ਇਕ ਨਿਚ ਸਾਜ਼ਸ਼


ਜਿਸ ਦਿਨ ਤੋਂ ਗੁਰੂ ਜੀ ਦਾ ਬਾਦਸ਼ਾਹ ਬਹਾਦਰ ਸ਼ਾਹ ਨਾਲ ਮਿਲਾਪ ਹੋਇਆ ਸੀ, ਸਰਹਿੰਦ ਦਾ ਨਵਾਬ ਵਜ਼ੀਰ ਖ਼ਾਂ ਫ਼ਿਕਰਾਂ ਵਿਚ ਪਿਆ ਹੋਇਆ ਸੀ।

ਵਜ਼ੀਰ ਖ਼ਾਂ ਦੇ ਪਾਪ ਕੰਬਦੇ ਸਨ। ਉਸ ਨੇ ਜਿਸ ਨਿਰਦੈਤਾ ਨਾਲ ਗੁਰੂ ਜੀ ਦੇ ਮਾਸੂਮ ਪੁੱਤਰਾਂ ਦੀ ਜਾਨ ਲਈ ਸੀ, ਉਸ ਦੀ ਰੂਹ ਹੁਣ ਉਸ ਗੁਨਾਹ ਤੋਂ ਭੈਭੀਤ ਹੋ ਰਹੀ ਸੀ।

ਉਸ ਨੂੰ ਡਰ ਖਾ ਰਿਹਾ ਸੀ ਕਿ ਗੁਰੂ ਸਾਹਿਬ ਬਾਦਸ਼ਾਹ ਨੂੰ ਕਹਿ ਕੇ ਉਸ ਕੋਲੋਂ ਆਪਣੇ ਸਪੁੱਤਰਾਂ ਦੇ ਕਤਲ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਨਗੇ।

ਵਜ਼ੀਰ ਖ਼ਾਂ ਦਾ ਮਨ ਸਹਿਮਿਆ ਕਈ ਤਰ੍ਹਾਂ ਦੇ ਭਿਆਨਕ ਦ੍ਰਿਸ਼ ਸਿਰਜਦਾ ਸੀ। ਤੇ ਉਹ ਹੋਰ ਸਹਿਮ ਜਾਂਦਾ, ਹੋਰ ਡਰਨ ਲੱਗਦਾ, ਹੋਰ ਭੈਭੀਤ ਹੋ ਉੱਠਦਾ।

ਹੁਣ ਉਸ ਨੂੰ ਆਪਣੇ ਦੀਵਾਨ ਸੁੱਚਾ ਨੰਦ ਤੇ ਗੁੱਸਾ ਆਉਂਦਾ। ਪਰ ਉਸ ਦਾ ਮਨ ਨਾ ਖਲੋਂਦਾ।

ਉਸ ਨੀਚ ਬੁੱਧੀ ਆਦਮੀ ਨੂੰ ਇਕ ਬੜਾ ਹੀ ਕਮੀਨਾ ਫੁਰਨਾ ਫੁਰਿਆ।

'ਕਿਉਂ ਨਾ ਗੁਰੂ ਦੇ ਜੀਵਨ ਦਾ ਹੀ ਅੰਤ ਕਰਵਾ ਦਿੱਤਾ ਜਾਵੇ?' ਉਸ ਨੂੰ ਸੋਚ ਫੁਰੀ, 'ਨਾ ਗੁਰੂ ਰਹੇਗਾ, ਨਾ ਬਾਦਸ਼ਾਹ ਮੈਨੂੰ ਕੋਈ ਸਜ਼ਾ ਦੇਣ ਦੀ ਸੋਚੇਗਾ'।

ਉਸ ਨੂੰ ਇਹ ਤਜਵੀਜ਼ ਏਨੀ ਜਚੀ ਕਿ ਉਹ ਫ਼ੌਰਨ ਹੀ ਇਹਦੇ ਤੇ ਅਮਲ ਕਰਨ ਲਈ ਤਿਆਰ ਹੋ ਗਿਆ।

ਵਜ਼ੀਰ ਖ਼ਾਂ ਪਾਸ ਦੋ ਬੜੇ ਵਿਸ਼ਵਾਸ਼ ਪਾਤਰ ਪਠਾਣ ਸੇਵਕ ਸਨ। ਉਸ ਨੇ ਉਨ੍ਹਾਂ ਦੋਹਾਂ ਨੂੰ ਬੁਲਾ ਕੇ ਕਿੰਨੀ ਦੇਰ ਕੁਝ ਸਮਝਾਇਆ ਤੇ ਫੇਰ ਬਹੁਤ ਸਾਰਾ ਧਨ ਦੇ ਕੇ ਨੰਦੇੜ ਵਲ ਤੋਰ ਦਿੱਤਾ।

Disclaimer Privacy Policy Contact us About us