ਜੋਤੀ ਜੋਤ ਸਮਾਉਣਾ


ਕੁਛ ਸਮਾਂ ਮਗਰੋਂ ਗੁਰੂ ਜੀ ਦੇ ਜ਼ਖ਼ਮ ਭਰਨ ਲੱਗੇ।

ਗੁਰੂ ਜੀ ਹੁਣ ਦੀਵਾਨ ਵਿਚ ਦਰਸ਼ਨ ਦੇਣ ਲੱਗੇ।

ਸੰਗਤਾਂ ਦੇ ਬੁੱਝੇ ਹੋਏ ਦਿਲ ਫਿਰ ਹਰੇ ਹੋਣ ਲੱਗੇ। ਦੀਵਾਨ ਵਿਚ ਫਿਰ ਪਹਿਲੇ ਵਰਗੀਆਂ ਰੌਣਕਾਂ ਹੋਣ ਲੱਗੀਆਂ। ਸਿੱਖ ਗੁਰੂ ਜੀ ਵਲੋਂ ਕਿਸੇ ਨਵੀਂ ਯੋਜਨਾ, ਨਵੇਂ ਕਾਰਜ-ਕ੍ਰਮ ਦੀ ਆਸ ਕਰਨ ਲੱਗੇ ਜਿਸ ਨਾਲ ਪੰਥ ਹੋਰ ਤੇ ਹੋਰ ਚੜ੍ਹਦੀਆਂ ਕਲਾਂ ਵਿਚ ਹੋਵੇ।

ਪਰ ਅਕਾਲ ਪੁਰਖ ਦਾ ਭਾਣਾ ਕੁਝ ਹੋਰ ਹੀ ਸੀ।

ਇਕ ਦਿਨ ਇਕ ਸਿੱਖ ਇਕ ਬੜੀ ਭਾਰੀ, ਸੁੰਦਰ ਕਮਾਨ ਭੇਟਾ ਦੇ ਰੂਪ ਵਿਚ ਲਿਆਇਆ। ਗੁਰੂ ਜੀ ਵਧੀਆ ਸ਼ਸਤਰਾਂ ਦੇ ਬੜੇ ਕਦਰਦਾਨ ਸਨ। ਵਧੀਆ ਸ਼ਸਤਰਾਂ ਨੂੰ ਵੇਖ ਕੇ ਬੜੇ ਖ਼ੁਸ਼ ਹੁੰਦੇ ਸਨ। ਇਹ ਸੁੰਦਰ ਕਮਾਨ ਵੇਖ ਕੇ ਬੜੇ ਪ੍ਰਸੰਨ ਹੋਏ।

ਕੋਲ ਕੁਝ ਸਿੱਖ ਬੈਠੇ ਸਨ। ਗੁਰੂ ਜੀ ਨੇ ਉਹਨਾਂ ਨੂੰ ਕਮਾਨ ਤੇ ਚਿਲ੍ਹਾ ਚੜਾਉਣ ਲਈ ਕਿਹਾ ਪਰ ਉਹ ਅਸਫਲ ਹੋਏ।

ਉੱਠ ਕੇ ਆਪ ਕਮਾਨ ਫੜ ਲਈ ਤੇ ਤੀਰ ਚੜ੍ਹਾਇਆ ਤੇ ਜ਼ੋਰ ਨਾਲ ਕਮਾਨ ਖਿੱਚ ਕੇ ਛੱਡ ਦਿਤਾ। ਸਿੱਖਾ ਦੇ ਚਿਹਰਿਆਂ ਉਪਰ ਪ੍ਰਸੰਸਾ ਚਮਕ ਪੈਦਾ ਹੋ ਗਈ।

ਪਰ ਗੁਰੂ ਜੀ ਦੇ ਜ਼ਖ਼ਮ ਅੰਦਰੋਂ ਅਜੇ ਅੱਲੇ ਸਨ। ਕਮਾਨ ਖਿੱਚਣ ਨਾਲ ਸਰੀਰ ਵਿਚ ਜੋ ਤਨਾਅ ਪੈਦਾ ਹੋਇਆ, ਉਸ ਨਾਲ ਜ਼ਖ਼ਮਾਂ ਦੇ ਟਾਂਕੇ ਟੁੱਟ ਗਏ, ਘਾਉ ਤੇ ਆਏ ਅੰਗੂਰ ਪਾਟ ਗਏ ਤੇ ਸੁੱਚੇ ਲਹੂ ਦੇ ਤੇਜ਼ ਫੱਰਾਟੇ ਉਹਨਾਂ ਜ਼ਖ਼ਮਾਂ ਵਿਚੋਂ ਵਹਿ ਤੁਰੇ।

ਸਿੱਖ ਘਬਰਾ ਗਏ। ਉਹਨਾਂ ਵਿਚ ਹਰਾਸ ਛਾ ਗਿਆ। ਉਸੇ ਵੇਲੇ ਜ਼ਖ਼ਮ ਸੀਊਣ ਦਾ ਉਪਰਾਲਾ ਕੀਤਾ ਗਿਆ। ਪਰ ਲਹੂ ਬੰਦ ਹੋਣ ਵਿਚ ਨਾ ਆਵੇ।

ਪਰ ਗੁਰੂ ਜੀ ਸ਼ਾਂਤ, ਅਡੋਲ, ਲੇਟੇ ਸਨ। ਐਨਾ ਲਹੂ ਨਿਕਲ ਜਾਣ ਦੇ ਬਾਵਜੂਦ ਚਿਹਰੇ ਤੇ ਉਹੀ ਨੂਰ, ਉਹੀ ਚਮਕ ਮੌਜੂਦ ਸੀ। ਬੁਲ੍ਹਾਂ ਤੇ ਮੁਸਕਰਾਹਟ ਸੀ। ਉਹਨਾਂ ਨੇ ਸਿੱਖਾਂ ਨੂੰ ਹੌਂਸਲਾ ਦਿਤਾ, ਧਰਵਾਸ ਦਿੱਤਾ। ਫਿਰ ਆਪ ਧਿਆਨ ਮਗਨ ਹੋ ਗਏ।

