ਆਰੰਭਕ ਜੀਵਨ


ਗੁਰੂ ਹਰਿ ਰਾਇ ਸਾਹਿਬ ਜੀ ਦਾ ਜਨਮ ਕੀਰਤਪੁਰ ਨਗਰ ਵਿਚ ਹੋਇਆ। ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜ ਸਾਹਿਬਜ਼ਾਦੇ ਸਨ। ਉਨ੍ਹਾਂ ਵਿਚ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ।

ਭਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ। ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਧੀਰ ਮਲ ਸੀ। ਜਦ ਗੁਰੂ ਹਰਿ ਰਾਇ ਜੀ ਨੇ ਅਵਤਾਰ ਧਾਰਿਆ ਤਾਂ ਗੁਰੂ ਹਰਿਗੋਬਿੰਦ ਜੀ ਉਸ ਸਮੇਂ ਅੰਮ੍ਰਿਤਸਰ ਵਿਚ ਸਨ।

ਜਦ ਆਪ ਜੀ ਨੂੰ ਬਾਲਕ ਦੇ ਜਨਮ ਦੀ ਖ਼ਬਰ ਸੁਣਾਈ ਗਈ ਤਾਂ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਖ਼ੁਸ਼ੀ ਦੀ ਲਹਿਰ ਵਿਚ ਬੋਲੇ, 'ਵੱਡੀ ਚੀਜ਼ ਦਾ ਗਾਹਕ ਆਇਆ ਹੈ'।

ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਦਿਨਾਂ ਬਾਅਦ ਕੀਰਤਪੁਰ ਪਹੁੰਚ ਗਏ। ਉਹ ਏਨੇ ਪ੍ਰਸੰਨ ਸਨ ਕਿ ਰਾਹ ਵਿਚ ਸੰਗਤਾਂ ਨੂੰ ਨਿਹਾਲ ਕਰਦੇ, ਗਰੀਬਾਂ ਨੂੰ ਮਾਇਆ ਵਣਡਦੇ ਜਾ ਰਹੇ ਸਨ।

ਕੀਰਤਪੁਰ ਪੁੱਜ ਕੇ ਉਹ ਪਹਿਲਾਂ ਬਾਲਕ ਦੇ ਕਮਰੇ ਵਿਚ ਗਏ। ਉਹ ਕਾਫ਼ੀ ਸਮਾਂ ਬਾਲਕ ਦੇ ਸੁੰਦਰ ਮੁਖੜੇ ਵੱਲ ਵੇਖਦੇ ਰਹੇ।

ਫਿਰ ਉਨ੍ਹਾਂ ਨੇ ਬਾਲਕ ਨੂੰ ਗੋਦ ਵਿਚ ਚੁੱਕ ਲਿਆ ਅਤੇ ਲੋਰੀ ਦਿੰਦੇ ਹੋਏ, ਕਈ ਵਰ ਦਿਤੇ।

ਉਨ੍ਹਾਂ ਕਿਹਾ, 'ਇਹ ਬਾਲਕ ਆਪ ਹਰੀ ਦਾ ਰੂਪ ਹੈ ਇਸ ਲਈ ਇਸ ਦਾ ਨਾਂ ਵੀ ਹਰਿ ਰਾਇ ਹੀ ਰਖਿਆ ਜਾਵੇ'। ਬਾਲਕ ਨੂੰ ਵਰ ਦਿੰਦਿਆਂ ਉਨ੍ਹਾਂ ਫ਼ਰਮਾਇਆ, 'ਇਹ ਬਾਲਕ ਇਸ ਸੰਸਾਰ ਵਿਚ ਧਰਤੀ ਦਾ ਭਾਰ ਹੌਲਾ ਕਰਨ ਆਇਆ ਹੈ'।

