ਕਾਤਲਨਾਮਾ ਹਮਲਾ


ਨੰਦੇੜ ਵਿਚ ਵੀ ਛੇਤੀ ਹੀ ਗੁਰੂ ਜੀ ਦੇ ਆਗਮਨ ਤੋਂ ਬਾਅਦ ਰੌਣਕਾਂ ਲੱਗਣ ਲੱਗੀਆਂ।

ਦੂਰ ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚਣ ਲਗੀਆਂ। ਗੁਰੂ ਜੀ ਨੇ ਨੰਦੇੜ ਨੂੰ ਅਬਚਲ ਨਗਰ ਦਾ ਨਾਂ ਦਿੱਤਾ।

ਵਜ਼ੀਰ ਖਾਂ ਦੇ ਭੇਜੇ ਹੋਏ ਦੋਵੇਂ ਪਠਾਣ ਸੇਵਕ ਵੀ ਨੰਦੇੜ ਪਹੁੰਚ ਚੁਕੇ ਸਨ। ਉਹ ਸੰਗਤਾਂ ਵਿਚ ਰਚ ਮਿਚ ਗਏ ਸਨ।

ਦੋਵੇਂ ਵੇਲੇ ਦੀਵਨ ਵਿਚ ਹਾਜ਼ਰ ਹੁੰਦੇ, ਕੀਰਤਨ ਸੁਣਦੇ, ਲੰਗਰ ਵਿਚ ਸੇਵਾ ਕਰਦੇ। ਹਰ ਸਮੇਂ ਗੁਰੂ ਜੀ ਦੀ ਹਜ਼ੂਰੀ ਵਿਚ ਹਾਜ਼ਰ ਰਹਿੰਦੇ।

ਨਿੱਕੇ ਨਿੱਕੇ ਇਸ਼ਾਰੇ ਤੇ ਸੇਵਾ ਲਈ ਦੌੜ ਪੈਂਦੇ। ਸੰਗਤਾਂ ਵਿਚ ਉਹਨਾਂ ਦੀ ਸ਼ਰਧਾ ਤੇ ਸੇਵਾ ਦੀ ਚਰਚਾ ਹੋਣ ਲੱਗੀ।

ਸੰਗਤਾਂ ਵਿਚ ਉਹਨਾਂ ਦਾ ਆਦਰ ਹੋਣ ਲੱਗਾ। ਮੁਸਲਮਾਨ ਹੋ ਕੇ ਐਨੀ ਸ਼ਰਧਾ, ਐਨੀ ਨਿਰਮਾਨਤਾ, ਐਨਾ ਸੇਵਾ ਭਾਵ।

ਪਰ ਸਿੱਖਾਂ ਨੂੰ ਕੀ ਪਤਾ ਸੀ ਕਿ ਇਸ ਸ਼ਰਧਾ ਤੇ ਸੇਵਾ ਦੇ ਪਿੱਛੇ ਇਕ ਸ਼ੈਤਾਨੀ ਯੋਜਨਾ, ਇਕ ਖ਼ੂਨੀ ਇਰਾਦਾ ਲੁਕਿਆ ਹੋਇਆ ਹੈ।

ਖ਼ਿਦਮਤ ਕਰਨ ਵਾਲੇ ਹੱਥਾਂ ਵਿਚ ਚੌਰ ਦੇ ਨਾਲ ਹੀ ਫ਼ੌਲਾਦੀ ਖੰਜਰ ਵੀ ਫੜਿਆ ਹੋਇਆ ਹੈ ਅਤੇ ਇਹ ਖ਼ੰਜਰ ਮੌਕਾ ਮਿਲਣ ਤੇ ਇਤਿਹਾਸ ਦਾ ਸਭ ਤੋਂ ਘਿਣਾਉਣਾ, ਸਭ ਤੋਂ ਕਾਇਰਤਾ ਭਰਿਆ, ਸਭ ਤੋਂ ਦੁਖਦਾਇਕ ਕਾਰਾ ਕਰ ਗੁਜ਼ਰੇਗਾ।

