁਸਕਰਾਏ। ਫਿਰ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਫ਼ੁਰਮਾਇਆ, 'ਅਸੀਂ ਉਹੀ ਹਾਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ'।

ਮਾਧੋ ਦਾਸ ਕੂਝ ਜਗਿਆਸਾ ਕਰਕੇ ਬੋਲਿਆ, 'ਮੈਂ ਕੀ ਜਾਣਦਾ ਹਾਂ?'

ਗੁਰੂ ਜੀ ਫਿਰ ਮੁਸਕਰਾਏ, ਮਿੱਠੀ, ਲੁਭਾੲਉਣੀ ਮੁਸਕਰਾਹਟ ਤੇ ਬੜੀ ਕੋਮਲ, ਬੜੀ ਦ੍ਰਿੜ੍ਹ, ਆਵਾਜ਼ ਵਿਚ ਕਹਿਣ ਲਗੇ, 'ਜ਼ਰਾ ਆਪਣੇ ਮਨ ਵਿਚ ਸੋਚੋ'।

ਮਾਧੋ ਦਾਸ ਨੇ ਪਲ ਭਰ ਲਈ ਅੱਖਾਂ ਮੂੰਦੀਆਂ, ਪਲ ਭਰ ਕੁਝ ਸੋਚਿਆ, ਨੈਣ ਉਘਾੜ ਕੇ ਸ਼ਰਧਾ ਭਰੀ ਆਂਵਾਜ਼ ਵਿਚ ਬੋਲ ਉਠਿਆ, 'ਤਾਂ ਆਪ ਗੁਰੂ ਗੋਬਿੰਦ ਸਿੰਘ ਹੀ ਹੋ!'

ਗੁਰੂ ਜੀ ਨੇ ਮਿੱਠੀ ਮੁਸਕਣੀ ਨਾਲ ਸਿਰ ਹਿਲਾ ਕੇ ‘ਹਾਂ' ਕਹੀ।

ਮਾਧੋ ਦਾਸ ਨੇ ਬੜੀ ਅਧੀਨਗੀ ਨਾਲ ਪੁਛਿਆ, 'ਆਪ ਇਥੇ ਕਿਸ ਮੰਤਵ ਲਈ ਪਧਾਰੇ ਹੋ'।

'ਇਸ ਲਈ ਕਿ ਤੁਹਾਨੂੰ ਆਪਣਾ ਸਿੱਖ ਬਣਾਈਏ', ਗੁਰੂ ਜੀ ਨੇ ਕਿਹਾ।

'ਮੇਰਾ ਆਤਮ-ਮਸਰਪਣ ਹੈ, ਮਹਾਰਾਜ! ਮੈਂ ਆਪ ਦਾ ਬੰਦਾ ਹਾਂ, ਆਪ ਦਾ ਦਾਸ ਹਾਂ'।

ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਸਿੰਘ ਸਜਾਇਆ ਗਿਆ।

ਉਸ ਦਾ ਨਾ ਗੁਰਬਖ਼ਸ਼ ਸਿੰਘ ਹੋਇਆ। ਪਰ ਇਤਿਹਾਸ ਵਿਚ ਉਹ ਆਮ ਕਰਕੇ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ।

ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿਹਾ, 'ਤੇਰਾ ਦੇਸ, ਪੰਜਾਬ, ਜ਼ੁਲਮ ਦੀ ਚੱਕੀ ਵਿਚ ਪਿਸ ਰਿਹਾ ਹੈ, ਲਹੂ ਲੁਹਾਨ ਹੋ ਰਿਹਾ ਹੈ, ਤੇਰੇ ਵੀਰ ਬੱਕਰਿਆਂ ਵਾਂਗ ਕੋਹੇ ਜਾ ਰਹੇ ਹਨ। ਤੇਰੀਆਂ ਭੈਣਾਂ, ਧੀਆਂ ਦੀ ਪੱਤ ਲੁੱਟੀ ਜਾ ਰਹੀ ਹੈ। ਤੂੰ ਰਾਜਪੂਤ ਹੈ, ਤੂੰ ਹੁਣ ਸਿੰਘ ਸਜ ਗਿਆ ਹੈ! ਜਾ, ਪੰਜਾਬ ਜਾ ਕੇ ਸਿੰਘਾਂ ਦੀ ਅਗਵਾਈ ਸੰਭਾਲ ਤੇ ਜ਼ੁਲਮ ਦਾ ਨਾਸ ਕਰ। ਅਸੀਂ ਤੇਰੇ ਅੰਗ ਸੰਗ ਹਾਂ'।

ਗੁਰੂ ਜੀ ਨੇ ਬੰਦਾ ਬਹਾਦਰ ਨੂੰ ਆਪਣੇ ਭੱਥੇ ਵਿਚੋਂ ਪੰਜ ਚਮਤਕਾਰੀ ਤੀਰ ਦਿੱਤੇ ਤੇ ਵੀਹ ਸਿੰਘ ਦੇ ਕੇ ਪੰਜਾਬ ਵਲ ਤੋਰ ਦਿੱਤਾ।

ਬੰਦੇ ਨੇ ‘ਸਤਿ ਬਚਨ' ਕਹਿ ਕੇ ਸੀਸ ਝੁਕਾ ਦਿਤਾ।

Disclaimer Privacy Policy Contact us About us