ਜੋਤਨਾ ਬਖ਼ਸ਼ਨੀ


ਬਾਲ ਗੋਬਿੰਦ ਬੜੇ ਮਿਠੇ ਤੇ ਹਸੰਦੜੇ ਸੁਭਾ ਦੇ ਸਨ। ਉਹ ਖੇਡਾ ਖੇਡ ਵਿਚ ਨਿੱਕੀਆਂ ਨਿੱਕੀਆਂ ਅਨੋਖੀਆਂ ਖੇਡਾਂ ਕਰ ਜਾਂਦੇ।

ਉਨ੍ਹਾਂ ਦੇ ਗੁਆਂਢ ਵਿਚ ਇਕ ਬੁੱਢੀ ਮਾਈ ਰਹਿੰਦੀ ਸੀ। ਵਿਚਾਰੀ ਕੱਲੀ ਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਜਾਂ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ।

ਇਕ ਦਿਨ ਆਪ ਖੇਡਦੇ ਖੇਡਦੇ ਉਸ ਦੇ ਵਿਹੜੇ ਵਿਚ ਜਾ ਵੜੇ ਤੇ ਬੁੱਢੀ ਮਾਈ ਦੇ ਮੁੱਢੇ ਤੇ ਪੂਣੀਆਂ ਖਿਲਾਰ ਦਿੱਤੀਆਂ।

ਮਾਈ ਬੜੀ ਖਿੱਝੀ ਤੇ ਬੁੜ ਬੁੜ ਕਰਨ ਲੱਗੀ। ਆਪ ਨੂੰ ਉਸ ਦੀ ਖਿੱਝ ਅਤੇ ਬੁੜ ਬੁੜ ਤੋਂ ਅਨੋਖਾ ਜਿਹਾ ਰਸ ਆਇਆ ਤੇ ਰੋਜ਼ ਇਹੀ ਕੌਤਕ ਕਰਨ ਲੱਗੇ।

ਇਕ ਦਿਨ ਮਾਈ ਨੇ ਉਨ੍ਹਾਂ ਨੂੰ ਡਰਾਉਣ ਲਈ ਇਕ ਸੋਟੀ ਕੋਲ ਰੱਖ ਲਈ।

ਪਰ ਆਪ ਕਿਹੜੇ ਘਟ ਸਨ? ਛੋਪਲੇ ਜਿਹੇ ਮਾਈ ਦੇ ਪਿੱਛੇ ਜਾ ਕੇ ਸੋਟੀ ਖਿਸਕਾ ਲਈ ਤੇ ਉਹਦੇ ਨਾਲ ਪੂਨੀਆਂ ਦੀ ਪੱਛੀ ਹਵਾ ਵਿਚ ਉਛਾਲ ਦਿਤੀ ਤੇ ਸੂਤਰ ਦੇ ਗੋਲੇ ਖਿੱਦੂ ਵਾਂਗ ਠਕੋਰਦਿਆਂ ਵਿਹੜੇ ਵਿਚ ਖਿਲਾਰ ਦਿਤੇ ਤੇ ਆਪ ਇਹ ਜਾ, ਔਹ ਜਾ, ੳੇਥੋਂ ਹਰਨ ਹੋ ਗਏ।

ਮਾਈ ਬੜੀ ਛਿੱਥੀ ਪਾਈ ਤੇ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕਰਨ ਲੱਗੀ।

ਆਪ ਮਾਤਾ ਜੀ ਦੀ ਪਿੱਠ ਲੁਕ ਗਏ ਤੇ ਉਨ੍ਹਾਂ ਦੇ ਮੋਢਿਆਂ ਤੋਂ ਝਾਕ ਕੇ ਮਾਈ ਨੂੰ ਦਿਬ ਦ੍ਰਿਸ਼ਟੀ ਨਾਲ ਨਿਹਾਲ ਕਰ ਦਿਤਾ ਤੇ ਜੋਤਨਾ ਬਖ਼ਸ਼ ਦਿਤੀ।

ਮਾਈ ਨੂੰ ਜਦ ਜੋਤਨਾ ਮਿਲੀ ਤੇ ਉਹ ਬਾਲ ਗੋਬਿੰਦ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਈ ਅਤੇ ਅਸੀਸਾਂ ਦਿੰਦੀ ਹੋਈ ਵਾਰਨੇ ਤੇ ਕੁਰਬਾਨ ਜਾਣ ਲਗੀ।

ਮਾਤਾ ਜੀ ਇਹ ਮਾਸੂਮ ਕੌਤਕ ਵੇਖ ਵੇਖ ਹੈਰਾਨ ਹੋਏ।

Disclaimer Privacy Policy Contact us About us