ਮਾਤਾ ਰਾਜ ਕੌਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਈ। ਬਾਬਾ ਗੁਰਦਿੱਤਾ ਜੀ ਤਾਂ ਬਾਲਕ ਦੇ ਇਲਾਹੀ ਚਿਹਰੇ ਨੂੰ ਵੇਖ ਵੇਖ ਕੇ ਨਿਹਾਲ ਹੋ ਰਹੇ ਸਨ। ਬਾਲਕ ਦੇ ਪਿਆਰ ਦੇ ਖਿੱਚੇ ਹੋਏ ਗੁਰੂ ਜੀ ਦੋ ਮਹੀਨੇ ਕੀਰਤਪੁਰ ਠਹਿਰੇ।

ਦੂਰ ਦੂਰ ਤੋਂ ਸੰਗਤਾਂ ਵਧਾਈਆਂ ਦੇਣ ਆਉਂਦੀਆਂ, ਰੋਜ਼ ਸਤਸੰਗ ਹੁੰਦਾ ਅਤੇ ਗੁਰੂ ਦਾ ਅਤੁੱਟ ਲੰਗਰ ਚਲਦਾ ਰਹਿੰਦਾ। ਦੋ ਮਹੀਨੇ ਕੀਰਤਪੁਰ ਠਹਿਰ ਕੇ ਗੁਰੂ ਹਰਿਗੋਬਿੰਦ ਸਾਹਿਬ ਡਰੋਲੀ ਚਲੇ ਗਏ।

ਬਾਬਾ ਗੁਰਦਿੱਤਾ ਜੀ ਬਾਲਕ ਦੇ ਪਾਲਣ ਪੋਸਣ ਦਾ ਕੰਮ ਬੜੇ ਧਿਆਂਨ ਨਾਲ ਕਰ ਰਹੇ ਸਨ। ਉਹ ਜਿਥੇ ਕੀਰਤਪੁਰ ਨਗਰ ਨੂੰ ਸੁੰਦਰ ਬਣਾਉਣ ਵਿਚ ਲੱਗੇ ਹੋਏ ਸਨ, ਉਥੇ ਬਾਲਕ (ਗੁਰੂ) ਹਰਿ ਰਾਇ ਸਾਹਿਬ ਵੱਲ ਵੀ ਪੂਰਾ ਧਿਆਨ ਦਿੰਦੇ ਸਨ।

ਬਾਲਕ (ਗੁਰੂ) ਹਰਿਰਾਇ ਜੀ ਦੀ ਪੜ੍ਹਾਈ ਸਿਖਲਾਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਵਿਚ ਹੋਈ।

ਗੁਰੂ ਜੀ ਨੇ ਆਪਣੇ ਇਸ ਹੋਣਹਾਰ ਪੋਤਰੇ ਨੂੰ ਧਾਰਮਕ ਵਿਦਿਆ ਅਤੇ ਗੁਰਬਾਣੀ ਵਿਚਾਰ ਦੇ ਨਾਲ ਨਾਲ ਸ਼ਸਤਰ ਵਿਦਿਆ ਤੇ ਯੁੱਧ ਦੇ ਹੋਰ ਸਾਰੇ ਕਰਤਵਾਂ ਦੀ ਸਿਖਲਾਈ ਵੀ ਦੁਆਈ।

ਸਰੀਰ ਵਲੋਂ ਸਾਹਿਬਜ਼ਾਦਾ ਹਰਿਰਾਇ ਜੀ ਬੜੇ ਤਕੜੇ ਤੇ ਬਲਵਾਨ ਸਨ ਤੇ ਇਰਾਦੇ ਦੇ ਦ੍ਰਿੜ੍ਹ ਪਰ ਸੁਭਾਅ ਵਲੋਂ ਬੜੇ ਸ਼ਾਂਤ, ਸਾਧ ਬਿਰਤੀ ਵਾਲੇ ਤੇ ਕੋਮਲ ਚਿਤ ਸਨ।

ਇਹ ਵਿਰੋਧਾਭਾਸ ਇਹਨਾਂ ਦੀ ਸ਼ਖ਼ਸੀਅਤ ਦੀ ਵਿਲੱਖਣਤਾ ਸੀ।

Disclaimer Privacy Policy Contact us About us