ਇਹ ਕਾਰਾ ਇਕ ਦਿਨ ਸੰਧਿਆ ਸਮੇਂ ਵਾਪਰਿਆ। ਰਹਿਰਾਸ ਦਾ ਪਾਠ ਹੋ ਚੁਕਾ ਸੀ। ਅਰਦਾਸਾ ਸੋਧਿਆ ਜਾ ਚੁਕਾ ਸੀ। ਸੰਗਤਾਂ ਦਰਬਾਰ ਵਿਚੋਂ ਜਾ ਚੁਕੀਆਂ ਸਨ।

ਸਿੱਖ ਵੀ ਇਕ ਇਕ ਕਰਕੇ ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ ਸਨ। ਪਰ ਦੋਵੇਂ ਪਠਾਣ ਸੇਵਕ ਅਜੇ ਵੀ ਗੁਰੂ ਜੀ ਦੀ ਹਜ਼ੂਰੀ ਵਿਚ ਬੈਠੇ ਸਨ।

ਅਜ ਉਹ ਆਪਣਾ ਖ਼ੂਨੀ ਕਾਰਾ ਕਰ ਗੁਜ਼ਰਨ ਦੀ ਨੀਯਤ ਧਾਰੀ ਬੈਠੇ ਸਨ।

ਉਹ ਮੁੜ ਮੁੜ ਇਕ ਦੂਜੇ ਵਲ ਵੇਖਦੇ ਸਨ ਪਰ ਫੇਰ ਝਟ ਹੀ ਮੂੰਹ ਪਰੇ ਕਰ ਲੈਂਦੇ ਸਨ ਮਤਾਂ ਉਹਨਾਂ ਦੇ ਦਿਲਾਂ ਦੇ ਖ਼ੂਨੀ ਭਾਵਾਂ ਦੀ ਝਲਕ ਉਹਨਾਂ ਦੇ ਚਿਹਰਿਆਂ ਤੇ ਨਾ ਪ੍ਰਗਟ ਹੋ ਜਾਵੇ।

ਗੁਰੂ ਸਾਹਿਬ ਇਸ ਸਮੇਂ ਕੁਝ ਸੋਚ ਮਗਨ ਹੋ ਰਹੇ ਸਨ, ਖਿਆਲਾਂ ਵਿਚ ਗੁਆਚੇ ਹੋਏ ਸਨ।

ਸ਼ਾਇਦ ਉਹ ਦੇਸ਼ ਦੇ ਹਾਲਾਤ ਬਾਰੇ ਸੋਚ ਰਹੇ ਸਨ। ਸ਼ਾਇਦ ਉਨ੍ਹਾਂ ਦਾ ਖ਼ਿਆਲ ਪੰਥ ਵਲ ਲਗਾ ਹੋਇਆ ਸੀ।

ਗੁਰੂ ਜੀ ਇਸੇ ਵਿਚਾਰ ਮਗਨਤਾ ਵਿਚ ਪਲੰਘ ਤੇ ਲੇਟ ਗਏ। ਖ਼ਿਆਲਾਂ ਦੀ ਲੜੀ ਉਸੇ ਤਰ੍ਹਾਂ ਜਾਰੀ ਸੀ ਪਰ ਸੋਚ ਮਗਨਤਾ ਦੇ ਬਾਵਜੂਦ ਹੱਥ ਸ੍ਰੀ ਸਾਹਿਬ ਤੇ ਟਿਕਿਆ ਹੋਇਆ ਸੀ।