ਗੁਰੂ ਜੀ ਨੇ ਜਾਣ ਲਿਆ ਕਿ ਉਨ੍ਹਾਂ ਦੀ ਅੰਤਮ ਯਾਤਰਾ ਦਾ ਸਮਾਂ ਆ ਗਿਆ ਹੈ। ਰਾਤ ਵੇਲੇ ਆਪ ਨੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਤੇ ਦਸਿਆ ਕਿ ਸਾਨੂੰ ਅਕਾਲ ਪੁਰਖ ਵਲੇਂ ਬੁਲਾਵਾ ਆ ਗਿਆ ਹੈ ਸੋ ਅਸੀਂ ਸਰੀਰ ਤਿਆਗ ਕੇ ਮਹਾਨ ਯਾਤਰਾ ਤੇ ਜਾ ਰਹੇ ਹਾਂ।

ਪਰ ਸਰੀਰ ਤਿਆਗਣ ਤੋਂ ਬਾਅਦ ਵੀ ਅਸੀਂ ਤੁਹਾਥੋਂ ਦੂਰ ਨਹੀਂ ਹੋਵਾਂਗੇ। ਜਿੱਥੇ ਪੰਜ ਸਿੱਖ ਇਕੱਠੇ ਹੋ ਕੇ ਅਰਦਾਸ ਕਰਨਗੇ, ਅਸੀਂ ਉਥੇ ਮੌਜੂਦ ਹੋਵਾਂਗੇ।

ਜਿਹੜਾ ਗੁਰੂ ਗ੍ਰੰਥ ਸਾਹਿਬ ਉਹ ਨਾਲ ਲੈ ਕੇ ਗਏ ਸਨ ਉਸ ਅੱਗੇ ਪੰਜ ਪੈਸੇ, ਪਤਾਸੇ ਅਤੇ ਇਕ ਨਾਰੀਅਲ ਰਖ ਕੇ ਮੱਥਾ ਟੇਕ ਦਿੱਤਾ।

ਉਨ੍ਹਾਂ ਸਭ ਸੰਗਤਾਂ ਨੂੰ ਦਸਿਆ ਕਿ ਅੱਜ ਤੋਂ ਤੁਹਾਡਾ ਸ਼ਬਦੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਵੀ ਪ੍ਰਭੂ ਨੂੰ ਪਾਉਣਾ ਚਾਹੇਗਾ ਅਤੇ ਇਸ ਦੁਨੀਆਂ ਦੇ ਭਵਸਾਗਰ ਨੂੰ ਪਾਰ ਕਰਨ ਦੀ ਲਾਲਸਾ ਕਰੇਗਾ, ਉਹ ਗੁਰੂ ਗ੍ਰੰਥ ਸਾਹਿਬ ਵਿਚੋਂ ਲਏ ਸ਼ਬਦ ਦੇ ਅਭਿਆਸ ਨਾਲ ਪਾਰ ਹੋ ਜਾਵੇਗਾ।

ਉਨ੍ਹਾਂ ਕਿਹਾ ਜਿਹੜਾ ਗੁਰੂ ਗ੍ਰੰਥ ਸਹਿਬ ਦੇ ਦਰਸ਼ਨ ਕਰੇਗਾ, ਉਸ ਨੂੰ ਗੁਰੂ ਸਾਹਿਬ ਦੇ ਭਰਪੂਰ ਦਰਸ਼ਨ ਹੋਣਗੇ।

ਆਪ ਜੀ ਨੇ ਆਗਿਆ ਕੀਤੀ ਕਿ ਸਾਡੇ ਮਗਰੋਂ ਸਾਡਾ ਅੰਗੀਠਾ ਨਹੀਂ ਫੋਲਣਾ ਤੇ ਸਮਾਧ ਨਹੀਂ ਬਣਾਉਣੀ।

ਅੱਜ ਵੀ ਅਰਦਾਸ ਸਮੇਂ ਅਸੀਂ ਗੁਰੁ ਜੀ ਦੇ ਆਦੇਸ਼ ਵਾਲੇ ਉਹ ਵਾਕ ਪੜ੍ਹਦੇ ਹਾਂ ਜਿਨ੍ਹਾਂ ਵਿਚ ਗੁਰੂ ਵਲੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਮੰਨਣ ਦੀ ਆਗਿਆ ਹੋਈ ਹੈ-

'ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ ॥
ਸਭਿ ਸਿੱਖਨਿ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ॥
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੇਹ ॥'

ਇਸ ਤੋਂ ਬਾਅਦ ਆਪ ਜੀ ਨੇ ਸਰਬ ਖ਼ਾਲਸੇ ਨੂੰ ਪਿਆਰ ਨਾਲ ਫ਼ਤਿਹ ਬੁਲਾਈ-

ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ॥

ਤੇ ਇਸ ਤਰ੍ਹਾਂ ਕਲਗ਼ੀਧਰ ਦਸਮੇਸ਼ ਜੀ ਮਹਾਂ ਜੋਤ ਵਿਚ ਸਮਾ ਗਏ।

ਉਸ ਦਿਨ ਕਤਕ ਸੁਦੀ 5, ਸੰਮਤ 1765 ਬਿਕ੍ਰਮੀ (7 ਅਕਤੂਬਰ ਸੰਨ 1708 ਈ:) ਸੀ।

ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ॥

Disclaimer Privacy Policy Contact us About us