ਦਾਰਾ ਸ਼ਿਕੋਹ


ਇਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਵਡਾ ਪੁੱਤਰ ਦਾਰਾ ਸ਼ਿਕੋਹ ਸਖ਼ਤ ਬੀਮਾਰ ਹੋ ਗਿਆ। ਸ਼ਾਹੀ ਹਕੀਮ ਨੇ ਇਕ ਖ਼ਾਸ ਕਿਸਮ ਤੇ ਵਜ਼ਨ ਦੀ ਹਰੜ ਤੇ ਲੌਂਗ ਦਵਾਈ ਲਈ ਤਜਵੀਜ਼ ਕੀਤੀ।

ਸ਼ਭ ਜਗ੍ਹਾ ਇਨ੍ਹਾਂ ਦੀ ਭਾਲ ਹੋਈ ਪਰ ਇਹ ਵਸਤਾਂ ਕਿਤਿਉਂ ਨਾ ਮਿਲੀਆਂ। ਅੰਤ ਕਿਸੇ ਨੇ ਬਾਦਸ਼ਾਹ ਨੂੰ ਗੁਰੂ ਜੀ ਦੇ ਦਵਾਖ਼ਾਨੇ ਦੀ ਦੱਸ ਪਾਈ।

ਸ਼ਾਹ ਜਹਾਨ ਪਹਿਲਾਂ ਤਾਂ ਝੱਕਿਆ, 'ਕਿ ਮੇਰੀ ਤਾਂ ਗੁਰੂ ਘਰ ਨਾਲ ਦੁਸ਼ਮਣੀ ਰਹੀ ਹੈ, ਮੈਂ ਕਿਸ ਮੂੰਹ ਉਹਨਾਂ ਪਾਸੋਂ ਮੰਗ ਕਰਾਂ? ਨਾਲੇ ਉਹ ਇਹ ਵਸਤਾਂ ਮੈਨੂੰ ਦੇਣ ਵੀ ਕਦੋਂ ਲੱਗੇ ਹਨ'।

ਪਰ ਫੇਰ ਕਿਸੇ ਨੇਕ ਆਤਮਾ ਬੰਦੇ ਦੇ ਸਲਾਹ ਦੇਣ ਤੇ ਉਸ ਨੇ ਆਦਮੀ ਨੂੰ ਖ਼ਤ ਦੇ ਕੇ ਗੁਰੂ ਜੀ ਵਲ ਰਵਾਨਾ ਕਰ ਹੀ ਦਿੱਤਾ।

ਗੁਰੂ ਘਰ ਦੀ ਤਾਂ ਰੀਤ ਹੀ ‘ਬੁਰੇ ਦਾ ਭਲਾ ਕਰ' ਚਲੀ ਆਉਂਦੀ ਸੀ। ਸੋ ਖ਼ਤ ਮਿਲਣ ਤੇ ਸ੍ਰੀ ਗੁਰੂ ਹਰਿ ਰਾਇ ਜੀ ਨੇ ਲੁੜੀਂਦੇ ਵਜ਼ਨ ਤੇ ਪ੍ਰਕਾਰ ਦੀ ਹਰੜ ਤੇ ਲੌਂਗ ਦੇ ਦਿੱਤੇ।

ਨਾਲ ਹੀ ਇਕ ਨਗ ਮੋਤੀ ਵੀ ਭੇਜਿਆ ਤੇ ਆਖਿਆ ਕਿ ਇਸ ਨੂੰ ਪੀਹ ਕੇ ਦਵਾਈ ਦੇ ਨਾਲ ਹੀ ਦੇਣਾ। ਦਵਾਈ ਵਧੇਰੇ ਅਸਰ ਕਰੇਗੀ।

ਦਵਾਈ ਖਾਣ ਨਾਲ ਦਾਰਾ ਸ਼ਿਕੋਹ ਰਾਜ਼ੀ ਹੋ ਗਿਆ। ਉਹ ਚਲ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਗੁਰੂ ਜੀ ਦੇ ਬਚਣ ਸੁਣ ਕੇ ਅਤੇ ਗੁਰਸਿੱਖਾਂ ਦੀ ਰਹਿਣੀ ਤੇ ਬਹਿਣੀ ਤੱਕ ਕੇ ਉਹ ਬੜਾ ਪ੍ਰਭਾਵਤ ਹੋਇਆ।

Disclaimer Privacy Policy Contact us About us