ਇਸ ਸਮੇਂ ਪਠਾਣ ਸੇਵਕ ਉਹਨਾਂ ਦੀ ਪਿੱਠ ਵੰਨੇ ਖੜੇ ਸਨ। ਦੋਹਾਂ ਪਾਪੀਆਂ ਦੀਆਂ ਅੱਖਾਂ ਮਿਲੀਆਂ।

ਇਕ ਨੇ ਦੂਜੇ ਨੂੰ ਕੋਈ ਤੇਜ਼ ਇਸ਼ਾਰਾ ਕੀਤਾ। ਇਕ ਦੇ ਹੱਥ ਨੂੰ ਇਕ ਤੇਜ਼ ਹਰਕਤ ਹੋਈ।

ਡੱਬ ਵਿਚੋਂ ਫ਼ੌਲਾਦੀ ਖ਼ੰਜਰ ਨਿਕਲਿਆ... ਤੇ ਪਾਪੀ ਗੁਲ ਖਾਂ ਨੇ ਖ਼ੰਜਰ ਗੁਰੂ ਜੀ ਦੀ ਖੱਬੀ ਵੱਖੀ ਵਿਚ ਦਿਲ ਦੇ ਕਰੀਬ ਘੋਂਪ ਦਿਤਾ। ਸੁੱਚੇ ਲਹੂ ਦੀ ਮੋਟੀ ਧਾਰ ਘਾਉ ਤੋਂ ਵਹਿ ਤੁਰੀ। ਗੁਰੂ ਜੀ ਤ੍ਰੱਬਕੇ, “ਇਹ ਵਿਸ਼ਵਾਸ਼ ਘਾਤ?” ਉਨ੍ਹਾਂ ਨੇ ਉਸੇ ਪਲ ਸ੍ਰੀ ਸਾਹਿਬ ਧੂਹੀ।

ਗੁਲ ਖਾਂ ਦੂਜਾ ਵਾਰ ਕਰਨ ਲੱਗਾ ਸੀ ਕਿ ਸ੍ਰੀ ਸਾਹਿਬ ਦਾ ਭਰਪੂਰ ਵਾਰ ਉਹਦੀ ਗਰਦਨ ਤੇ ਪਿਆ।

ਭੈਂਸ ਵਰਗੀ ਮੋਟੀ ਗਰਦਨ ਗਾਜਰ ਵਾਂਗ ਕੱਟ ਕੇ ਭੋਂ ਤੇ ਜਾ ਪਈ। ਦੂਜਾ ਪਠਾਣ ਭੈਭੀਤ ਹੋ ਕੇ ਬਾਹਰ ਨੂੰ ਨੱਠਿਆ। “ਫੜ ਲਉ ਇਸ ਬਦਮਾਸ਼ ਨੂੰ... ਨੱਸ ਨਾ ਜਾਵੇ!”

ਕੁਝ ਸਿੱਖ ਕਮਰੇ ਦੇ ਬਾਹਰ ਖੜੇ ਸਨ। ਪਠਾਣ ਨੂੰ ਨੱਸਦਿਆਂ ਵੇਖ ਤੇ ਲਲਕਾਰਾ ਸੁਣ ਕੇ ਉਹਨਾਂ ਨੇ ਝਟ ਉਸ ਨੂੰ ਫੜ ਲਿਆ ਤੇ ਕਮਰੇ ਦੇ ਅੰਦਰ ਲੈ ਆਏ।

ਪਰ ਆਹ! ਇਹ ਕੀ ਭਾਣਾ ਵਰਤ ਚੁਕਾ ਸੀ? ਫ਼ਰਸ਼ ਤੇ ਲਹੂ ਦਾ ਛੱਪੜ... ਗੁਲ ਖਾਂ ਦਾ ਤੜਫਦਾ ਧੜ। ਤੇ ਗੁਰੂ ਸਾਹਿਬ!

ਆਹ! ਸਾਹਿਬ ਜੀ ਲਹੂ ਲੁਹਾਨ.. ਲੰਮਾ ਖ਼ੰਜਰ ਵੱਖੀ ਵਿਚ ਧੱਸਿਆ ਹੋਇਆ.. ਸੁੱਚੇ ਲਹੂ ਦੀਆਂ ਤਤੀਰੀਆਂ ਫੁਟਦੀਆਂ ਹੋਇਆਂ..।

ਪਰ ਚਿਹਰਾ ਉਸੇ ਤਰ੍ਹਾਂ ਸ਼ਾਂਤ, ਅੱਖਾਂ ਵਿਚ ਉਹੀ ਚਮਕ। ਗੁਰੂ ਜੀ ਨੇ ਬੜੇ ਠਰੰਮੇ ਨਾਲ ਖ਼ੰਜਰ ਬਾਹਰ ਖਿੱਚਿਆ... ਸਿੱਖਾਂ ਨੂੰ ਫੜਾਨ ਲਈ ਵਧਾਇਆ।

ਸਿੱਖਾਂ ਦਾ ਤ੍ਰਾਹ ਨਿਕਲ ਗਿਆ। ਕੁਝ ਸਿਸਕਣ ਲਗ ਪਏ, ਕੁਝ ਗੁਰੂ ਜੀ ਨੂੰ ਸੰਭਾਲਣ ਲਗੇ, ਕੂਝ ਵੈਦ ਵਲ, ਜੱਰਾਹ ਵਲ ਦੌੜੇ। ਚਾਰੇ ਪਾਸੇ ਰੌਲਾ ਪੈ ਗਿਆ।

ਸੰਗਤਾਂ ਇਕੱਠੀਆਂ ਹੋ ਗਈਆਂ। ਬਾਦਸ਼ਾਹ ਬਹਾਦਰ ਸ਼ਾਹ ਦੇ ਦੂਤ ਗੁਰੂ ਦਰਬਾਰ ਵਿਚ ਹਾਜ਼ਰ ਰਹਿੰਦੇ ਸਨ। ਉਹਨਾਂ ਨੂੰ ਖ਼ਬਰ ਲੱਗੀ।

ਉਹਨਾਂ ਨੇ ਝਟ ਬਾਦਸ਼ਾਹ ਵਲ ਆਦਮੀ ਦੁੜ੍ਹਾਏ। ਬਾਦਸ਼ਾਹ ਗੁਰੂ ਜੀ ਦਾ ਸ਼ਰਧਾਲੂ ਬਣ ਚੁਕਾ ਸੀ, ਉਹਨਾਂ ਨਾਲ ਸਨੇਹ ਰਖਦਾ ਸੀ।

ਉਸ ਵੇਲੇ ਸ਼ਾਹੀ ਤਬੀਬ ਤੇ ਜੱਰਾਹ ਨੂੰ ਨੰਦੇੜ ਵਲ ਦੁੜਾਇਆ। ਇਕ ਬੜਾ ਸਿਆਣਾ ਅੰਗਰੇਜ਼ ਡਾਕਟਰ, ਮਿਸਟਰ ਕੋਲ ਬਾਦਸ਼ਾਹ ਦੇ ਦਰਬਾਰ ਵਿਚ ਰਹਿੰਦਾ ਸੀ।

ਬਾਦਸ਼ਾਹ ਨੇ ਉਸ ਨੂੰ ਵੀ ਉਹਨਾਂ ਦੇ ਨਾਲ ਨੰਦੇੜ ਭੇਜਿਆ। ਗੁਰੂ ਜੀ ਦੇ ਜ਼ਖ਼ਮ ਸੀਤੇ ਗਏ। ਦਵਾ ਦਿੱਤੀ ਜਾਣ ਲੱਗੀ।

ਕੁਝ ਦਿਨ ਵਿਚ ਗੁਰੂ ਜੀ ਦੇ ਘਾਉ ਬਹੁਤ ਕੁਝ ਠੀਕ ਹੋ ਗਏ। ਜ਼ਖ਼ਮਾਂ ਤੇ ਅੰਗੂਰ ਆ ਗਿਆ। ਜ਼ਖ਼ਮ ਹੌਲੀ ਹੌਲੀ ਭਰਨ ਲੱਗੇ।

Disclaimer Privacy Policy Contact us About us